ਫਗਵਾੜਾ (ਪੁਨੀਤ) : ਜਨਰਲ ਸਮਾਜ ਮੰਚ ਫਗਵਾੜਾ ਵਲੋਂ ਕਨੇਡਾ ਵਿੱਚ ਵਕੀਲ ਵਜੋਂ ਪੰਜਾਬ ਦਾ ਮਾਣ ਵਧਾਉਣ ਲਈ ਨਰਿੰਦਰ ਕੌਰ ਪਤਨੀ ਸਰਦਾਰ ਜਸਕਰਨ ਸਿੰਘ ਨੂੰ ਅੱਜ ਸਨਮਾਨਤ ਕਰਦਿਆਂ ਹੌਸਲਾ ਅਫਜਾਈ ਕੀਤੀ ਗਈ। ਨਰਿੰਦਰ ਕੌਰ ਜੋ ਕਿ ਜਨਰਲ ਸਮਾਜ ਮੰਚ ਫਗਵਾੜਾ ਦੇ ਪ੍ਰਧਾਨ ਸ. ਮੋਹਣ ਸਿੰਘ ਸਾਈਂ ਦੀ ਨੂੰਹ ਹੈ, ਉਸ ਨੂੰ ਸਨਮਾਨਤ ਕਰਦੇ ਹੋਏ ਮੰਚ ਦੇ ਚੇਅਰਮੈਨ ਅਸ਼ੋਕ ਸੇਠੀ ਅਤੇ ਸੀਨੀਅਰ ਮੀਤ ਪ੍ਰਧਾਨ ਨਰੇਸ਼ ਭਾਰਦਵਾਜ ਨੇ ਕਿਹਾ ਕਿ ਪੰਜਾਬ ਦੀ ਇਸ ਧੀ ਨੇ ਕਨੇਡਾ ਵਿੱਚ ਜਨਰਲ ਸਮਾਜ ਅਤੇ ਫਗਵਾੜਾ ਦਾ ਮਾਣ ਵਧਾਇਆ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਧਰਤੀ ਬਹੁਤ ਹੀ ਭਾਗਾਂ ਵਾਲੀ ਧਰਤੀ ਹੈ। ਜਿੱਥੋਂ ਦੇ ਜੰਮਪਲ ਗੁਰੂ ਮਹਾਰਾਜ ਦੇ ਅਸ਼ੀਰਵਾਦ ਨਾਲ ਦੁਨੀਆ ਭਰ ਵਿੱਚ ਤਰੱਕੀਆਂ ਮਾਣ ਰਹੇ ਹਨ, ਅਤੇ ਜਿਹਨਾਂ ਮੁਲਕਾਂ ‘ਚ ਜਾਂਦੇ ਹਨ, ਉੱਥੋਂ ਦੀ ਆਰਥਕ ਤਰੱਕੀ ‘ਚ ਵੀ ਭਰਪੂਰ ਯੋਗਦਾਨ ਪਾਉਂਦੇ ਹਨ। ਮੋਹਨ ਸਿੰਘ ਸਾਂਈ ਨੇ ਦੱਸਿਆ ਕਿ ਨਰਿੰਦਰ ਕੌਰ ਨੇ ਇਸੇ ਸਾਲ ਆਪਣੀ ਲਾਅ ਦੀ ਡਿਗਰੀ ਮੁਕੰਮਲ ਕਰਨ ਤੋਂ ਬਾਅਦ ਕਨੇਡਾ ਦੀ ਬਾਰ ਕੌਂਸਲ ਦੇ ਇਮਤਿਹਾਨ ਵਿੱਚ ਸਫਲਤਾ ਹਾਸਲ ਕਰਕੇ ਪ੍ਰੈਕਟਿਸ ਸ਼ੁਰੂ ਕੀਤੀ ਹੈ। ਐਡਵੋਕੇਟ ਨਰਿੰਦਰ ਕੌਰ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ ਦੇ ਅਸ਼ੀਰਵਾਦ, ਪਤੀ ਜਸਕਰਨ ਸਿੰਘ ਦੇ ਮਾਰਗ ਦਰਸ਼ਨ ਅਤੇ ਸਹੁਰੇ ਪਰਿਵਾਰ ਦੇ ਸਹਿਯੋਗ ਨੂੰ ਦਿੰਦਿਆਂ ਕਿਹਾ ਕਿ ਉਹ ਆਪਣੀ ਧਰਤੀ ਪੰਜਾਬ ਤੇ ਕਨੇਡਾ ‘ਚ ਵੱਸਦੇ ਪੰਜਾਬੀਆਂ ਦੀ ਭਲਾਈ ਲਈ ਕੰਮ ਕਰੇਗੀ। ਇਸ ਮੌਕੇ ਐਡਵੋਕੇਟ ਵਿਜੇ ਸ਼ਰਮਾ, ਅਵਤਾਰ ਸਿੰਘ ਮੰਡ, ਸੰਜੂ ਚਹਿਲ, ਰਾਜੂ ਚਹਿਲ, ਪ੍ਰਦੀਪ ਆਹੂਜਾ, ਨਿੱਕੀ, ਸ਼ਵਿੰਦਰ ਨਿਸ਼ਚਲ, ਸੁਮਨ ਸ਼ਰਮਾ, ਰਮੇਸ ਸਚਦੇਵਾ ਆਦਿ ਹਾਜਰ ਸਨ।