ਜਲੰਧਰ (ਅਮਰਪ੍ਰੀਤ ਸਿੰਘ) : ਕੱਲ ਭਾਰਗੋ ਕੈਂਪ ਵਿੱਚ ਵਿਜੇ ਜਿਊਲਰ ਦੀ ਦੁਕਾਨ ’ਤੇ ਦਿਨ ਦਿਹਾੜੇ ਹੋਈ ਲੁੱਟ ਦੀ ਘਟਨਾ ਨੇ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਹ ਘਟਨਾ ਕਾਨੂੰਨ ਵਿਵਸਥਾ ’ਤੇ ਗੰਭੀਰ ਸਵਾਲ ਖੜੇ ਕਰਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਹੁਣ ਕੋਈ ਵੀ ਕੋਨਾ ਐਸਾ ਨਹੀਂ ਬਚਿਆ ਜਿੱਥੇ ਲੁਟੇਰਿਆਂ ਦਾ ਖੌਫ ਨਾ ਹੋਵੇ।ਸਾਬਕਾ ਮੈਂਬਰ ਕਮਿਸ਼ਨ ਪੰਜਾਬ ਸਰਕਾਰ ਲੱਖਾ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬਾਨ ਨੂੰ ਕਾਨੂੰਨ ਵਿਵਸਥਾ ‘ਤੇ ਸਖ਼ਤ ਨਿਗਰਾਨੀ ਕਰਨੀ ਚਾਹੀਦੀ ਹੈ, ਤਾਂ ਜੋ ਲੋਕਾਂ ਦਾ ਸਰਕਾਰ ‘ਤੇ ਭਰੋਸਾ ਮੁੜ ਬਹਾਲ ਹੋ ਸਕੇ। ਉਹਨਾਂ ਕਿਹਾ ਕਿ ਇਕ ਭੀੜ ਵਾਲੇ ਇਲਾਕੇ ਵਿੱਚ ਦਿਨ ਦਿਹਾੜੇ ਹੋਈ ਲੁੱਟ ਪ੍ਰਸ਼ਾਸਨ ਦੀ ਵੱਡੀ ਨਲਾਇਕੀ ਨੂੰ ਦਰਸਾਉਂਦੀ ਹੈ।ਲੱਖਾ ਸਿੰਘ ਨੇ ਕਿਹਾ ਕਿ ਹਰ ਰੋਜ਼ ਲੁੱਟ, ਗੋਲੀਬਾਰੀ ਤੇ ਸਨੇਚਿੰਗ ਵਰਗੀਆਂ ਘਟਨਾਵਾਂ ਆਮ ਹੋ ਗਈਆਂ ਹਨ, ਜਿਸ ਕਾਰਨ ਲੋਕਾਂ ਵਿੱਚ ਬੇਵਿਸ਼ਵਾਸੀ ਵਧ ਰਹੀ ਹੈ। ਉਹਨਾਂ ਮੰਗ ਕੀਤੀ ਕਿ ਸਰਕਾਰ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਢੁਕਵੇਂ ਪ੍ਰਬੰਧ ਕਰੇ ਅਤੇ ਮੁਜਰਮਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ, ਤਾਂ ਜੋ ਦੁਬਾਰਾ ਇਹੋ ਜਿਹੀ ਘਟਨਾ ਨਾ ਹੋਵੇ।ਉਹਨਾਂ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਉਹਨਾਂ ਦਾ ਮੁਢਲਾ ਅਧਿਕਾਰ ਹੈ, ਜਿਸ ਨੂੰ ਸਰਕਾਰ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਜੇ ਸਰਕਾਰਾਂ ਨੇ ਤੁਰੰਤ ਕਦਮ ਨਾ ਚੁੱਕੇ, ਤਾਂ ਲੋਕਾਂ ਦਾ ਵਿਸ਼ਵਾਸ ਬਹਾਲ ਕਰਨਾ ਔਖਾ ਹੋ ਜਾਵੇਗਾ।