ਪੈਰਾ ਮੈਡੀਕਲ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਫਿਰੋਜ਼ਪੁਰ ਇਕਾਈ ਦੀ ਚੋਣ, ਨਰਿੰਦਰ ਸਿੰਘ ਕਮਿਊਨਿਟੀ ਹੈਲਥ ਅਫ਼ਸਰ ਬਣੇ ਜ਼ਿਲ੍ਹਾ ਪ੍ਰਧਾਨ
ਜਤਿੰਦਰ ਪਿੰਕਲ, ਫਿਰੋਜ਼ਪੁਰ
ਪੈਰਾ ਮੈਡੀਕਲ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਫਿਰੋਜ਼ਪੁਰ ਇਕਾਈ ਦੀ ਚੋਣ ਅੱਜ ਭਾਈ ਮਰਦਾਨਾ ਯਾਦਗਾਰੀ ਹਾਲ, ਸਿਵਲ ਹਸਪਤਾਲ ਫਿਰੋਜ਼ਪੁਰ ਦੇ ਨਜ਼ਦੀਕ ਨਰਿੰਦਰ ਸ਼ਰਮਾ ਅਤੇ ਰਾਮ ਪ੍ਰਸ਼ਾਦ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਇਸ ਚੋਣ ਦੌਰਾਨ ਨਰਿੰਦਰ ਸਿੰਘ ਕਮਿਊਨਿਟੀ ਹੈਲਥ ਅਫ਼ਸਰ ਨੂੰ ਸਰਬਸੰਮਤੀ ਨਾਲ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਪੈਰਾ ਮੈਡੀਕਲ ਸਿਹਤ ਕਰਮਚਾਰੀ ਯੂਨੀਅਨ ਪੰਜਾਬ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸਭ ਤੋਂ ਪਹਿਲਾਂ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਚੋਣ ਕਰਵਾਈ ਗਈ ਹੈ। ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਚੋਣ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਮੋਗਾ ਵਿਖੇ ਯੂਨੀਅਨ ਦਾ ਵਿਸ਼ਾਲ ਸੂਬਾ ਪੱਧਰੀ ਚੋਣ ਇਜਲਾਸ ਕਰਵਾਇਆ ਜਾਵੇਗਾ।
ਚੋਣ ਦੌਰਾਨ ਸਰਦਾਰ ਕੌਰਜੀਤ ਸਿੰਘ ਨੂੰ ਚੇਅਰਮੈਨ, ਜਸਵਿੰਦਰ ਸਿੰਘ ਕੌੜਾ ਅਤੇ ਪ੍ਰੀਤ ਮਖੀਜਾ ਨੂੰ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ। ਗੁਰਜੀਤ ਸਿੰਘ, ਸਤਨਾਮ ਸਿੰਘ, ਬਲਜੀਤ ਕੌਰ ਕਸੂਆਣਾ, ਕਰਨਜੀਤ ਸਿੰਘ, ਕਿਰਨਪਾਲ ਕੌਰ ਗੁਰੂ ਹਰਸਹਾਏ ਅਤੇ ਰਮੇਸ਼ ਕੁਮਾਰ ਫਿਰੋਜ਼ਸ਼ਾਹ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ।
ਇਸੇ ਤਰ੍ਹਾਂ ਰਜਵੰਤ ਕੌਰ ਆਸ਼ਾ ਵਰਕਰ, ਅਜੀਤ ਗਿੱਲ, ਚਰਨਜੀਤ ਕੌਰ ਆਮ ਆਦਮੀ ਕਲੀਨਿਕ ਫਾਰਮਾਸਿਸਟ ਅਤੇ ਪਰਮਜੀਤ ਕੌਰ ਐਲ.ਐਚ.ਵੀ. ਗੁਰੂ ਹਰਸਹਾਏ ਨੂੰ ਮੀਤ ਪ੍ਰਧਾਨ ਬਣਾਇਆ ਗਿਆ। ਮੋਨਿਕਾ ਬੇਦੀ, ਕ੍ਰਿਸ਼ਨਾ ਨਰਸਿੰਗ ਸਿਸਟਰ ਅਤੇ ਲਖਵਿੰਦਰ ਕੌਰ ਸਟਾਫ਼ ਨਰਸ ਫਿਰੋਜ਼ਪੁਰ ਕੈਂਟ ਨੂੰ ਵਧੀਕ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ।
