ਲੁਧਿਆਣਾ (ਅਰਸ਼ਦੀਪ ਸਿੰਘ ਕਾਲੜਾ) : ਜ਼ਿਲ੍ਹਾ ਮੰਡੀ ਬੋਰਡ ਅਧੀਨ ਆਉਂਦੀ ਲੁਧਿਆਣਾ ਦੀ ਸਬਜ਼ੀ ਮੰਡੀ ਵਿੱਚ ਕੂੜੇ ਦੇ ਮਾੜੇ ਪ੍ਰਬੰਧਨ ਅਤੇ ਦੂਸ਼ਿਤ ਪਾਣੀ ਦੇ ਨਿਪਟਾਰੇ ਨੂੰ ਲੈ ਕੇ ਮੁੜ ਸਵਾਲ ਖੜ੍ਹੇ ਹੋ ਗਏ ਹਨ। ਸਾਲ 2025 ਵਿੱਚ ਵਾਤਾਵਰਨ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਮਾਰਕੀਟ ਕਮੇਟੀ ’ਤੇ 10 ਲੱਖ 29 ਹਜ਼ਾਰ ਰੁਪਏ ਦਾ ਵਾਤਾਵਰਨ ਮੁਆਵਜ਼ਾ ਲਗਾਇਆ ਗਿਆ ਸੀ। ਇਸ ਦੇ ਬਾਵਜੂਦ ਮੰਡੀ ਵਿੱਚ ਸਫ਼ਾਈ ਪ੍ਰਬੰਧਾਂ ਨੂੰ ਲੈ ਕੇ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ।

ਮੰਡੀ ਦੇ ਦੌਰੇ ਦੌਰਾਨ ਵੱਖ-ਵੱਖ ਥਾਵਾਂ ’ਤੇ ਖ਼ਰਾਬ ਸਬਜ਼ੀਆਂ, ਫਲਾਂ, ਨਾਰੀਅਲ ਅਤੇ ਹੋਰ ਕੂੜੇ ਦੇ ਢੇਰ ਦੇਖਣ ਨੂੰ ਮਿਲੇ। ਇਸ ਤੋਂ ਇਲਾਵਾ ਕੰਪੈਕਟਰਾਂ ਵਿੱਚ ਗਿੱਲੇ ਕੂੜੇ ਨੂੰ ਦਬਾਉਣ ਤੋਂ ਬਾਅਦ ਨਿਕਲਣ ਵਾਲੇ ਦੂਸ਼ਿਤ ਤਰਲ ਨੂੰ ਕਥਿਤ ਤੌਰ ’ਤੇ ਬਿਨਾਂ ਟਰੀਟਮੈਂਟ ਦੇ ਨੇੜਲੇ ਖਾਲੀ ਪਲਾਟਾਂ ਵਿੱਚ ਛੱਡੇ ਜਾਣ ਦੇ ਦੋਸ਼ ਵੀ ਲੱਗੇ ਹਨ।

ਰੋਜ਼ਾਨਾ 20 ਟਨ ਕੂੜੇ ਦੇ ਨਿਪਟਾਰੇ ਦਾ ਠੇਕਾ

ਮਿਲੀ ਜਾਣਕਾਰੀ ਅਨੁਸਾਰ, ਸਬਜ਼ੀ ਮੰਡੀ ਵਿੱਚ ਰੋਜ਼ਾਨਾ ਵੱਡੀ ਮਾਤਰਾ ਵਿੱਚ ਸਬਜ਼ੀਆਂ ਅਤੇ ਫਲਾਂ ਦਾ ਕੂੜਾ ਪੈਦਾ ਹੁੰਦਾ ਹੈ। ਮੰਡੀ ਦੀ ਸਫ਼ਾਈ ਅਤੇ ਰੋਜ਼ਾਨਾ ਲਗਭਗ 20 ਟਨ ਕੂੜੇ ਦੇ ਨਿਪਟਾਰੇ ਦਾ ਠੇਕਾ ਭਗਵਤੀ ਟਰੇਡਰ ਕੋਲ ਹੈ। ਇਕੱਠੇ ਕੀਤੇ ਕੂੜੇ ਨੂੰ ਮੰਡੀ ਵਿੱਚ ਲੱਗੇ ਕੰਪੈਕਟਰਾਂ ਰਾਹੀਂ ਦਬਾਉਣ ਤੋਂ ਬਾਅਦ ਤਾਜਪੁਰ ਰੋਡ ਸਥਿਤ ਠੋਸ ਰਹਿੰਦ-ਖੂੰਹਦ ਨਿਪਟਾਰਾ ਪਲਾਂਟ ਵਿੱਚ ਲਿਜਾਇਆ ਜਾਂਦਾ ਹੈ।

