ਲੰਬੀ ਬਿਮਾਰੀ ਤੋਂ ਬਾਅਦ ਹੋਇਆ ਦਿਹਾਂਤ, ਦੋ ਨੰਨ੍ਹੇ ਬੱਚਿਆਂ ਦੇ ਸਿਰ ਤੋਂ ਉੱਠਿਆ ਪਿਤਾ ਦਾ ਸਾਇਆ

ਅਮਿਤ ਨੱਖਵਾਲ/ਫ਼ਰੀਦਕੋਟ, 31 ਅਗਸਤ: ਫ਼ਰੀਦਕੋਟ ਇਲਾਕੇ ਤੋਂ ਖੇਡ ਜਗਤ ਨੂੰ ਝੰਜੋੜ ਦੇਣ ਵਾਲੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪੰਜਾਬ ਦੇ ਜਾਣੇ-ਪਛਾਣੇ ਕਬੱਡੀ ਖਿਡਾਰੀ ਸੁਖਜਿੰਦਰ ਸਿੰਘ ਉਰਫ਼ ਸੁੱਖਾ ਬੀਹਲੇ ਵਾਲਾ ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਉਹ ਪਿਛਲੇ ਕਾਫ਼ੀ ਸਮੇਂ ਤੋਂ ਜਿਗਰ ਦੀ ਗੰਭੀਰ ਬਿਮਾਰੀ ਨਾਲ ਪੀੜਤ ਸਨ। ਉਨ੍ਹਾਂ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ, ਪਿੰਡ ਅਤੇ ਕਬੱਡੀ ਨਾਲ ਜੁੜੇ ਖਿਡਾਰੀਆਂ ਵਿੱਚ ਸੋਗ ਦੀ ਲਹਿਰ ਦੌੜ ਗਈ।

ਸੁੱਖਾ ਬੀਹਲੇ ਵਾਲਾ ਨੇ ਛੋਟੀ ਉਮਰ ਵਿੱਚ ਹੀ ਕਬੱਡੀ ਦੇ ਮੈਦਾਨ ਵਿੱਚ ਕਦਮ ਰੱਖ ਦਿੱਤਾ ਸੀ। ਸਕੂਲ ਸਮੇਂ ਤੋਂ ਖੇਡ ਨਾਲ ਜੁੜੇ ਸੁੱਖਾ ਨੇ ਥੋੜ੍ਹੇ ਹੀ ਸਮੇਂ ਵਿੱਚ ਪੇਂਡੂ ਖੇਡ ਮੇਲਿਆਂ ਵਿੱਚ ਆਪਣੀ ਵੱਖਰੀ ਪਛਾਣ ਬਣਾ ਲਈ ਸੀ। ਕਬੱਡੀ ਕੋਚ ਗੁਰਦੀਪ ਸਿੰਘ ਮੱਲ੍ਹੀ ਦੇ ਪਸੰਦੀਦਾ ਖਿਡਾਰੀਆਂ ਵਿੱਚ ਉਨ੍ਹਾਂ ਦਾ ਨਾਮ ਵੀ ਸ਼ਾਮਲ ਦੱਸਿਆ ਜਾਂਦਾ ਹੈ।

ਪਿੰਡ ਵਾਸੀਆਂ ਮੁਤਾਬਕ, ਆਪਣੇ ਖੇਡ ਕਰੀਅਰ ਦੌਰਾਨ ਸੁੱਖਾ ਬੀਹਲੇ ਵਾਲਾ ਦੀਆਂ ਰੇਡਾਂ ਦੇਖਣ ਲਈ ਦਰਸ਼ਕਾਂ ਦੀ ਭੀੜ ਇਕੱਠੀ ਹੁੰਦੀ ਸੀ। ਕਈ ਖੇਡ ਮੇਲਿਆਂ ਵਿੱਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਖਿਡਾਰੀਆਂ ਅਤੇ ਦਰਸ਼ਕਾਂ ਵੱਲੋਂ ਖੂਬ ਸਰਾਹਨਾ ਕੀਤੀ ਜਾਂਦੀ ਸੀ। ਉਨ੍ਹਾਂ ਨੇ ਆਪਣੇ ਇਲਾਕੇ ਦੇ ਕਈ ਨੌਜਵਾਨਾਂ ਨੂੰ ਵੀ ਕਬੱਡੀ ਵੱਲ ਪ੍ਰੇਰਿਤ ਕੀਤਾ।

ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਗੰਭੀਰ ਬਿਮਾਰੀ ਨੇ ਹੌਲੀ-ਹੌਲੀ ਉਨ੍ਹਾਂ ਨੂੰ ਖੇਡ ਦੇ ਮੈਦਾਨ ਤੋਂ ਦੂਰ ਕਰ ਦਿੱਤਾ। ਇਲਾਜ ਦੌਰਾਨ ਪਰਿਵਾਰ ਦੀ ਜਮ੍ਹਾਂ ਪੂੰਜੀ ਵੀ ਖ਼ਰਚ ਹੋ ਗਈ, ਪਰ ਕਈ ਕੋਸ਼ਿਸ਼ਾਂ ਦੇ ਬਾਵਜੂਦ ਸੁੱਖਾ ਨੂੰ ਬਚਾਇਆ ਨਹੀਂ ਜਾ ਸਕਿਆ।

ਪਰਿਵਾਰਕ ਹਾਲਾਤ ਵੀ ਬੇਹੱਦ ਮੁਸ਼ਕਲ ਦੱਸੇ ਜਾ ਰਹੇ ਹਨ। ਸੁੱਖਾ ਆਪਣੇ ਪਿੱਛੇ ਬਜ਼ੁਰਗ ਮਾਂ ਅਤੇ ਦੋ ਛੋਟੇ ਬੱਚੇ ਛੱਡ ਗਏ ਹਨ, ਜਿਨ੍ਹਾਂ ਦੀ ਉਮਰ ਕਰੀਬ 5 ਅਤੇ 6 ਸਾਲ ਦੱਸੀ ਜਾਂਦੀ ਹੈ। ਪਰਿਵਾਰ ਅਨੁਸਾਰ, ਘਰ ਵਿੱਚ ਹੁਣ ਕਮਾਈ ਦਾ ਕੋਈ ਪੱਕਾ ਸਾਧਨ ਨਹੀਂ ਬਚਿਆ।

ਸੁੱਖਾ ਦੀ ਮਾਤਾ ਮਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਬਚਪਨ ਤੋਂ ਹੀ ਕਬੱਡੀ ਨੂੰ ਸਮਰਪਿਤ ਸੀ। ਉਸ ਨੇ ਆਪਣੀ ਮਿਹਨਤ ਨਾਲ ਖੇਡ ਦੇ ਖੇਤਰ ਵਿੱਚ ਨਾਮ ਬਣਾਇਆ ਅਤੇ ਹੋਰ ਨੌਜਵਾਨਾਂ ਨੂੰ ਵੀ ਕਬੱਡੀ ਖੇਡਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਦੱਸਿਆ ਕਿ ਪੁੱਤਰ ਦੇ ਇਲਾਜ ’ਤੇ ਪਰਿਵਾਰ ਦੀ ਸਾਰੀ ਬਚਤ ਲੱਗ ਗਈ, ਪਰ ਅੰਤ ਵਿੱਚ ਉਹ ਉਸ ਨੂੰ ਬਚਾਉਣ ਵਿੱਚ ਕਾਮਯਾਬ ਨਹੀਂ ਹੋ ਸਕੇ।

ਮਨਜੀਤ ਕੌਰ ਖੁਦ ਵੀ ਸਿਹਤ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੀ ਹੈ ਅਤੇ ਉਨ੍ਹਾਂ ਦੇ ਦੋ ਆਪ੍ਰੇਸ਼ਨ ਹੋ ਚੁੱਕੇ ਹਨ। ਅਜਿਹੇ ਵਿੱਚ ਪਰਿਵਾਰ ਸਾਹਮਣੇ ਦੋ ਬੱਚਿਆਂ ਦੀ ਦੇਖਭਾਲ ਅਤੇ ਭਵਿੱਖ ਨੂੰ ਲੈ ਕੇ ਵੱਡੀ ਚਿੰਤਾ ਖੜ੍ਹੀ ਹੋ ਗਈ ਹੈ।

ਪਰਿਵਾਰ ਨੇ ਸਰਕਾਰ, ਸਮਾਜਿਕ ਸੰਸਥਾਵਾਂ, ਕਬੱਡੀ ਕਲੱਬਾਂ ਅਤੇ ਖੇਡ ਪ੍ਰੇਮੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੁਸ਼ਕਲ ਘੜੀ ਵਿੱਚ ਪਰਿਵਾਰ ਦੀ ਬਾਂਹ ਫੜਨ ਅਤੇ ਦੋਵਾਂ ਬੱਚਿਆਂ ਦੀ ਪੜ੍ਹਾਈ ਤੇ ਭਵਿੱਖ ਲਈ ਆਰਥਿਕ ਸਹਾਇਤਾ ਮੁਹੱਈਆ ਕਰਵਾਉਣ।

ਰਿਪੋਰਟ:- ਅਮਿਤ ਨੱਖਵਾਲ