ਅਮਰੀਕੀ ਫ਼ੌਜ ਵੱਲੋਂ ਇਰਾਨ ਨਾਲ ਜੁੜੇ 5 ਤੇਲ ਟੈਂਕਰਾਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਜਵਾਬ ’ਚ ਇਰਾਨ ਨੇ ਜਾਰਡਨ ਸਥਿਤ ਅਮਰੀਕੀ ਟਿਕਾਣੇ ਵੱਲ ਦਾਗੀਆਂ ਮਿਜ਼ਾਈਲਾਂ

ਤੇਹਰਾਨ(ਅਮਿਤ ਨੱਖਵਾਲ): ਅਮਰੀਕਾ ਅਤੇ ਇਰਾਨ ਵਿਚਾਲੇ ਚੱਲ ਰਿਹਾ ਤਣਾਅ ਇੱਕ ਵਾਰ ਫਿਰ ਗੰਭੀਰ ਰੂਪ ਧਾਰਦਾ ਨਜ਼ਰ ਆ ਰਿਹਾ ਹੈ। ਦੋਵਾਂ ਦੇਸ਼ਾਂ ਵਿਚਾਲੇ ਵਧ ਰਹੇ ਫ਼ੌਜੀ ਟਕਰਾਅ ਨੇ ਖੇਤਰ ਵਿੱਚ ਨਵੀਆਂ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ।

ਰਿਪੋਰਟਾਂ ਮੁਤਾਬਕ ਅਮਰੀਕੀ ਫ਼ੌਜ ਨੇ ਮੰਗਲਵਾਰ ਨੂੰ ਇਰਾਨ ਨਾਲ ਸਬੰਧਤ ਪੰਜ ਤੇਲ ਟੈਂਕਰਾਂ ਨੂੰ ਨਿਸ਼ਾਨਾ ਬਣਾਇਆ। ਇਸ ਕਾਰਵਾਈ ਤੋਂ ਕੁਝ ਘੰਟਿਆਂ ਬਾਅਦ ਇਰਾਨ ਵੱਲੋਂ ਜਾਰਡਨ ਵਿੱਚ ਮੌਜੂਦ ਇੱਕ ਅਮਰੀਕੀ ਫ਼ੌਜੀ ਟਿਕਾਣੇ ਵੱਲ 20 ਬੈਲਿਸਟਿਕ ਮਿਜ਼ਾਈਲਾਂ ਦਾਗੇ ਜਾਣ ਦੀ ਜਾਣਕਾਰੀ ਸਾਹਮਣੇ ਆਈ।

ਜਾਰਡਨ ਦੀ ਫ਼ੌਜ ਨੇ ਦਾਅਵਾ ਕੀਤਾ ਕਿ ਉਸ ਦੇ ਏਅਰ ਡਿਫੈਂਸ ਸਿਸਟਮ ਨੇ 18 ਮਿਜ਼ਾਈਲਾਂ ਨੂੰ ਹਵਾ ਵਿੱਚ ਹੀ ਰੋਕ ਲਿਆ, ਜਦਕਿ ਬਾਕੀ ਦੋ ਮਿਜ਼ਾਈਲਾਂ ਆਬਾਦੀ ਵਾਲੇ ਖੇਤਰਾਂ ਤੋਂ ਦੂਰ ਜਾ ਕੇ ਡਿੱਗੀਆਂ।

ਇਸ ਦੌਰਾਨ ਅਮਰੀਕੀ ਸੈਂਟਰਲ ਕਮਾਂਡ ਨੇ ਦੋਸ਼ ਲਾਇਆ ਕਿ ਇਰਾਨ ਨੇ ਪਿਛਲੇ ਦੋ ਦਿਨਾਂ ਦੌਰਾਨ ਅਮਰੀਕੀ ਨੇਵੀ ਦੇ ਇੱਕ ਜੰਗੀ ਜਹਾਜ਼ ਨੂੰ ਬੈਲਿਸਟਿਕ ਮਿਜ਼ਾਈਲਾਂ ਨਾਲ ਦੋ ਵਾਰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਅਮਰੀਕਾ ਨੇ ਇਸ ਨੂੰ ਇਰਾਨ ਨਾਲ ਜੁੜੇ ਤੇਲ ਟੈਂਕਰਾਂ ਖ਼ਿਲਾਫ਼ ਕੀਤੀ ਗਈ ਕਾਰਵਾਈ ਦਾ ਕਾਰਨ ਦੱਸਿਆ ਹੈ।

ਅਮਰੀਕੀ ਕਾਰਵਾਈ ਤੋਂ ਬਾਅਦ ਇਰਾਨ ਵੱਲੋਂ ਹੋਰਮੁਜ਼ ਸਟ੍ਰੇਟ ਵਿੱਚ ਕਈ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਵੀ ਕੀਤਾ ਗਿਆ ਹੈ। ਇਰਾਨ ਮੁਤਾਬਕ ਇਨ੍ਹਾਂ ਵਿੱਚ ਅਮਰੀਕਾ ਨਾਲ ਸਬੰਧਤ ਦੋ ਜਹਾਜ਼ ਅਤੇ ਅੱਠ ਤੇਲ ਟੈਂਕਰ ਸ਼ਾਮਲ ਹਨ। ਇਰਾਨ ਦਾ ਕਹਿਣਾ ਹੈ ਕਿ ਇਹ ਜਹਾਜ਼ ਉਸ ਵੱਲੋਂ ਪਾਬੰਦੀਸ਼ੁਦਾ ਕਰਾਰ ਦਿੱਤੇ ਖੇਤਰ ਵਿੱਚੋਂ ਲੰਘ ਰਹੇ ਸਨ।

ਇਸ ਤੋਂ ਇਲਾਵਾ ਇਰਾਨ ਨੇ ਇੱਕ ਅਮਰੀਕੀ ਸਬ-ਮਰੀਨ ਡਰੋਨ ਨੂੰ ਆਪਣੇ ਕਬਜ਼ੇ ਵਿੱਚ ਲੈਣ ਦਾ ਵੀ ਦਾਅਵਾ ਕੀਤਾ ਹੈ। ਲਗਾਤਾਰ ਹੋ ਰਹੀਆਂ ਇਨ੍ਹਾਂ ਫ਼ੌਜੀ ਕਾਰਵਾਈਆਂ ਕਾਰਨ ਅਮਰੀਕਾ ਅਤੇ ਇਰਾਨ ਵਿਚਾਲੇ ਤਣਾਅ ਹੋਰ ਵਧਣ ਦੇ ਆਸਾਰ ਬਣ ਗਏ ਹਨ।

ਰਿਪੋਰਟ: ਅਮਿਤ ਨੱਖਵਾਲ