ਫ਼ਰੀਦਕੋਟ 22 ਨਵੰਬਰ (ਵਿਪਨ ਮਿੱਤਲ) –ਫ਼ਿਰਦੌਸ ਰੰਗਮੰਚ ਫ਼ਰੀਦਕੋਟ, ਪੰਜਾਬੀ ਸੰਗੀਤ ਨਾਟਕ ਅਕੈਡਮੀ, ਆਈ ਕੈਨਵਸ ਪ੍ਰੋਡਕਸ਼ਨ ਵੱਲੋਂ ਸਰਕਾਰੀ ਬ੍ਰਜਿੰਦਰਾ ਕਾਲਜ ਫ਼ਰੀਦਕੋਟ ਦੇ ਸਹਿਯੋਗ ਨਾਲ ਪੰਜਵੇਂ ਨਾਟਕ ਮੇਲੇ ਦੇ ਦੂਜੇ ਓਪਨ ਏਅਰ ਥੀਏਟਰ ਸਰਕਾਰੀ ਬਿ੍ਰਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਦੂਜੇ ਦਿਨ ਫ਼ਿਰਦੌਸ ਰੰਗਮੰਚ ਦੇ ਸਰਪ੍ਰਸਤ ਡਾ.ਕੁਲਬੀਰ ਮਲਿਕ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ। ਡਾਇਰੈਕਟਰ ਰਾਜਿੰਦਰ ਬੁਲਟ ਨੇ ਦੱਸਿਆ ਕਿ ਇਸ ਨਾਟਕ ਮੇਲੇ ਦੇ ਅੰਤਿਮ ਦਿਨ ਉਨ੍ਹਾਂ ਦੇ ਰੰਗਮੰਚ ਵੱਲੋਂ ਨਾਟਕ ‘ਸਾਰੰਗੀਆਂ’ ਖੇਡਿਆ ਜਾਵੇਗਾ। ਉਨ੍ਹਾਂ ਕਿਹਾ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਸਦਕਾ ਇਸ ਨਾਟਕ ਮੇਲੇ ਨੂੰ ਸ਼ਹਿਰ ਨਿਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਨਾਟਕ ਮੇਲੇ ਦੇ ਦੂਜੇ ਦਿਨ ਮੁੱਖ ਮਹਿਮਾਨ ਵਜੋਂ ਮਨਿੰਦਰ ਸਿੰਘ ਸਰਪੰਚ ਮਚਾਕੀ ਖੁਰਦ ਸ਼ਾਮਲ ਹੋਏ। ਸਮਾਗਮ ਦੇ ਪ੍ਰਧਾਨਗੀ ਮੰਡਲ ’ਚ ਪਿ੍ਰੰਸੀਪਲ ਡਾ.ਰਾਜੇਸ਼ ਮੋਹਨ ਪਿ੍ਰੰਸੀਪਲ ਸਰਕਾਰੀ ਬ੍ਰਜਿੰਦਰਾ ਕਾਲਜ ਫ਼ਰੀਦਕੋਟ, ਸੇਵਾ ਮੁਕਤ ਪ੍ਰੋ.ਪਰਮਿੰਦਰ ਸਿੰਘ, ਗੀਤਕਾਰ/ਲੋਕ ਗਾਇਕ ਸੁਰਜੀਤ ਗਿੱਲ, ਪ੍ਰੋ.