ਗੁਰਮੇਲ ਸਿੰਘ, ਪਲਵਿੰਦਰ ਕੌਰ, ਗੁਰਦੇਵ ਸਿੰਘ ਅਤੇ ਗੁਰਮੀਤ ਕੌਰ ਏ.ਐਨ.ਐਮ. ਨੂੰ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਜਥੇਬੰਦਕ ਸਕੱਤਰ, ਪ੍ਰੈੱਸ ਸਕੱਤਰ, ਪ੍ਰਚਾਰ ਸਕੱਤਰ, ਦਫ਼ਤਰੀ ਸਕੱਤਰ, ਕਾਨੂੰਨੀ ਸਲਾਹਕਾਰ ਅਤੇ ਮੁੱਖ ਬੁਲਾਰਿਆਂ ਸਮੇਤ ਵੱਖ-ਵੱਖ ਅਹੁਦਿਆਂ ਲਈ ਵੀ ਯੂਨੀਅਨ ਦੇ ਮੈਂਬਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ।
ਇਸ ਮੌਕੇ ਵੱਡੀ ਗਿਣਤੀ ਵਿੱਚ ਸਿਹਤ ਵਿਭਾਗ ਦੇ ਮੁਲਾਜ਼ਮਾਂ ਅਤੇ ਸਟਾਫ਼ ਮੈਂਬਰਾਂ ਨੂੰ ਐਕਟਿਵ ਮੈਂਬਰਾਂ ਵਜੋਂ ਜਥੇਬੰਦੀ ਵਿੱਚ ਸ਼ਾਮਲ ਕੀਤਾ ਗਿਆ। ਇਸ ਤਰ੍ਹਾਂ ਯੂਨੀਅਨ ਦੀ ਜ਼ਿਲ੍ਹਾ ਇਕਾਈ ਨੂੰ ਮਜ਼ਬੂਤ ਕਰਨ ਲਈ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਮੁਲਾਜ਼ਮਾਂ ਨੂੰ ਜਥੇਬੰਦਕ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਫੈਡਰੇਸ਼ਨ ਦੇ ਆਗੂ ਗੁਰਜੰਟ ਸਿੰਘ ਕੋਕਰੀ, ਰਣਧੀਰ ਸਿੰਘ ਫਤਿਹਗੜ੍ਹ ਸਾਹਿਬ, ਐਲਵਨ ਭੱਟੀ, ਰਾਮ ਅਵਤਾਰ, ਸੁਧੀਰ ਅਤੇ ਐਂਗਲ ਜੈਂਡਰ ਟੀਚਰ ਜਥੇਬੰਦੀ ਦੇ ਆਗੂ ਮਲਕੀਤ ਸਿੰਘ ਹਰਾਜ ਤੇ ਸਰਬਜੀਤ ਸਿੰਘ ਭਾਵੜਾ ਹਾਜ਼ਰ ਸਨ। ਇਸ ਦੌਰਾਨ ਫੂਡ ਇੰਸਪੈਕਟਰ ਅਭਿਨਵ ਖੋਸਲਾ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ।
ਅਖੀਰ ਵਿੱਚ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਕਮਿਊਨਿਟੀ ਹੈਲਥ ਅਫ਼ਸਰ ਨੇ ਯੂਨੀਅਨ ਦੇ ਸਮੂਹ ਆਗੂਆਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਪੂਰੀ ਇਮਾਨਦਾਰੀ, ਤਨਦੇਹੀ ਅਤੇ ਮਿਹਨਤ ਨਾਲ ਨਿਭਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਯੂਨੀਅਨ ਵੱਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਸਬੰਧੀ ਮੰਗ ਪੱਤਰ ਤਿਆਰ ਕਰਕੇ ਸਿਵਲ ਸਰਜਨ ਫਿਰੋਜ਼ਪੁਰ ਨਾਲ ਮੀਟਿੰਗ ਕੀਤੀ ਜਾਵੇਗੀ। ਇਸ ਦੇ ਨਾਲ ਹੀ ਮੁਲਾਜ਼ਮਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਕਰਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।
