ਕਣਕ ਦੀ ਲਿਫਟਿੰਗ ਦੌਰਾਨ ਰਿਕਾਰਡ ’ਚ ਕਥਿਤ ਹੇਰਾਫੇਰੀ ਤੇ ਸ਼ਾਰਟੇਜ ਚਾਰਜ ਲਗਾਉਣ ਦੇ ਇਲਜ਼ਾਮ, 50 ਹਜ਼ਾਰ ਰੁਪਏ ਦੀ ਕਥਿਤ ਰਿਸ਼ਵਤ ਵਾਲੀ ਆਡੀਓ ਦਾ ਵੀ ਦਾਅਵਾ

ਜਤਿੰਦਰ ਪਿੰਕਲ, ਫ਼ਿਰੋਜ਼ਪੁਰ: ਫ਼ਿਰੋਜ਼ਪੁਰ ’ਚ ਪਨਗ੍ਰੇਨ ਵਿਭਾਗ ਨਾਲ ਜੁੜਿਆ ਇੱਕ ਮਾਮਲਾ ਮੁੜ ਚਰਚਾ ਵਿੱਚ ਆ ਗਿਆ ਹੈ। ਸਤਲੁਜ ਪ੍ਰੈੱਸ ਕਲੱਬ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਕਮਿਸ਼ਨ ਏਜੰਟ ਐਮ.ਐਸ. ਸੰਜੇ ਕੁਮਾਰ ਅਤੇ ਧਰੁਵ ਕੁਮਾਰ ਨੇ ਪਨਗ੍ਰੇਨ ਦੇ ਇੰਸਪੈਕਟਰ ਸੰਦੀਪ ਕੰਬੋਜ ’ਤੇ ਕਣਕ ਦੀ ਲਿਫਟਿੰਗ ਨਾਲ ਸਬੰਧਤ ਮਾਮਲਿਆਂ ਵਿੱਚ ਕਥਿਤ ਧੱਕੇਸ਼ਾਹੀ ਅਤੇ ਰਿਕਾਰਡ ਵਿੱਚ ਗੜਬੜੀ ਕਰਨ ਦੇ ਦੋਸ਼ ਲਗਾਏ।

ਪ੍ਰੈੱਸ ਕਾਨਫਰੰਸ ਦੌਰਾਨ ਕਮਿਸ਼ਨ ਏਜੰਟਾਂ ਨੇ ਦਾਅਵਾ ਕੀਤਾ ਕਿ ਕਣਕ ਦੀਆਂ ਬੋਰੀਆਂ ਦੀ ਗਿਣਤੀ ਵਿੱਚ ਕਥਿਤ ਫ਼ਰਕ ਦਿਖਾ ਕੇ ਆੜ੍ਹਤੀਆਂ ’ਤੇ ਸ਼ਾਰਟੇਜ ਚਾਰਜ ਲਗਾਉਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਮੁਤਾਬਕ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਨੂੰ ਜੂਨ ਮਹੀਨੇ ਵਿੱਚ ਲਿਖਤੀ ਸ਼ਿਕਾਇਤ ਭੇਜੀ ਗਈ ਸੀ। ਮਾਮਲਾ ਪਨਗ੍ਰੇਨ ਦੇ ਮੈਨੇਜਿੰਗ ਡਾਇਰੈਕਟਰ ਵਰਿੰਦਰ ਕੁਮਾਰ ਸ਼ਰਮਾ (ਆਈ.ਏ.ਐਸ.) ਦੇ ਧਿਆਨ ਵਿੱਚ ਲਿਆਂਦੇ ਜਾਣ ਦਾ ਵੀ ਦਾਅਵਾ ਕੀਤਾ ਗਿਆ।

ਸ਼ਿਕਾਇਤਕਰਤਾਵਾਂ ਨੇ ਇੱਕ ਮਾਮਲੇ ਦਾ ਹਵਾਲਾ ਦਿੰਦਿਆਂ ਕਿਹਾ ਕਿ 500 ਕਣਕ ਦੀਆਂ ਬੋਰੀਆਂ ਗੋਦਾਮ ਲਈ ਭੇਜੀਆਂ ਗਈਆਂ ਸਨ, ਜਦਕਿ ਰਿਕਾਰਡ ਵਿੱਚ ਕਥਿਤ ਤੌਰ ’ਤੇ 485 ਬੋਰੀਆਂ ਹੀ ਦਰਜ ਕੀਤੀਆਂ ਗਈਆਂ। ਉਨ੍ਹਾਂ ਅਨੁਸਾਰ 15 ਬੋਰੀਆਂ ਦੇ ਇਸ ਕਥਿਤ ਫ਼ਰਕ ਨੂੰ ਆਧਾਰ ਬਣਾ ਕੇ ਸ਼ਾਰਟੇਜ ਚਾਰਜ ਲਗਾਉਣ ਦੀ ਗੱਲ ਸਾਹਮਣੇ ਆਈ।