ਹਾਲਾਂਕਿ, ਕੂੜੇ ਨੂੰ ਦਬਾਉਣ ਦੌਰਾਨ ਨਿਕਲਣ ਵਾਲੇ ਦੂਸ਼ਿਤ ਤਰਲ ਦੀ ਸੰਭਾਲ ਅਤੇ ਨਿਪਟਾਰੇ ਨੂੰ ਲੈ ਕੇ ਸਵਾਲ ਉੱਠ ਰਹੇ ਹਨ। ਜੇਕਰ ਦੂਸ਼ਿਤ ਪਾਣੀ ਨੂੰ ਬਿਨਾਂ ਟਰੀਟਮੈਂਟ ਦੇ ਖੁੱਲ੍ਹੇ ਪਲਾਟਾਂ ਵਿੱਚ ਛੱਡਣ ਦੇ ਦੋਸ਼ ਸਹੀ ਪਾਏ ਜਾਂਦੇ ਹਨ, ਤਾਂ ਇਸ ਨਾਲ ਵਾਤਾਵਰਨ ਅਤੇ ਨੇੜਲੇ ਰਿਹਾਇਸ਼ੀ ਇਲਾਕਿਆਂ ’ਤੇ ਪੈਣ ਵਾਲੇ ਸੰਭਾਵੀ ਪ੍ਰਭਾਵਾਂ ਦੀ ਜਾਂਚ ਕਰਨੀ ਵੀ ਜ਼ਰੂਰੀ ਹੋਵੇਗੀ।

ਜਾਂਚ ਮਗਰੋਂ ਸਖ਼ਤ ਕਾਰਵਾਈ ਦਾ ਭਰੋਸਾ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਰੀਜਨਲ ਦਫ਼ਤਰ-3 ਵਿੱਚ ਤਾਇਨਾਤ ਐਸਡੀਓ ਲਵਿੰਦਰ ਮਾਨ ਨੇ ਦੱਸਿਆ ਕਿ ਸਾਲ 2025 ਵਿੱਚ ਸਬਜ਼ੀ ਮੰਡੀ ਵਿੱਚ ਕੂੜੇ ਦੇ ਪ੍ਰਬੰਧਨ ਸਬੰਧੀ ਵਾਤਾਵਰਨ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਮਾਰਕੀਟ ਕਮੇਟੀ ’ਤੇ 10 ਲੱਖ 29 ਹਜ਼ਾਰ ਰੁਪਏ ਦਾ ਵਾਤਾਵਰਨ ਮੁਆਵਜ਼ਾ ਲਗਾਇਆ ਗਿਆ ਸੀ।

