
Skip to content

ਮੋਬਾਈਲ ਫੋਨ ਨੂੰ ਲੈ ਕੇ ਹੋਇਆ ਝਗੜਾ, ਦੋਸਤ ਨੇ 72 ਫੁੱਟ ਉੱਚੀ ਪਹਾੜੀ ਤੋਂ ਧੱਕਾ ਦੇ ਕੇ ਕੀਤਾ 17 ਸਾਲਾ ਰਾਜਕੁਮਾਰ ਦਾ ਕਤਲ
ਫਰੀਦਾਬਾਦ (ਅਰਸ਼ਦੀਪ ਸਿੰਘ ਕਾਲੜਾ) : ਫਰੀਦਾਬਾਦ ਵਿੱਚ 17 ਸਾਲਾ ਰਾਜਕੁਮਾਰ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਵੱਡਾ ਖੁਲਾਸਾ ਕਰਦਿਆਂ ਉਸ ਦੇ 18 ਸਾਲਾ ਦੋਸਤ ਮੁਫੀਦ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਜਾਂਚ ਮੁਤਾਬਕ ਮੋਬਾਈਲ ਫੋਨ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਮੁਫੀਦ ਨੇ ਰਾਜਕੁਮਾਰ ਨੂੰ 72 ਫੁੱਟ ਉੱਚੀ ਪਹਾੜੀ ਤੋਂ ਹੇਠਾਂ ਧੱਕਾ ਦੇ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਰਾਜਕੁਮਾਰ ਸਿਰੋਹੀ ਪਿੰਡ ਵਿੱਚ ਇੱਕ ਝੀਲ ਨੇੜੇ ਸੈਲਫੀ ਲੈ ਰਿਹਾ ਸੀ। ਇਸ ਦੌਰਾਨ ਉਸ ਦੇ ਦੋਸਤ ਮੁਫੀਦ ਨੇ ਉਸ ਦੀਆਂ ਤਸਵੀਰਾਂ ਦੇਖੀਆਂ ਅਤੇ ਮੋਬਾਈਲ ਫੋਨ ਮੰਗਿਆ। ਰਾਜਕੁਮਾਰ ਵੱਲੋਂ ਫੋਨ ਦੇਣ ਤੋਂ ਇਨਕਾਰ ਕਰਨ ’ਤੇ ਦੋਵਾਂ ਵਿਚਕਾਰ ਤਕਰਾਰ ਹੋ ਗਈ। ਗੁੱਸੇ ਵਿੱਚ ਆਏ ਮੁਫੀਦ ਨੇ ਕਥਿਤ ਤੌਰ ’ਤੇ ਰਾਜਕੁਮਾਰ ਨੂੰ ਪਹਾੜੀ ਤੋਂ ਹੇਠਾਂ ਧੱਕਾ ਦੇ ਦਿੱਤਾ।
ਰਾਜਕੁਮਾਰ ਡੂੰਘੀ ਖੱਡ ਵਿੱਚ ਚੱਟਾਨਾਂ ਦੇ ਵਿਚਕਾਰ ਜਾ ਡਿੱਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਮੁਫੀਦ ਨੇ ਪੁਲਿਸ ਅਤੇ ਪਰਿਵਾਰ ਨੂੰ ਗੁੰਮਰਾਹ ਕਰਨ ਲਈ ਰਾਜਕੁਮਾਰ ਦੇ ਝੀਲ ਵਿੱਚ ਡੁੱਬਣ ਦੀ ਕਹਾਣੀ ਬਣਾਈ। ਉਹ ਕਰੀਬ 20 ਘੰਟਿਆਂ ਤੱਕ ਇਸ ਕਹਾਣੀ ’ਤੇ ਕਾਇਮ ਰਿਹਾ ਅਤੇ ਪੁਲਿਸ ਦੇ ਨਾਲ ਮਿਲ ਕੇ ਝੀਲ ਵਿੱਚ ਰਾਜਕੁਮਾਰ ਦੀ ਭਾਲ ਵੀ ਕਰਦਾ ਰਿਹਾ।
ਪੁਲਿਸ ਨੂੰ ਮੁਫੀਦ ਦੇ ਬਿਆਨਾਂ ਵਿੱਚ ਵਾਰ-ਵਾਰ ਤਬਦੀਲੀ ਆਉਣ ਕਾਰਨ ਉਸ ’ਤੇ ਸ਼ੱਕ ਹੋਇਆ। ਸਖ਼ਤੀ ਨਾਲ ਪੁੱਛਗਿੱਛ ਕਰਨ ’ਤੇ ਉਸ ਨੇ ਕਥਿਤ ਤੌਰ ’ਤੇ ਕਤਲ ਦੀ ਗੱਲ ਕਬੂਲ ਕਰ ਲਈ। ਮੁਲਜ਼ਮ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ’ਤੇ ਮੰਗਲਵਾਰ ਰਾਤ ਝੀਲ ਤੋਂ ਕਰੀਬ 200 ਮੀਟਰ ਦੂਰ ਪੱਥਰਾਂ ਵਿਚਕਾਰੋਂ ਰਾਜਕੁਮਾਰ ਦੀ ਲਾਸ਼ ਬਰਾਮਦ ਕੀਤੀ ਗਈ।
ਪੁਲਿਸ ਨੇ ਮੁਫੀਦ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜਕੁਮਾਰ ਅਤੇ ਮੁਫੀਦ ਲਗਭਗ 12 ਸਾਲਾਂ ਤੋਂ ਦੋਸਤ ਸਨ।

Related