
Skip to content

ਮੁੱਖ ਮੁਲਜ਼ਮ ਰਿੰਕੂ ਦੀ ਭਾਲ ਜਾਰੀ, ਪਰਮਿੰਦਰ ਸਿੰਘ ਉਰਫ਼ ਪਿੰਦਾ ਗ੍ਰਿਫ਼ਤਾਰ; ਪੁਲਿਸ ਖੰਗਾਲ ਰਹੀ ਮੋਬਾਈਲ ਡੰਪ ਤੇ ਤਕਨੀਕੀ ਸਬੂਤ
ਅਮਿਤ ਨੱਖਵਾਲ/ਚੰਡੀਗੜ੍ਹ: ਪੰਜਾਬੀ ਸੋਸ਼ਲ ਮੀਡੀਆ ਇਨਫਲੂਐਂਸਰ ਮਨਜੀਤ ਕੌਰ ਦੇ ਅਗਵਾ ਅਤੇ ਕਤਲ ਮਾਮਲੇ ਦੀ ਜਾਂਚ ਨੇ ਨਵਾਂ ਮੋੜ ਲੈ ਲਿਆ ਹੈ। ਸ਼ੁਰੂਆਤੀ ਜਾਂਚ ਵਿੱਚ ਜਿਸ ਘਟਨਾ ਨੂੰ ਪੰਜਾਬ ਦੇ ਮੋਰਿੰਡਾ ਨਾਲ ਜੋੜਿਆ ਜਾ ਰਿਹਾ ਸੀ, ਹੁਣ ਪੁਲਿਸ ਨੂੰ ਮਿਲੇ ਸੁਰਾਗਾਂ ਦੇ ਆਧਾਰ ’ਤੇ ਵਾਰਦਾਤ ਚੰਡੀਗੜ੍ਹ ਦੇ ਸੈਕਟਰ-34 ਵਿੱਚ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।
ਇਸ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਨੇ ਪਹਿਲੀ ਗ੍ਰਿਫ਼ਤਾਰੀ ਕਰਦਿਆਂ ਕਪੂਰਥਲਾ ਵਾਸੀ ਪਰਮਿੰਦਰ ਸਿੰਘ ਉਰਫ਼ ਪਿੰਦਾ ਨੂੰ ਕਾਬੂ ਕੀਤਾ ਹੈ। ਪੁਲਿਸ ਮੁਤਾਬਕ ਮਾਮਲੇ ਵਿੱਚ ਰਿੰਕੂ ਅਤੇ ਸ਼ੁਭੀ ਨਾਮ ਦੇ ਦੋ ਹੋਰ ਮੁਲਜ਼ਮ ਅਜੇ ਫ਼ਰਾਰ ਹਨ ਅਤੇ ਉਨ੍ਹਾਂ ਦੀ ਭਾਲ ਲਈ ਵੱਖ-ਵੱਖ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਰਿੰਕੂ ਨਾਲ ਵਿਵਾਦ ਤੋਂ ਬਾਅਦ ਵਧਿਆ ਮਾਮਲਾ
ਪੁੱਛਗਿੱਛ ਦੌਰਾਨ ਪਿੰਦਾ ਵੱਲੋਂ ਪੁਲਿਸ ਨੂੰ ਦਿੱਤੀ ਜਾਣਕਾਰੀ ਮੁਤਾਬਕ ਮਨਜੀਤ ਕੌਰ ਅਤੇ ਰਿੰਕੂ ਵਿਚਾਲੇ ਪਹਿਲਾਂ ਤੋਂ ਕਿਸੇ ਗੱਲ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਘਟਨਾ ਵਾਲੇ ਦਿਨ ਵੀ ਦੋਹਾਂ ਵਿਚਕਾਰ ਬਹਿਸ ਹੋਈ, ਜਿਸ ਤੋਂ ਬਾਅਦ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ।
ਪੁਲਿਸ ਨੂੰ ਮਿਲੀ ਜਾਣਕਾਰੀ ਅਨੁਸਾਰ ਦੋਵੇਂ ਸੈਕਟਰ-34 ਪਹੁੰਚੇ ਸਨ, ਜਿੱਥੇ ਮੁੜ ਤਕਰਾਰ ਹੋਈ। ਇਸ ਤੋਂ ਬਾਅਦ ਮਨਜੀਤ ਨੂੰ ਕਾਰ ਵਿੱਚ ਬਿਠਾ ਕੇ ਸੈਕਟਰ-34 ਦੇ ਇੱਕ ਪਾਰਕ ਦੇ ਪਿੱਛੇ ਲਿਜਾਇਆ ਗਿਆ। ਪੁਲਿਸ ਹੁਣ ਇਸ ਪੂਰੇ ਘਟਨਾਕ੍ਰਮ ਨੂੰ ਤਕਨੀਕੀ ਅਤੇ ਵਿਗਿਆਨਕ ਸਬੂਤਾਂ ਨਾਲ ਜੋੜ ਕੇ ਦੇਖ ਰਹੀ ਹੈ।