ਉਨ੍ਹਾਂ ਕਿਹਾ ਕਿ ਹੁਣ ਕੂੜੇ ਦੇ ਨਿਪਟਾਰੇ ਅਤੇ ਕੰਪੈਕਟਰਾਂ ਵਿੱਚੋਂ ਨਿਕਲਣ ਵਾਲੇ ਦੂਸ਼ਿਤ ਪਾਣੀ ਨੂੰ ਖੁੱਲ੍ਹੇ ਪਲਾਟਾਂ ਵਿੱਚ ਛੱਡੇ ਜਾਣ ਦਾ ਮਾਮਲਾ ਗੰਭੀਰ ਹੈ। ਇਸ ਦੀ ਜਾਂਚ ਕਰਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਲਦ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਰਿਹਾਇਸ਼ੀ ਇਲਾਕੇ ਦੇ ਕੂੜੇ ਕਾਰਨ ਵਿਗੜੀ ਮੰਡੀ ਦੀ ਸਫ਼ਾਈ: ਗੁਰਜੀਤ ਸਿੰਘ ਗਿੱਲ

ਮੰਡੀ ਬੋਰਡ ਦੇ ਚੇਅਰਮੈਨ ਗੁਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਸਬਜ਼ੀ ਮੰਡੀ ਵਿੱਚ ਕੂੜੇ ਦੇ ਢੇਰਾਂ ਸਬੰਧੀ ਸ਼ਿਕਾਇਤਾਂ ਮਿਲਣ ਤੋਂ ਬਾਅਦ ਉਨ੍ਹਾਂ ਵੱਲੋਂ ਦੇਰ ਰਾਤ ਅਚਨਚੇਤ ਜਾਂਚ ਕੀਤੀ ਗਈ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਨਗਰ ਨਿਗਮ ਵੱਲੋਂ ਮੰਡੀ ਬੋਰਡ ਦੇ ਸਹਿਯੋਗ ਨਾਲ ਲਗਾਏ ਗਏ ਸੱਤ ਕੰਪੈਕਟਰਾਂ ਵਿੱਚ ਪਹਿਲਾਂ ਨੇੜਲੇ ਰਿਹਾਇਸ਼ੀ ਇਲਾਕੇ ਦਾ ਕੂੜਾ ਦਬਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਸੀ। ਇਸ ਕਾਰਨ ਸਬਜ਼ੀ ਮੰਡੀ ਦਾ ਕੂੜਾ ਇਕੱਠਾ ਹੋਣ ਦੀ ਸਮੱਸਿਆ ਪੈਦਾ ਹੋ ਰਹੀ ਸੀ।

ਉਨ੍ਹਾਂ ਦੱਸਿਆ ਕਿ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਪਹਿਲਾਂ ਸਬਜ਼ੀ ਮੰਡੀ ਵਿੱਚੋਂ ਨਿਕਲਣ ਵਾਲੇ ਕੂੜੇ ਨੂੰ ਕੰਪੈਕਟ ਕੀਤਾ ਜਾਵੇ। ਕੰਪੈਕਟਰਾਂ ਵਿੱਚੋਂ ਨਿਕਲਣ ਵਾਲੇ ਦੂਸ਼ਿਤ ਪਾਣੀ ਦੇ ਨਿਪਟਾਰੇ ਬਾਰੇ ਉਨ੍ਹਾਂ ਕਿਹਾ ਕਿ ਇਸ ਦੇ ਟਰੀਟਮੈਂਟ ਲਈ ਪਲਾਂਟ ਲਗਾਉਣ ਵਾਸਤੇ ਸਬੰਧਤ ਵਿਭਾਗਾਂ ਨੂੰ ਜਲਦ ਪੱਤਰ ਲਿਖਿਆ ਜਾਵੇਗਾ।

ਹੁਣ ਦੇਖਣਾ ਹੋਵੇਗਾ ਕਿ ਸਬੰਧਤ ਵਿਭਾਗ ਕੂੜੇ ਦੇ ਢੁੱਕਵੇਂ ਨਿਪਟਾਰੇ, ਦੂਸ਼ਿਤ ਪਾਣੀ ਦੇ ਟਰੀਟਮੈਂਟ ਅਤੇ ਮੰਡੀ ਦੀ ਸਫ਼ਾਈ ਨੂੰ ਯਕੀਨੀ ਬਣਾਉਣ ਲਈ ਕੀ ਕਦਮ ਚੁੱਕਦੇ ਹਨ।