ਸ੍ਰੀ ਮੁਕਤਸਰ ਸਾਹਿਬ, 22 ਨਵੰਬਰ (ਵਿਪਨ ਮਿੱਤਲ) ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਜਿਲ੍ਹਾ ਇਕਾਈ ਦੇ ਉਪਰਾਲੇ ਨਾਲ ਸਥਾਨਕ ਜਿਲ੍ਹਾ ਸਿੱਖਿਆ ਅਫਸਰ ਦਫਤਰ ਕੋਲ ਨਵੇਂ ਪੈਨਸ਼ਨਰ ਭਵਨ ਦੀ ਉਸਾਰੀ ਸੰਪੂਰਨ ਹੋ ਚੁੱਕੀ ਹੈ। ਪੈਨਸ਼ਨਰ ਭਵਨ ਦੀ ਉਸਾਰੀ ਵਿੱਚ ਜਿਲ੍ਹਾ ਸਿੱਖਿਆ ਅਫਸਰ (ਸ) ਜਸਪਾਲ ਮੋਂਗਾ ਅਤੇ ਸ.ਸ.ਸ.ਸ. (ਲੜਕੇ) ਦੀ ਮੈਨੇਜਮੈਂਟ ਕਮੇਟੀ ਸਮੇਤ ਵੱਖ-ਵੱਖ ਵਿਭਾਗਾਂ ਦੀਆਂ ਪੈਨਸ਼ਨਰ ਜਥੇਬੰਦੀਆਂ ਦੇ ਸੇਵਾ ਮੁਕਤ ਕਰਮਚਾਰੀਆਂ ਅਤੇ ਫੈਮਲੀ ਪੈਨਸ਼ਨਰਾਂ ਨੇ ਆਰਥਿਕ ਸਹਾਇਤਾ ਸਮੇਤ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਹੈ। ਪੈਨਸ਼ਨਰ ਭਵਨ ਸੰਪੂਰਨ ਹੋਣ ’ਤੇ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਕਰਮਜੀਤ ਸ਼ਰਮਾ ਨੇ ਵਧਾਈ ਦਿੰਦੇ ਹੋਏ ਸਭਨਾਂ ਸਹਿਯੋਗੀਆਂ ਦਾ ਧੰਨਵਾਦ ਕੀਤਾ ਹੈ। ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਜਿਲ੍ਹਾ ਪ੍ਰੈਸ ਸਕੱਤਰ ਜਗਦੀਸ਼ ਰਾਏ ਢੋਸੀਵਾਲ ਨੇ ਦੱਸਿਆ ਹੈ ਕਿ ਪੈਨਸ਼ਨਰ ਭਵਨ ਦੀ ਉਸਾਰੀ ਮੁਕੰਮਲ ਹੋਣ ਦੀ ਖੁਸ਼ੀ ਵਿੱਚ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਆਉਂਦੀ 25 ਨਵੰਬਰ ਮੰਗਲਵਾਰ ਨੂੰ ਸਵੇਰੇ 9:00 ਤੋਂ 11:00 ਵਜੇ ਤੱਕ ਸ੍ਰੀ ਸੁਖਮਣੀ ਸਾਹਿਬ ਦੇ ਪਾਠ ਕਰਵਾਏ ਜਾਣਗੇ। ਭੋਗ ਉਪਰੰਤ ਸਭਨਾਂ ਲਈ ਚਾਹ ਪਾਣੀ ਦਾ ਲੰਗਰ ਵਰਤਾਇਆ ਜਾਵੇਗਾ। ਪੈਨਸ਼ਨਰ ਐਸੋਸੀਏਸ਼ਨ ਵੱਲੋਂ ਜਿਲ੍ਹੇ ਦੇ ਸਮੂਹ ਸੇਵਾ ਮੁਕਤ ਕਰਮਚਾਰੀਆਂ ਅਤੇ ਫੈਮਲੀ ਪੈਨਸ਼ਨਰਾਂ ਨੂੰ ਇਸ ਸਮੇਂ ਸ਼ਾਮਿਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ। ਐਸੋਸੀਏਸ਼ਨ ਵੱਲੋਂ ਚਾਲੂ ਸਾਲ ਦੀ ਰਹਿੰਦੀ ਪੰਜ ਸੌ ਰੁਪਏ ਦੀ ਰਜਿਸਟ੍ਰੇਸ਼ਨ/ ਮੈਂਬਰਸ਼ਿਪ ਫੀਸ ਵੀ ਜਮਾ ਕਰਵਾਉਣ ਦੀ ਅਪੀਲ ਕੀਤੀ ਗਈ ਹੈ। ਇਸ ਦੇ ਨਾਲ ਹੀ ਪ੍ਰਧਾਨ ਕਰਮਜੀਤ ਸ਼ਰਮਾ ਨੇ ਪੈਨਸ਼ਨਰ ਭਵਨ ਦੀ ਉਸਾਰੀ ਵਿੱਚ ਅਜੇ ਤੱਕ ਸਹਿਯੋਗ ਨਾ ਦੇਣ ਵਾਲੇ ਮੈਂਬਰਾਂ ਨੂੰ ਵੀ ਇਹ ਸਹਿਯੋਗ ਰਾਸ਼ੀ ਸੰਸਥਾ ਕੋਲ ਜਮਾ ਕਰਵਾਉਣ ਦੀ ਬੇਨਤੀ ਕੀਤੀ ਹੈ।