ਬੀਰਇੰਦਰਜੀਤ ਸਿੰਘ ਸਰਾਂ, ਸੇਵਾ ਮੁਕਤ ਪਿ੍ਰੰਸੀਪਲ ਤੇਜਿੰਦਰ ਸਿੰਘ, ਅਮਨਪ੍ਰੀਤ ਸਿੰਘ ਬਰਾੜ, ਫ਼ਿਲਮ ਨਿਰਦੇਸ਼ਕ ਰਾਜਿੰਦਰ ਕੁਮਾਰ ਫ਼ਿਰੋਜ਼ਪੁਰ, ਗਗਨਦੀਪ ਸਿੰਘ ਹਿੰਦੀ ਮਾਸਟਰ, ਗਾਇਕਾ ਸ਼੍ਰੀਮਤੀ ਜੋਤੀ, ਸਾਹਿਤਕਾਰ ਸ਼ਿਵਨਾਥ ਦਰਦੀ ਸ਼ਾਮਲ ਹੋਏ। ਦੂਜੇ ਦਿਨ ਦੇ ਨਾਟਕ ਮੇਲੇ ਦੀ ਸ਼ੁਰੂਆਤ ਸੁਰ ਆਂਗਣ ਦੇ ਪ੍ਰੋਫ਼ੈਸਰ ਕਿਰਨ ਕੌਰ ਨੇ ਧਾਰਮਿਕ ਗੀਤ ਕੀਤੀ ਤੇ ਫ਼ਿਰ ਕਰੀਬ ਸਾਹਿਤਕ ਗੀਤਾਂ ਨੂੰ ਸੰਗੀਤ ਸੂਝ ਦੀ ਚਾਸ਼ਨੀ ’ਚ ਡੋਬ ਕੇ ਗਾਉਂਦਿਆਂ ਹਾਜ਼ਰੀਨ ਨੂੰ ਵਾਰ-ਵਾਰ ਦਾਦ ਦੇਣ ਲਈ ਮਜ਼ਬੂਰ ਕੀਤਾ। ਇਸ ਮੌਕੇ ਨਟਰੰਗ ਅਬੋਹਰ ਵੱਲੋਂ ਸੇਵਾ ਮੁਕਤ ਜ਼ਿਲਾ ਭਾਸ਼ਾ ਅਫ਼ਸਰ ਫ਼ਾਜ਼ਲਿਕਾ ਭੁਪਿੰਦਰ ਉਤਰੇਜਾ ਦੁਆਰਾ ਲਿਖਿਆ ਅਤੇ ਹੈਰੀ ਉਤਰੇਜਾ ਦੁਆਰਾ ਨਿਰਦੇਸ਼ਤ ਨਾਟਕ ‘ਜੀ ਆਇਆਂ ਨੂੰ ’ ਖੇਡਿਆ ਗਿਆ। ਇਸ ਨਾਟਕ ਰਾਹੀਂ ਅਜੋਕੇ ਦੌਰ ’ਚ ਨੌਜਵਾਨਾਂ ਦੀ ਵਿਦੇਸ਼ਾਂ ’ਚ ਜਾ ਕੇ ਵਸਣ ਦੀ ਹੋੜ ਅਤੇ ਬੁਜ਼ਰਗਾਂ ਦੇ ਇਕਲਾਪੇ ਦੀ ਤਰਾਸਦੀ ਨੂੰ ਬਾਖੂਬੀ ਬਿਆਨ ਕੀਤਾ ਗਿਆ। ਇਸ ਫ਼ੁੱਲ ਕਾਮੇਡੀ ਰਾਹੀਂ ਬੁਜ਼ਰਗਾਂ ਦੇ ਸਤਿਕਾਰ, ਬੁਜ਼ਰਗਾਂ ਦੀ ਭਾਵਨਾਵਾਂ ਸਮਝਣ, ਦੂਜਿਆਂ ਨੂੰ ਖੁਸ਼ੀਆਂ ਵੰਡਣ ਦੇ ਸੰਦੇਸ਼ ਬਹੁਤ ਹੀ ਸਫ਼ਲਤਾ ਨਾਲ ਦਿੱਤੇ ਗਏ। ਇਸ ਮੌਕੇ ਸਾਹਿਤਕ, ਸੱਭਿਆਚਾਰਕ, ਨਾਟ ਕਲਾ ਅਤੇ ਮਾਂ ਬੋਲੀ ਦੀ ਪ੍ਰਫ਼ੁੱਲਤਾ ਲਈ ਨਿਰੰਤਰ, ਸ਼ਾਨਦਾਰ ਬੇਹਤਰੀਨ ਕਾਰਜ ਕਰਨ ਵਾਲੇ ਡਾ.