ਰਿਸ਼ਤੇ ਅਤੇ ਗਰਭ ਨੂੰ ਲੈ ਕੇ ਵੀ ਜਾਂਚ
ਜਾਂਚ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮਨਜੀਤ ਕੌਰ ਲਗਭਗ ਤਿੰਨ ਮਹੀਨੇ ਦੀ ਗਰਭਵਤੀ ਸੀ। ਪੁਲਿਸ ਨੂੰ ਗਰਭ ਵਿੱਚ ਪਲ ਰਹੇ ਬੱਚੇ ਨੂੰ ਲੈ ਕੇ ਵੀ ਵਿਵਾਦ ਦੇ ਸੰਕੇਤ ਮਿਲੇ ਹਨ। ਸੂਤਰਾਂ ਮੁਤਾਬਕ ਪਿੰਦਾ ਨੇ ਰਿੰਕੂ ਅਤੇ ਮਨਜੀਤ ਵਿਚਾਲੇ ਰਿਸ਼ਤੇ ਦੀ ਗੱਲ ਦੱਸੀ ਹੈ, ਪਰ ਪੁਲਿਸ ਨੇ ਇਸ ਦੀ ਅਜੇ ਅਧਿਕਾਰਤ ਪੁਸ਼ਟੀ ਨਹੀਂ ਕੀਤੀ।
ਬੱਚੇ ਦੇ ਪਿਤਾ ਅਤੇ ਇਸ ਵਿਵਾਦ ਨਾਲ ਜੁੜੇ ਹੋਰ ਤੱਥਾਂ ਬਾਰੇ ਸਥਿਤੀ ਡੀ.ਐੱਨ.ਏ. ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਣ ਦੀ ਸੰਭਾਵਨਾ ਹੈ।
ਮੋਰਿੰਡਾ ਵਾਲੀ ਕਹਾਣੀ ਦੀ ਵੀ ਹੋ ਰਹੀ ਜਾਂਚ
ਮਾਮਲੇ ਦੀ ਸ਼ੁਰੂਆਤੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਸੀ ਕਿ ਮਨਜੀਤ ਨੂੰ ਸੈਕਟਰ-34 ਤੋਂ ਅਗਵਾ ਕਰਕੇ ਮੋਰਿੰਡਾ ਲਿਜਾਇਆ ਗਿਆ ਅਤੇ ਉੱਥੇ ਉਸ ਨਾਲ ਵਾਰਦਾਤ ਹੋਈ। ਹੁਣ ਪੁਲਿਸ ਨੂੰ ਮਿਲੇ ਨਵੇਂ ਸੁਰਾਗ ਇਸ ਘਟਨਾਕ੍ਰਮ ਦੀ ਮੁੜ ਜਾਂਚ ਵੱਲ ਇਸ਼ਾਰਾ ਕਰ ਰਹੇ ਹਨ।
ਸ਼ੱਕ ਹੈ ਕਿ ਮਨਜੀਤ ਨਾਲ ਕਥਿਤ ਤੌਰ ’ਤੇ ਸੈਕਟਰ-34 ਵਿੱਚ ਹੀ ਵਾਰਦਾਤ ਕੀਤੀ ਗਈ ਅਤੇ ਬਾਅਦ ਵਿੱਚ ਉਸ ਨੂੰ ਪੰਜਾਬ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ। ਗੰਭੀਰ ਹਾਲਤ ਦੇ ਚਲਦਿਆਂ ਉਸ ਨੂੰ ਅੱਗੇ ਪੀਜੀਆਈ ਵੀ ਲਿਆਂਦਾ ਗਿਆ ਸੀ। ਪੁਲਿਸ ਹੁਣ ਸੈਕਟਰ-34, ਹਸਪਤਾਲਾਂ ਅਤੇ ਹੋਰ ਸਥਾਨਾਂ ਨਾਲ ਜੁੜੇ ਸਬੂਤਾਂ ਨੂੰ ਆਪਸ ਵਿੱਚ ਮਿਲਾ ਰਹੀ ਹੈ।
ਮੋਬਾਈਲ ਡੰਪ ਡਾਟਾ ਤੋਂ ਖੁੱਲ੍ਹ ਸਕਦੇ ਨੇ ਕਈ ਰਾਜ
