ਲੁਧਿਆਣਾ ’ਚ ਕਾਰ ਸਵਾਰ ਦੀ ਗੋਲੀ ਮਾਰ ਕੇ ਹੱਤਿਆ, ਵਰਨਾ ਸਵਾਰ ਹਮਲਾਵਰ ਫਰਾਰ

ਮੁੱਲਾਂਪੁਰ, 3 ਅਕਤੂਬਰ (ਅਰਸ਼ਦੀਪ ਸਿੰਘ ਕਾਲੜਾ) : ਲੁਧਿਆਣਾ ਦੇ ਮੁੱਲਾਂਪੁਰ ਕਸਬੇ ਵਿੱਚ ਸ਼ੁੱਕਰਵਾਰ ਦੇਰ ਰਾਤ ਚਿੱਟੀ i20 ਕਾਰ ਸਵਾਰ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਵਾਰਦਾਤ ਖੰਜਰਵਾਲ ਪਿੰਡ ਨੂੰ ਜਾਣ ਵਾਲੀ ਸੜਕ ’ਤੇ ਵਾਪਰੀ। ਗੋਲੀਬਾਰੀ ਤੋਂ ਬਾਅਦ i20 ਕਾਰ ਬੇਕਾਬੂ ਹੋ ਕੇ ਇੱਕ ਖੰਭੇ ਨਾਲ ਜਾ ਟਕਰਾਈ।

ਮ੍ਰਿਤਕ ਦੀ ਪਛਾਣ ਭੁੰਦਰੀ ਵਾਸੀ ਲਾਡੀ ਖਾਨ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਲਾਡੀ ਖਾਨ ਚਿੱਟੀ i20 ਕਾਰ ਵਿੱਚ ਮਾਜਰੀ ਪਿੰਡ ਵੱਲ ਜਾ ਰਿਹਾ ਸੀ। ਇਸ ਦੌਰਾਨ ਵਰਨਾ ਕਾਰ ਵਿੱਚ ਸਵਾਰ ਕੁਝ ਹਮਲਾਵਰਾਂ ਨੇ ਉਸ ਦੀ ਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਗੋਲੀਆਂ ਚਲਾ ਦਿੱਤੀਆਂ। ਹਮਲੇ ਵਿੱਚ ਲਾਡੀ ਖਾਨ ਦੀ ਮੌਤ ਹੋ ਗਈ।

ਇਸੇ ਕਾਰ ਵਿੱਚ ਮਾਜਰੀ ਦਾ ਰਹਿਣ ਵਾਲਾ ਰੋਹਿਤ ਉਰਫ਼ ਬਿੱਲਾ ਵੀ ਸਵਾਰ ਸੀ। ਹਨੇਰੇ ਦਾ ਫਾਇਦਾ ਚੁੱਕਦਿਆਂ ਉਹ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਰਿਹਾ।

ਘਟਨਾ ਦੀ ਸੂਚਨਾ ਮਿਲਦੇ ਹੀ ਐਸ.ਪੀ. (ਡੀ) ਸਵਰਨਜੀਤ ਸਿੰਘ ਅਤੇ ਐਸ.ਐਚ.ਓ. ਨਿਰਮਲਜੀਤ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ।

ਪੁਲਿਸ ਵੱਲੋਂ ਮੌਕੇ ਅਤੇ ਆਸ-ਪਾਸ ਦੇ ਇਲਾਕੇ ਦੀ ਸੀ.ਸੀ.ਟੀ.ਵੀ. ਫੁਟੇਜ ਖੰਗਾਲੀ ਜਾ ਰਹੀ ਹੈ। ਹਮਲਾਵਰਾਂ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ। ਫਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਟੀਮਾਂ ਦਾ ਗਠਨ ਕਰਕੇ ਜਾਂਚ ਤੇਜ਼ ਕਰ ਦਿੱਤੀ ਗਈ ਹੈ।