ਚੰਡੀਗੜ੍ਹ ਸਾਈਬਰ ਸੈੱਲ ਨੇ ਕਾਰਵਾਈ ਕਰਦੇ ਹੋਏ ਗੈਂਗਸਟਰਾਂ ਅਤੇ ਗੰਨਕਲਚਰ ਦਾ ਪ੍ਰਚਾਰ ਕਰਨ ਵਾਲੇ 1900 ਤੋਂ ਵੱਧ ਸੋਸ਼ਲ ਮੀਡੀਆ ਅਕਾਊਂਟ ਬੰਦ ਕਰ ਦਿੱਤੇ ਹਨ। ਇਹ ਅਕਾਊਂਟ ਜੁਰਮਾਂ ਦੀ ਵਡਿਆਈ ਕਰਕੇ ਨੌਜਵਾਨ ਪੀੜ੍ਹੀ ਨੂੰ ਗਲਤ ਦਿਸ਼ਾ ਵੱਲ ਪ੍ਰੇਰਿਤ ਕਰ ਰਹੇ ਸਨ।
ਇਸ ਕਦਮ ਦਾ ਉਦੇਸ਼ ਚੰਡੀਗੜ੍ਹ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ ਵਿੱਚ ਵਧ ਰਹੇ ਗੈਂਗਸਟਰਾਂ ਦੇ ਪ੍ਰਭਾਵ ਨੂੰ ਘਟਾਉਣਾ ਅਤੇ ਅਪਰਾਧਾਂ ਨੂੰ ਰੋਕਣਾ ਹੈ। ਚੰਡੀਗੜ੍ਹ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਗੈਂਗਸਟਰਾਂ ਨਾਲ ਜੁੜੇ ਕਈ ਗੰਭੀਰ ਅਪਰਾਧ ਸਾਹਮਣੇ ਆਏ ਹਨ। ਹੁਣ ਚੰਡੀਗੜ੍ਹ ਪੁਲਿਸ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਸੋਸ਼ਲ ਮੀਡੀਆ ‘ਤੇ ਇਨ੍ਹਾਂ ਗਤੀਵਿਧੀਆਂ ਨੂੰ ਰੋਕਣ ਲਈ ਵਿਸ਼ੇਸ਼ ਕਦਮ ਚੁੱਕੇ ਹਨ।
ਅਪਰਾਧੀਆਂ ਨੇ ਫੇਸਬੁੱਕ, ਐਕਸ, ਇੰਸਟਾਗ੍ਰਾਮ ਅਤੇ ਯੂਟਿਊਬ ਵਰਗੇ ਪਲੇਟਫਾਰਮਾਂ ਦੀ ਵਰਤੋਂ ਕਰਕੇ ਆਪਣੀਆਂ ਧਮਕੀਆਂ ਫੈਲਾਉਣ ਦਾ ਨਵਾਂ ਤਰੀਕਾ ਅਪਣਾਇਆ ਹੈ। ਉਹ ਅਪਰਾਧ ਕਰਨ ਤੋਂ ਬਾਅਦ ਧਮਕੀ ਭਰੇ ਵੀਡੀਓ ਅਤੇ ਤਸਵੀਰਾਂ ਪੋਸਟ ਕਰਕੇ ਸਮਾਜ ਵਿੱਚ ਡਰ ਪੈਦਾ ਕਰਦੇ ਸਨ। ਇਸ ਡਰ ਤੋਂ ਜਬਰੀ ਵਸੂਲੀ ਅਤੇ ਹੋਰ ਅਪਰਾਧ ਕੀਤੇ ਜਾ ਰਹੇ ਸਨ, ਜਿਸ ਨੂੰ ਹੁਣ ਸਾਈਬਰ ਸੈੱਲ ਦੀ ਇਸ ਕਾਰਵਾਈ ਨਾਲ ਰੋਕਿਆ ਜਾ ਰਿਹਾ ਹੈ।