ਕੌਂਸਲਰ ਮਨਜੀਤ ਸਿੰਘ ਟੀਟੂ ਬੋਲੇ-ਸਮਾਰਟ ਸਿਟੀ ਘਪਲੇ ਦੀ ਵਿਜੀਲੈਂਸ ਜਾਂਚ ਕਰਵਾਓ

    ਸ਼ਹਿਰ ਵਿਚ ਨਵੇਂ ਮੇਅਰ ਦੀ ਨਿਯੁਕਤੀ ਹੋ ਚੁੱਕੀ ਹੈ ਅਤੇ ਮੇਅਰ ਅਹੁਦੇ ਦੀ ਕਮਾਨ ਆਮ ਆਦਮੀ ਪਾਰਟੀ ਦੇ ਆਗੂ ਵਿਨੀਤ ਧੀਰ ਨੂੰ ਸੌਂਪ ਦਿੱਤੀ ਗਈ ਹੈ। ਉਥੇ ਹੀ, ਇਸਦੇ ਨਾਲ ਸ਼ਹਿਰ ਵਿਚ ਭਾਰਤੀ ਜਨਤਾ ਪਾਰਟੀ ਵੀ ਐਕਟਿਵ ਹੋ ਗਈ ਹੈ। ਵਾਰਡ ਨੰਬਰ 50 ਤੋਂ ਨਵੇਂ ਭਾਜਪਾ ਕੌਂਸਲਰ ਮਨਜੀਤ ਸਿੰਘ ਟੀਟੂ ਨੇ ਕਿਹਾ ਕਿ ਵਿਨੀਤ ਧੀਰ ਨੂੰ ਜੋ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ, ਨੂੰ ਉਨ੍ਹਾਂ ਨੂੰ ਲਗਨ ਨਾਲ ਨਿਭਾਉਣਾ ਹੋਵੇਗਾ, ਅਸੀਂ ਵੀ ਉਨ੍ਹਾਂ ਦੇ ਨਾਲ ਹਾਂ। ਉਨ੍ਹਾਂ ਕਿਹਾ ਕਿ ਮੇਅਰ ਇਕੱਲੇ ਆਮ ਆਦਮੀ ਪਾਰਟੀ ਦੇ ਨਹੀਂ ਹਨ, ਉਹ ਪੂਰੇ ਸ਼ਹਿਰ ਦੇ ਮੇਅਰ ਹਨ। ਜੇਕਰ ਉਹ ਸਹੀ ਢੰਗ ਨਾਲ ਕੰਮ ਕਰਨਗੇ ਤਾਂ ਪਾਰਟੀ ਉਨ੍ਹਾਂ ਦੇ ਨਾਲ ਹੈ ਅਤੇ ਜੇਕਰ ਉਮੀਦਾਂ ‘ਤੇ ਖਰੇ ਨਾ ਉਤਰੇ ਤਾਂ ਜ਼ਰੂਰ ਵਿਰੋਧ ਹੋਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਪਿਛਲੇ 3 ਸਾਲਾਂ ਤੋਂ ਜੋ ਦੁਰਦਸ਼ਾ ਬਣੀ ਹੋਈ ਹੈ, ਉਸ ਦੇ ਪ੍ਰਤੀ ਮੇਅਰ ਨੂੰ ਵਿਸ਼ੇਸ਼ ਧਿਆਨ ਰੱਖਣਾ ਹੋਵੇਗਾ। ਜੇਕਰ ਉਹ ਵੀ ਪੁਰਾਣੇ ਮੇਅਰਾਂ ਵਾਂਗ ਸ਼ਹਿਰ ਦੀ ਅਣਦੇਖੀ ਕਰਦੇ ਹਨ ਤਾਂ ਭਾਜਪਾ ਜ਼ਰੂਰ ਉਨ੍ਹਾਂ ਦਾ ਵਿਰੋਧ ਕਰੇਗੀ।

    ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਸੀਵਰੇਜ ਵਿਵਸਥਾ ਦਾ ਬਹੁਤ ਹੀ ਬੁਰਾ ਹਾਲ ਹੈ। ਸ਼ਹਿਰ ਦੀ ਆਬਾਦੀ ਪਹਿਲਾਂ 10 ਲੱਖ ਸੀ, ਜੋ ਹੁਣ ਵਧ ਕੇ 12 ਤੋਂ 15 ਲੱਖ ਹੋ ਚੁੱਕੀ ਹੈ ਪਰ ਸੀਵਰੇਜ ਵਿਵਸਥਾ ਨੂੰ ਦਰੁੱਸਤ ਹੀ ਨਹੀਂ ਕੀਤਾ ਗਿਆ। ਇਸ ਸਮੱਸਿਆ ਵੱਲ ਪਹਿਲੇ ਮੇਅਰਾਂ ਨੇ ਕਦੀ ਧਿਆਨ ਹੀ ਨਹੀਂ ਦਿੱਤਾ। ਹੁਣ ਨਵੇਂ ਮੇਅਰ ਨੂੰ ਸ਼ਹਿਰ ਵਿਚ ਸੀਵਰੇਜ, ਪਾਣੀ ਅਤੇ ਸਟਰੀਟ ਲਾਈਟਾਂ ਵੱਲ ਮੁੱਖ ਰੂਪ ਨਾਲ ਧਿਆਨ ਦੇਣਾ ਹੋਵੇਗਾ। ਸਮਾਰਟ ਸਿਟੀ ਪ੍ਰਾਜੈਕਟ ਤਹਿਤ ਆਏ ਪੈਸੇ ‘ਤੇ ਉਨ੍ਹਾਂ ਕਿਹਾ ਕਿ ਕੇਂਦਰ ਨੇ ਜੋ ਪੈਸਾ ਸ਼ਹਿਰ ਨੂੰ ਸਮਾਰਟ ਸਿਟੀ ਤਹਿਤ ਭੇਜਿਆ ਸੀ, ਜੇਕਰ ਉਸ ਪੈਸੇ ਦੀ ਸਹੀ ਵਰਤੋਂ ਹੁੰਦੀ ਤਾਂ ਅੱਜ ਸ਼ਹਿਰ ਦੀ ਨੁਹਾਰ ਬਦਲ ਗਈ ਹੁੰਦੀ। ਸਮਾਰਟ ਸਿਟੀ ਤਹਿਤ ਹੋਏ ਘਪਲੇ ਦੀ ਮੇਅਰ ਵਿਜੀਲੈਂਸ ਤੋਂ ਜਾਂਚ ਕਰਵਾਉਣ ਅਤੇ ਦੋਸ਼ੀਆਂ ‘ਤੇ ਕਾਰਵਾਈ ਕਰਨ। ਉਨ੍ਹਾਂ ਕਿਹਾ ਕਿ ਅੱਜ ਸ਼ਹਿਰ ਦੀ ਸਥਿਤੀ ਬਹੁਤ ਹੀ ਤਰਸਯੋਗ ਹੈ।

