ਫਰੀਦਕੋਟ (ਵਿਪਨ ਮਿੱਤਲ) :- ਬੀਤੀ 26 ਅਕਤੂਬਰ ਨੂੰ ਲਾਇਨਜ਼ ਕਲੱਬ ਫਰੀਦਕੋਟ ਵੱਲੋ ਸਵ: ਸ. ਤਾਰਾ ਸਿੰਘ ਗਿੱਲ ਦੀ ਯਾਦ ਨੂੰ ਸਮਰਪਿਤ ਲਾਇਨ ਭਵਨ ਫਰੀਦਕੋਟ ਵਿਖੇ ਇੱਕ ਵਿਸ਼ਾਲ ਕੈਂਪ ਕਲੱਬ ਪ੍ਰਧਾਨ ਮੋਹਿਤ ਗੁਪਤਾ ਦੀ ਰਹਿਨੁਮਾਈ ਹੇਠ ਲਗਾਇਆ ਗਿਆ ਸੀ। ਇਸ ਕੈਂਪ ਵਿੱਚ 89 ਮਰੀਜ਼ਾਂ ਨੂੰ ਅਪਰੇਸ਼ਨ ਲਈ ਚੁਣਿਆ ਗਿਆ ਸੀ। ਜਿੰਨਾਂ ਦੇ ਅਪਰੇਸ਼ਨ ਫੇਕੋ ਮਸ਼ੀਨ ਨਾਲ ਕਰ ਕੇ ਲੈਨਜ਼ ਪਾਏ ਜਾਣੇ ਸਨ। ਇਸ ਸਬੰਧ ਵਿੱਚ ਅੱਖਾਂ ਦੇ ਅਪਰੇਸ਼ਨ ਕਰਵਾਕੇ ਅੱਜ ਮਰੀਜ਼ ਵਾਪਸ ਲਾਇਨ ਭਵਨ ਫਰੀਦਕੋਟ ਵਿਖੇ ਪਹੁੰਚ ਗਏ ਹਨ । ਇਹਨਾਂ ਮਰੀਜਾਂ ਦੇ ਸਵਾਗਤ ਲਈ ਕਲੱਬ ਪ੍ਰਧਾਨ ਮੋਹਿਤ ਗੁਪਤਾ,ਗੁਰਚਰਨ ਗਿੱਲ ਪ੍ਰੋਜੈਕਟ ਚੇਅਰਮੈਨ, ਅਮਰੀਕ ਸਿੰਘ ਖਾਲਸਾ ਤੇ ਕਲੱਬ ਦੇ ਹੋਰ ਮੈਂਬਰ ਪਹਿਲਾ ਹੀ ਮੌਜੂਦ ਸਨ। ਅਪਰੇਸ਼ਨ ਕਰਵਾਕੇ ਆਏ ਮਰੀਜਾਂ ਦੇ ਚਿਹਰੇ ਤੇ ਖੁਸ਼ੀ ਦੇ ਪ੍ਰਭਾਵ ਦੇਖਣ ਨੂੰ ਮਿਲ ਰਹੇ ਸਨ। ਅਪਰੇਸ਼ਨ ਤੋ ਪਰਤੇ ਗੰਗਾ ਰਾਮ ਮੁਹੱਲਾ ਖੋਖਰਾ ਵਾਲਾ,ਬਲਜੀਤ ਸਿੰਘ ਕੰਮੇਆਣਾ ਚੌਕ ਫਰੀਦਕੋਟ,ਪ੍ਰੀਤਮ ਕੌਰ ਪਿੰਡ ਸਮਾਲਸਰ, ਮਨਜੀਤ ਕੌਰ ਪਿੰਡ ਪੱਕਾ,ਬਲਦੇਵ ਸਿੰਘ, ਸੁਖਦਿਆਲ ਸਿੰਘ ਪਿੰਡ ਭਾਗਥਲਾ ਤੇ ਰੇਸ਼ਮ ਸਿੰਘ ਪਿੰਡ ਧੂਲਕੋਟ ਨੂੰ ਉਹਨਾਂ ਦੇ ਅੱਖਾਂ ਦੇ ਅਪਰੇਸ਼ਨ ਬਾਰੇ ਪੁੱਛਿਆ ਗਿਆ ਤਾ ਖੁਸ਼ੀ ਨਾਲ ਦੱਸਦੇ ਹੋਏ ਉਹਨਾਂ ਨੇ ਕਿਹਾ ਕਿ ਬਹੁਤ ਵਧੀਆ ਅਪਰੇਸ਼ਨ ਹੋਏ ਹਨ ਤੇ ਹਸਪਤਾਲ ਵਿੱਚ ਵੀ ਉਹਨਾਂ ਦੀ ਬਹੁਤ ਵਧੀਆ ਦੇਖ-ਭਾਲ ਕੀਤੀ ਗਈ ਹੈ ਤੇ ਸਾਡੇ ਤੋ ਕੋਈ ਵੀ ਰਕਮ ਨਹੀਂ ਲਈ ਗਈ। ਮਰੀਜਾਂ ਨੇ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ। ਅੱਜ ਫਿਰ ਮਰੀਜਾਂ ਨੂੰ ਕਲੱਬ ਵੱਲੋ ਅੱਖਾਂ ਦੇ ਅਪਰੇਸ਼ਨ ਕਰਵਾਉਣ ਲਈ ਆਈ ਕੇਅਰ ਸੈਂਟਰ ਦੀ ਬੱਸ ਰਾਹੀ ਲਾਇਨ ਭਵਨ ਫਰੀਦਕੋਟ ਤੋ ਜੈਤੋ ਲਈ ਤਕਰੀਬਨ 35 ਮਰੀਜਾਂ ਨੂੰ ਰਵਾਨਾ ਕੀਤਾ ਗਿਆ। ਇਸ ਮੌਕੇ ਕਲੱਬ ਪ੍ਰਧਾਨ ਮੋਹਿਤ ਗੁਪਤਾ,ਲੁਕਿੰਦਰ ਸ਼ਰਮਾ, ਅਮਰੀਕ ਸਿੰਘ ਖਾਲਸਾ,ਕੇ.ਪੀ.ਸਿੰਘ ਸਰਾਂ,ਚੰਦਨ ਕੱਕੜ,ਗੁਰਮੇਲ ਜੱਸਲ ਆਦਿ ਕਲੱਬ ਮੈਂਬਰ ਬੱਸ ਦੀ ਰਵਾਨਗੀ ਸਮੇਂ ਮੌਜੂਦ ਸਨ। ਕਲੱਬ ਪ੍ਰਧਾਨ ਮੋਹਿਤ ਗੁਪਤਾ ਨੇ ਦੱਸਿਆ ਕਿ ਜਿੰਨਾਂ ਮਰੀਜਾਂ ਨੂੰ ਅੱਜ ਰਵਾਨਾ ਕੀਤਾ ਗਿਆ ਹੈ ਇਹ ਮਰੀਜ਼ ਕੱਲ ਨੂੰ ਲਾਇਨਜ਼ ਕਲੱਬ ਦੀ ਬੱਸ ਰਾਹੀ ਵਾਪਸ ਪਰਤਣਗੇ। ਇਸ ਸਬੰਧੀ ਮੈਂਬਰਾਂ ਦੀਆ ਡਿਊਟੀਆਂ ਲਗਾ ਦਿੱਤੀਆਂ ਹਨ ਜੋ ਸਮੇਂ ਸਮੇਂ ਮਰੀਜਾਂ ਨੂੰ ਆਈ ਕੇਅਰ ਸੈਂਟਰ ਜਾ ਕੇ ਮਰੀਜ਼ਾਂ ਦੀ ਦੇਖਭਾਲ ਕਰਨਗੀਆਂ। ਗੁਰਚਰਨ ਗਿੱਲ ਦੀ ਅਗਵਾਈ ਵਿੱਚ ਅੱਜ ਕਲੱਬ ਮੈਂਬਰ ਆਈ ਕੇਅਰ ਸੈਂਟਰ ਵਿਖੇ ਜਾਣਗੇ ਜੋ ਮਰੀਜਾਂ ਨੂੰ ਰਾਤ ਦਾ ਖਾਣਾ ਖਵਾ ਕੇ ਆਉਣਗੇ। ਮੋਹਿਤ ਗੁਪਤਾ ਨੇ ਹਸਪਤਾਲ ਦੇ ਡਾਕਟਰਾਂ ਅਤੇ ਆਪਣੇ ਸਾਰੇ ਕਲੱਬ ਮੈਂਬਰ ਦਾ ਧੰਨਵਾਦ ਕੀਤਾ ਜਿੰਨਾਂ ਨੇ ਇਸ ਕੈਂਪ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਹੈ। ਇਹ ਸਾਰੀ ਜਾਣਕਾਰੀ ਕਲੱਬ ਮੈਂਬਰ ਕੇ.ਪੀ.ਸਿੰਘ ਸਰਾਂ ਵੱਲੋਂ ਦਿੱਤੀ ਗਈ।