ਜਾਂਚ ਟੀਮਾਂ ਵੱਲੋਂ ਘਟਨਾ ਵਾਲੀ ਰਾਤ ਸੈਕਟਰ-34 ਅਤੇ ਆਸ-ਪਾਸ ਦੇ ਇਲਾਕੇ ਦਾ ਮੋਬਾਈਲ ਡੰਪ ਡਾਟਾ ਖੰਗਾਲਿਆ ਜਾ ਰਿਹਾ ਹੈ। ਇਸ ਦੇ ਨਾਲ ਕਾਲ ਡਿਟੇਲ ਰਿਕਾਰਡ, ਮੋਬਾਈਲ ਟਾਵਰ ਲੋਕੇਸ਼ਨ ਅਤੇ ਹੋਰ ਤਕਨੀਕੀ ਸਬੂਤਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਦਾ ਮਕਸਦ ਇਹ ਪਤਾ ਲਗਾਉਣਾ ਹੈ ਕਿ ਘਟਨਾ ਦੇ ਸਮੇਂ ਕਿਹੜੇ ਮੋਬਾਈਲ ਨੰਬਰ ਉਸ ਇਲਾਕੇ ਵਿੱਚ ਸਰਗਰਮ ਸਨ ਅਤੇ ਬਾਅਦ ਵਿੱਚ ਸ਼ੱਕੀ ਵਿਅਕਤੀਆਂ ਦੀ ਆਵਾਜਾਈ ਕਿਹੜੇ ਰਸਤਿਆਂ ਰਾਹੀਂ ਹੋਈ।
ਮਾਂ ਦੇ ਸ਼ੱਕ ਤੋਂ ਬਾਅਦ ਪੁਲਿਸ ਨੇ ਤੇਜ਼ ਕੀਤੀ ਜਾਂਚ
ਮਨਜੀਤ ਕੌਰ ਦੀ ਮਾਂ ਵੱਲੋਂ ਸ਼ੁਰੂ ਤੋਂ ਹੀ ਰਿੰਕੂ ਅਤੇ ਪਰਮਿੰਦਰ ਸਿੰਘ ਪਿੰਦਾ ’ਤੇ ਸ਼ੱਕ ਜਤਾਇਆ ਗਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਘਟਨਾ ਵਾਲੀ ਰਾਤ ਦੀ ਕਾਲ ਡਿਟੇਲ ਅਤੇ ਮੋਬਾਈਲ ਲੋਕੇਸ਼ਨ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕੀਤੀ। ਤਕਨੀਕੀ ਜਾਂਚ ਦੌਰਾਨ ਪਿੰਦਾ ਦੀ ਮੌਜੂਦਗੀ ਨਾਲ ਸਬੰਧਤ ਸੁਰਾਗ ਮਿਲਣ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਪੁਲਿਸ ਇਹ ਵੀ ਜਾਂਚ ਰਹੀ ਹੈ ਕਿ ਹਸਪਤਾਲ ਵਿੱਚ ਇਲਾਜ ਦੌਰਾਨ ਸ਼ੱਕ ਦੇ ਘੇਰੇ ਵਿੱਚ ਆਏ ਵਿਅਕਤੀ ਮਨਜੀਤ ਦੇ ਸੰਪਰਕ ਵਿੱਚ ਕਦੋਂ ਅਤੇ ਕਿਵੇਂ ਰਹੇ।
ਹੁਣ ਪੁਲਿਸ ਗ੍ਰਿਫ਼ਤਾਰ ਪਿੰਦਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈਣ ਦੀ ਤਿਆਰੀ ਕਰ ਰਹੀ ਹੈ। ਪੁੱਛਗਿੱਛ ਰਾਹੀਂ ਫ਼ਰਾਰ ਰਿੰਕੂ ਅਤੇ ਸ਼ੁਭੀ ਤੱਕ ਪਹੁੰਚਣ ਦੇ ਨਾਲ-ਨਾਲ ਪੁਲਿਸ ਤਿੰਨ ਮੁੱਖ ਸਵਾਲਾਂ ਦੇ ਜਵਾਬ ਲੱਭ ਰਹੀ ਹੈ—ਮਨਜੀਤ ਨੂੰ ਕਿੱਥੋਂ ਅਤੇ ਕਿਵੇਂ ਲਿਜਾਇਆ ਗਿਆ, ਅਸਲ ਵਾਰਦਾਤ ਕਿੱਥੇ ਹੋਈ ਅਤੇ ਇਸ ਪੂਰੇ ਮਾਮਲੇ ਵਿੱਚ ਕਿਸ-ਕਿਸ ਦੀ ਕੀ ਭੂਮਿਕਾ ਰਹੀ।
ਰਿਪੋਰਟ:- ਅਮਿਤ ਨੱਖਵਾਲ
Related