    ਸ਼ਹਿਰ ਦੀ 120 ਫੁੱਟੀ ਰੋਡ ਅਤੇ 66 ਫੁੱਟੀ ਰੋਡ ਆਦਿ ਸੜਕਾਂ ਦੀ ਹਾਲਤ ਅਜਿਹੀ ਹੈ ਕਿ ਥੋੜ੍ਹੀ ਜਿਹੀ ਬਰਸਾਤ ਵਿਚ ਹੀ ਸੜਕਾਂ ‘ਤੇ ਪਾਣੀ ਜਮ੍ਹਾ ਹੋ ਜਾਂਦਾ ਹੈ। ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਉਨ ਵਿਚ ਸੜਕਾਂ ਦੀ ਹਾਲਤ ਖਰਾਬ ਹੈ। ਹੁਣ ਨਵੇਂ ਮੇਅਰ ਨੂੰ ਇਨ੍ਹਾਂ ਸੜਕਾਂ ਵੱਲ ਧਿਆਨ ਦੇਣਾ ਹੋਵੇਗਾ ਤੇ ਨਵਾਂ ਰੋਡਮੈਪ ਤਿਆਰ ਕਰਨਾ ਹੋਵੇਗਾ। ਭਾਜਪਾ ਕੌਂਸਲਰ ਟੀਟੂ ਨੇ ਸ਼ਹਿਰ ਵਿਚ ਟ੍ਰੈਫਿਕ ਸਮੱਸਿਆ ‘ਤੇ ਵੀ ਡੂੰਘੀ ਚਿੰਤਾ ਪ੍ਰਗਟਾਈ। ਮੇਅਰ ਬਣਾਉਣ ਲਈ ਹੋਏ ਜੋੜ-ਤੋੜ ਦੀ ਨੀਤੀ ‘ਤੇ ਟੀਟੂ ਨੇ ਕਿਹਾ ਕਿ ਅਜਿਹਾ ਬਿਲਕੁਲ ਨਹੀਂ ਹੋਣਾ ਚਾਹੀਦਾ ਸੀ। ਜੇਕਰ ਕਿਸੇ ਪਾਰਟੀ ਨੇ ਉਮੀਦ ਨਾਲ ਕਿਸੇ ਨੂੰ ਟਿਕਟ ਦਿੱਤੀ ਹੈ ਅਤੇ ਜੇਕਰ ਉਹ ਚੋਣ ਜਿੱਤਦਾ ਤਾਂ ਉਸਨੂੰ ਕਿਸੇ ਪਾਰਟੀ ਵਿਚ ਨਹੀਂ ਜਾਣਾ ਚਾਹੀਦਾ। ਸ਼ਹਿਰ ਵਿਚ ਭਾਜਪਾ ਦੀ ਸਥਿਤੀ ‘ਤੇ ਉਨ੍ਹਾਂ ਕਿਹਾ ਕਿ ਪਾਰਟੀ ਪਹਿਲਾਂ 22 ਸੀਟਾਂ ‘ਤੇ ਵਿਧਾਨ ਸਭਾ ਚੋਣਾਂ ਲੜਦੀ ਸੀ ਪਰ ਇਸ ਵਾਰ ਸਾਡੇ ਵੋਟ ਫੀਸਦੀ ਵਿਚ ਕਾਫੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਪੰਜਾਬ ਵਿਚ 2027 ਵਿਚ ਭਾਜਪਾ ਦੀ ਸਰਕਾਰ ਬਣੇਗੀ। ਲੋਕ ਜਿਥੇ ਸ਼ਹਿਰਾਂ ਵਿਚ ਭਾਜਪਾ ਨਾਲ ਜੁੜੇ ਹਨ, ਉਥੇ ਹੀ ਦਿਹਾਤੀ ਇਲਾਕਿਆਂ ਵਿਚ ਵੀ ਪਾਰਟੀ ਨਾਲ ਜੁੜ ਰਹੇ ਹਨ।