Skip to content
ਫ਼ਰੀਦਕੋਟ 25 ਅਕਤੂਬਰ (ਵਿਪਨ ਮਿੱਤਲ) :-ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ (AB-PMJAY) ਦੀ ਕਾਰਗੁਜ਼ਾਰੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਡਿਪਟੀ ਮੈਡੀਕਲ ਕਮਿਸ਼ਨਰ ਡਾ. ਵਿਸ਼ਵਦੀਪ ਗੋਇਲ ਦੀ ਅਗਵਾਈ ਹੇਠ ਇਕ ਵਿਸ਼ੇਸ਼ ਸਮੀਖਿਆ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿਚ ਕਰਨ ਸ਼ਰਮਾ ਜਿਲਾ ਕੋਆਰਡੀਨੇਟਰ ਸਟੇਟ ਹੈਲਥ ਏਜੰਸੀ ਆਯੂਸ਼ਮਾਨ, ਜਗਮੀਤ ਸਿੰਘ ਜਿਲਾ ਕੋਆਰਡੀਨੇਟਰ ਆਯੂਸ਼ਮਾਨ, ਧਰਮਿੰਦਰ ਕੁਮਾਰ ਜਿਲ੍ਹਾ ਸ਼ਿਕਾਇਤ ਅਫਸਰ ਆਯੂਸ਼ਮਾਨ, ਜੋਤੀ ਛਾਬੜਾ ਡਾਟਾ ਐਂਟਰੀ ਆਪ੍ਰੇਟਰ ਮੋਜੂਦ ਰਹੇ । ਡਾ. ਵਿਸ਼ਵਦੀਪ ਗੋਇਲ ਨੇ ਸਾਰੇ ਹਸਪਤਾਲਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਯੁਸ਼ਮਾਨ ਕਾਰਡ ਬਣਾਉਣ ਅਤੇ ਲਾਭਪਾਤਰੀਆਂ ਨੂੰ ਮੁਫ਼ਤ ਇਲਾਜ ਦੀ ਸਹੂਲਤ ਮੁਹੱਈਆ ਕਰਵਾਉਣ ਵਿੱਚ ਕੋਈ ਕਸਰ ਨਾ ਛੱਡਣ।ਉਨ੍ਹਾਂ ਨੇ ਕਿਹਾ ਕਿ ਆਯੁਸ਼ਮਾਨ ਭਾਰਤ ਸਕੀਮ ਦੇ ਤਹਿਤ ਦੇਸ਼ ਦੇ ਹਰ ਗਰੀਬ ਪਰਿਵਾਰ ਨੂੰ ਹਰ ਸਾਲ 5 ਲੱਖ ਤੱਕ ਦਾ ਮੁਫ਼ਤ ਇਲਾਜ ਸਰਕਾਰੀ ਅਤੇ ਐਮਪੈਨਲਡ ਪ੍ਰਾਈਵੇਟ ਹਸਪਤਾਲਾਂ ਵਿੱਚ ਪ੍ਰਾਪਤ ਹੁੰਦਾ ਹੈ ਜੋ ਕਿ ਪੰਜਾਬ ਸਰਕਾਰ ਵੱਲੋਂ ਜਲਦ ਹੀ 10 ਲੱਖ ਰੁਪਏ ਪ੍ਰਤੀ ਪਰਿਵਾਰ ਕੀਤੇ ਜਾਣ ਦੀ ਤਜਵੀਜ਼ ਹੈ । ਇਸ ਸਕੀਮ ਦੇ ਅਧੀਨ ਦੇਸ਼ ਭਰ ਵਿੱਚ 10 ਕਰੋੜ ਤੋਂ ਵੱਧ ਪਰਿਵਾਰਾਂ ਨੂੰ ਕਵਰੇਜ ਮਿਲ ਰਹੀ ਹੈ। ਫਰੀਦਕੋਟ ਜ਼ਿਲ੍ਹੇ ਵਿੱਚ ਵੀ ਹਜ਼ਾਰਾਂ ਲਾਭਪਾਤਰੀ ਇਸ ਯੋਜਨਾ ਦਾ ਫਾਇਦਾ ਲੈ ਚੁੱਕੇ ਹਨ।ਡਾ. ਵਿਸ਼ਵਦੀਪ ਗੋਇਲ ਨੇ ਇਹ ਵੀ ਕਿਹਾ ਕਿ ਜਨਤਾ ਨੂੰ ਸਕੀਮ ਬਾਰੇ ਵਧੇਰੇ ਜਾਗਰੂਕ ਕਰਨ ਲਈ ਪਿੰਡ ਪੱਧਰ ‘ਤੇ ਕੈਂਪ ਲਗਾਏ ਜਾਣਗੇ ਅਤੇ ਹਸਪਤਾਲਾਂ ਵਿੱਚ ਸਕੀਮ ਸਬੰਧੀ ਹੈਲਪਡੈਸਕਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।ਮੀਟਿੰਗ ਦੌਰਾਨ ਬਲੌਕ ਮੈਡੀਕਲ ਅਫ਼ਸਰਾਂ ਅਤੇ ਫੀਲਡ ਸਟਾਫ਼ ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ ਯੋਗ ਲਾਭਪਾਤਰੀਆਂ ਦੀ ਪਛਾਣ ਅਤੇ ਕਾਰਡ ਜਾਰੀ ਕਰਨ ਦੀ ਪ੍ਰਕਿਰਿਆ ਤੇਜ਼ੀ ਨਾਲ ਪੂਰੀ ਕਰਨ।ਅੰਤ ਵਿੱਚ ਡਾ. ਵਿਸ਼ਵਦੀਪ ਗੋਇਲ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਹਰ ਪਾਤਰ ਨਾਗਰਿਕ ਤੱਕ ਆਯੁਸ਼ਮਾਨ ਭਾਰਤ ਸਕੀਮ ਦਾ ਲਾਭ ਪਹੁੰਚਾਉਣਾ ਹੈ ਤਾਂ ਜੋ “ਸਿਹਤਮੰਦ ਭਾਰਤ – ਖੁਸ਼ਹਾਲ ਭਾਰਤ” ਦਾ ਸੁਪਨਾ ਸਾਕਾਰ ਕੀਤਾ ਜਾ ਸਕੇ।
Related