ਲੇਹ ਤੋਂ ਸ੍ਰੀਨਗਰ ਜਾ ਰਿਹਾ ਸੀ ਟਰੱਕ, ਹਾਦਸੇ ’ਚ ਇੱਕ ਹੋਰ ਜਵਾਨ ਗੰਭੀਰ ਜ਼ਖ਼ਮੀ; ਘਰ ਦਾ ਇਕਲੌਤਾ ਕਮਾਊ ਪੁੱਤ ਸੀ ਵਿਸ਼ਾਲ

ਸ੍ਰੀਨਗਰ/ਅਮਿਤ ਨੱਖਵਾਲ: ਲੇਹ ਤੋਂ ਸ੍ਰੀਨਗਰ ਵੱਲ ਫ਼ੌਜੀ ਸਾਮਾਨ ਲੈ ਕੇ ਜਾ ਰਿਹਾ ਇੱਕ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ। ਟਰੱਕ ਦੇ ਡੂੰਘੀ ਖੱਡ ਵਿੱਚ ਜਾ ਡਿੱਗਣ ਕਾਰਨ ਪਠਾਨਕੋਟ ਦੇ ਪਿੰਡ ਫੰਗਤੋਲੀ ਨਾਲ ਸਬੰਧਤ ਗ੍ਰੈੱਫ ਜਵਾਨ ਵਿਸ਼ਾਲ ਸਿੰਘ ਪਠਾਨੀਆ (26) ਦੀ ਮੌਤ ਹੋ ਗਈ। ਹਾਦਸੇ ਵਿੱਚ ਇੱਕ ਹੋਰ ਜਵਾਨ ਵੀ ਗੰਭੀਰ ਜ਼ਖ਼ਮੀ ਹੋਇਆ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਜਾਣਕਾਰੀ ਮੁਤਾਬਕ ਵਿਸ਼ਾਲ ਸਿੰਘ ਪਠਾਨੀਆ ਕਰੀਬ ਤਿੰਨ ਸਾਲ ਪਹਿਲਾਂ ਜਨਰਲ ਰਿਜ਼ਰਵ ਇੰਜਨੀਅਰ ਫੋਰਸ (ਗ੍ਰੈੱਫ) ਵਿੱਚ ਡਰਾਈਵਰ ਵਜੋਂ ਭਰਤੀ ਹੋਇਆ ਸੀ। ਹਾਦਸੇ ਦੇ ਸਮੇਂ ਉਹ ਫ਼ੌਜੀ ਸਾਮਾਨ ਲੈ ਕੇ ਲੇਹ ਤੋਂ ਸ੍ਰੀਨਗਰ ਵੱਲ ਜਾ ਰਿਹਾ ਸੀ। ਰਸਤੇ ਵਿੱਚ ਟਰੱਕ ਅਚਾਨਕ ਬੇਕਾਬੂ ਹੋ ਗਿਆ ਅਤੇ ਸੜਕ ਤੋਂ ਹੇਠਾਂ ਡੂੰਘੀ ਖੱਡ ਵਿੱਚ ਜਾ ਡਿੱਗਿਆ। ਹਾਦਸਾ ਇੰਨਾ ਗੰਭੀਰ ਸੀ ਕਿ ਵਿਸ਼ਾਲ ਦੀ ਜਾਨ ਨਹੀਂ ਬਚਾਈ ਜਾ ਸਕੀ।

ਵਿਸ਼ਾਲ ਦੇ ਪਿਤਾ ਮਹਿੰਦਰ ਸਿੰਘ ਪਠਾਨੀਆ ਵੀ ਗ੍ਰੈੱਫ ਵਿਭਾਗ ਵਿੱਚ ਸੇਵਾ ਨਿਭਾਉਣ ਤੋਂ ਬਾਅਦ ਸੇਵਾਮੁਕਤ ਹੋਏ ਹਨ। ਪਰਿਵਾਰ ਲਈ ਸਭ ਤੋਂ ਵੱਡਾ ਦੁੱਖ ਇਹ ਹੈ ਕਿ ਵਿਸ਼ਾਲ ਘਰ ਦਾ ਇਕਲੌਤਾ ਕਮਾਊ ਪੁੱਤ ਸੀ। ਉਸ ਦੀ ਪਤਨੀ ਨੌਂ ਮਹੀਨਿਆਂ ਦੀ ਗਰਭਵਤੀ ਦੱਸੀ ਜਾ ਰਹੀ ਹੈ।

ਵਿਸ਼ਾਲ ਦੀ ਮੌਤ ਦੀ ਖ਼ਬਰ ਪਿੰਡ ਵਿੱਚ ਪਹੁੰਚਦਿਆਂ ਹੀ ਸੋਗ ਦੀ ਲਹਿਰ ਦੌੜ ਗਈ। ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਪੀੜਤ ਪਰਿਵਾਰ ਨੂੰ ਯੋਗ ਵਿੱਤੀ ਸਹਾਇਤਾ ਦੇਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਸ਼ਾਲ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦੀ ਵੀ ਅਪੀਲ ਕੀਤੀ ਹੈ, ਤਾਂ ਜੋ ਪਰਿਵਾਰ ਨੂੰ ਭਵਿੱਖ ਵਿੱਚ ਆਰਥਿਕ ਸਹਾਰਾ ਮਿਲ ਸਕੇ।

ਰਿਪੋਰਟ: ਅਮਿਤ ਨੱਖਵਾਲ