ਇਸੇ ਤਰ੍ਹਾਂ ਮੈਸਰਜ਼ ਆਰ.ਕੇ. ਟ੍ਰੇਡਿੰਗ ਕੰਪਨੀ ਨਾਲ ਸਬੰਧਤ ਮਾਮਲੇ ਵਿੱਚ ਵੀ ਕਮਿਸ਼ਨ ਏਜੰਟਾਂ ਨੇ ਕਥਿਤ ਰਿਕਾਰਡ ਗੜਬੜੀ ਦੇ ਦੋਸ਼ ਲਗਾਏ। ਉਨ੍ਹਾਂ ਦਾ ਕਹਿਣਾ ਹੈ ਕਿ 650 ਬੋਰੀਆਂ ਭੇਜੇ ਜਾਣ ਦੇ ਬਾਵਜੂਦ ਰਿਕਾਰਡ ਵਿੱਚ 625 ਬੋਰੀਆਂ ਦਰਜ ਕੀਤੀਆਂ ਗਈਆਂ ਅਤੇ 25 ਬੋਰੀਆਂ ਦੀ ਕਥਿਤ ਘਾਟ ਦਿਖਾਈ ਗਈ।

ਕਮਿਸ਼ਨ ਏਜੰਟਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਗੇਟ ਪਾਸ, ਵਜ਼ਨ ਪਰਚੀਆਂ, ਡਿਸਪੈਚ ਰਿਕਾਰਡ ਅਤੇ ਹੋਰ ਸਬੰਧਤ ਦਸਤਾਵੇਜ਼ ਮੌਜੂਦ ਹਨ। ਉਨ੍ਹਾਂ ਮੰਗ ਕੀਤੀ ਕਿ ਪੂਰੇ ਮਾਮਲੇ ਦੀ ਕਿਸੇ ਨਿਰਪੱਖ ਏਜੰਸੀ ਜਾਂ ਉੱਚ ਅਧਿਕਾਰੀਆਂ ਤੋਂ ਜਾਂਚ ਕਰਵਾਈ ਜਾਵੇ, ਤਾਂ ਜੋ ਤੱਥ ਸਪੱਸ਼ਟ ਹੋ ਸਕਣ। ਜੇਕਰ ਜਾਂਚ ਦੌਰਾਨ ਦੋਸ਼ ਸਹੀ ਪਾਏ ਜਾਂਦੇ ਹਨ ਤਾਂ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਗਈ।

ਇਸ ਤੋਂ ਇਲਾਵਾ ਕਮਿਸ਼ਨ ਏਜੰਟਾਂ ਨੇ ਇੰਸਪੈਕਟਰ ’ਤੇ ਕਥਿਤ ਤੌਰ ’ਤੇ ਰਿਸ਼ਵਤ ਦੀ ਮੰਗ ਕਰਨ ਦੇ ਦੋਸ਼ ਵੀ ਲਗਾਏ। ਉਨ੍ਹਾਂ ਵੱਲੋਂ 50 ਹਜ਼ਾਰ ਰੁਪਏ ਦੀ ਕਥਿਤ ਰਿਸ਼ਵਤ ਨਾਲ ਸਬੰਧਤ ਇੱਕ ਆਡੀਓ ਵਾਇਰਲ ਹੋਣ ਦਾ ਦਾਅਵਾ ਕੀਤਾ ਗਿਆ ਹੈ। ਹਾਲਾਂਕਿ ਇਸ ਆਡੀਓ ਦੀ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਹੋ ਸਕੀ।

ਅਧਿਕਾਰੀ ਨੇ ਕਿਹਾ—ਅੱਜ ਹੀ ਸੰਭਾਲਿਆ ਅਹੁਦਾ

ਇਨ੍ਹਾਂ ਦੋਸ਼ਾਂ ਸਬੰਧੀ ਜਦੋਂ ਜ਼ਿਲ੍ਹਾ ਕੰਟਰੋਲਰ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵੰਦਨਾ ਕੰਬੋਜ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਅੱਜ ਹੀ ਫ਼ਿਰੋਜ਼ਪੁਰ ਵਿਖੇ ਆਪਣੀ ਡਿਊਟੀ ਜੁਆਇਨ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਣਕਾਰੀ ਲੈ ਕੇ ਜੋ ਵੀ ਕਾਨੂੰਨੀ ਅਤੇ ਨਿਯਮਾਂ ਅਨੁਸਾਰ ਕਾਰਵਾਈ ਬਣਦੀ ਹੋਵੇਗੀ, ਉਹ ਅਮਲ ਵਿੱਚ ਲਿਆਂਦੀ ਜਾਵੇਗੀ।