ਕੁਲਦੀਪ ਦੀਪ ਨੂੰ ‘ਬਲਵੰਤ ਗਾਰਗੀ ਰੰਗਕਰਮ ਐਵਾਰਡ-25’ ਨਾਲ ਸਨਮਾਨਿਤ ਕੀਤਾ ਗਿਆ। ਪ੍ਰੋ.ਡਾ. ਕੁਲਬੀਰ ਮਲਿਕ ਨੇ ਇਸ ਮੌਕੇ ਮਨਮੋਹਕ ਸ਼ਬਦਾਂ ਨਾਲ ਡਾ.ਕੁਲਦੀਪ ਦੀਪ ਦੇ ਕਾਰਜਾਂ ਤੇ ਝਾਤ ਪਾਈ। ਇਸ ਮੌਕੇ ਡਾ.ਕੁਲਦੀਪ ਦੀਪ ਨੇ ਮੰਚ ਦੇ ਇਸ ਉਪਰਾਲੇ ਨੂੰ ਪੰਜਵੇਂ ਸਾਲ ’ਚ ਪਹੁੰਚਣ ਤੇ ਸਾਰੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜੋਕੇ ਦੌਰ ’ਚ ਸਾਡੀ ਨੌਜਵਾਨ ਪੀੜ੍ਹੀ ਨੂੰ ਨਾਟਕਾਂ ਰਾਹੀਂ ਸਾਡੇ ਵਿਰਾਸਤ ਅਤੇ ਵਿਰਸੇ ਨਾਲ ਜੋੜਨ ਵਾਸਤੇ ਨਾਟਕ ਮੇਲੇ ਬਹੁਤ ਜ਼ਰੂਰੀ ਹਨ। ਇਸ ਮੌਕੇ ਮਨਿੰਦਰ ਸਿੰਘ ਸਰਪੰਚ ਮਚਾਕੀ ਖੁਰਦ ਨੇ ਕਿਹਾ ਸਾਨੂੰ ਰਾਜਿੰਦਰ ਬੁਲਟ ਤੇ ਢੇਰ ਸਾਰਾ ਮਾਣ ਹੈ, ਜੋ ਨਿਰੰਤਰ ਨਾਟ ਕਲਾ ਨੂੰ ਜਿਉਂਦਾ ਰੱਖਣ ਵਾਸਤੇ ਉਪਰਾਲੇ ਕਰ ਰਿਹਾ ਹੈ। ਉਨ੍ਹਾਂ ਫ਼ਿਰਦੌਸ ਰੰਗਮੰਚ ਨੂੰ 5100 ਦੀ ਨਗਦ ਸਹਾਇਤਾ ਪ੍ਰਦਾਨ ਕੀਤੀ। ਇਸ ਮੌਕੇ ਸੇਵਾ ਮੁਕਤ ਪ੍ਰੋ.ਪਰਮਿੰਦਰ ਸਿੰਘ ਨੂੰ ਸਮਾਜ ਸੇਵਾ ਖੇਤਰ ’ਚ ਕੀਤੀ ਜਾ ਸ਼ਲਾਘਾਯੋਗ ਕਾਰਗੁਜ਼ਾਰੀ ਬਦਲੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਸਬੀਰ ਸਿੰਘ ਜੱਸੀ ਵੱਲੋਂ ਨਿਭਾਈ ਗਈ। ਦੂਜੇ ਦਿਨ ਦੇ ਸਮਾਗਮ ਲਈ ਸਕੱਤਰ ਸਿਮਰਨਜੀਤ ਸਿੰਘ ਨੇ ਅਹਿਮ ਭੂਮਿਕਾ ਅਦਾ ਕੀਤੀ।