ਤਿਉਹਾਰਾਂ ਦੇ ਸੀਜ਼ਨ ’ਚ ਮਠਿਆਈਆਂ ਦੀਆਂ ਦੁਕਾਨਾਂ ’ਤੇ ਸਿਹਤ ਵਿਭਾਗ ਦੀ ਛਾਪੇਮਾਰੀ, ਚਾਰ ਸੈਂਪਲ ਭਰੇ

ਫਗਵਾੜਾ, ਪੰਕਜ, ਮੁਨੀਸ਼।

ਦੀਵਾਲੀ-2026 ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਲੋਕਾਂ ਨੂੰ ਸਾਫ਼-ਸੁਥਰੀਆਂ ਅਤੇ ਮਿਆਰੀ ਖਾਣ-ਪੀਣ ਵਾਲੀਆਂ ਵਸਤਾਂ ਮੁਹੱਈਆ ਕਰਵਾਉਣ ਲਈ ਪ੍ਰਸ਼ਾਸਨ ਵੱਲੋਂ ਜਾਂਚ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਇਸੇ ਤਹਿਤ ਐਸ.ਡੀ.ਐਮ. ਫਗਵਾੜਾ ਦੀ ਅਗਵਾਈ ਹੇਠ ਅੱਜ ਸ਼ਹਿਰ ਦੀਆਂ ਪ੍ਰਮੁੱਖ ਮਠਿਆਈਆਂ ਦੀਆਂ ਦੁਕਾਨਾਂ ਦੀ ਵਿਸ਼ੇਸ਼ ਜਾਂਚ ਕੀਤੀ ਗਈ।

ਇਸ ਜਾਂਚ ਮੁਹਿੰਮ ਦੌਰਾਨ ਅਸਿਸਟੈਂਟ ਕਮਿਸ਼ਨਰ ਫੂਡ, ਕਪੂਰਥਲਾ ਅਤੇ ਫੂਡ ਸੇਫਟੀ ਅਫ਼ਸਰ, ਏਰੀਆ-2 ਦੀ ਟੀਮ ਵੱਲੋਂ ਕੁੱਲ ਚਾਰ ਸੈਂਪਲ ਭਰੇ ਗਏ। ਇਨ੍ਹਾਂ ਵਿੱਚ ਚਾਕਲੇਟ ਬਰਫ਼ੀ, ਚਣਾ ਬਰਫ਼ੀ, ਮਿਲਕ ਪੇੜਾ ਅਤੇ ਕਾਜੂ ਕਤਲੀ ਸ਼ਾਮਲ ਹਨ। ਸਾਰੇ ਸੈਂਪਲ ਜਾਂਚ ਅਤੇ ਵਿਸ਼ਲੇਸ਼ਣ ਲਈ ਸਟੇਟ ਫੂਡ ਲੈਬਾਰਟਰੀ ਭੇਜ ਦਿੱਤੇ ਗਏ ਹਨ। ਰਿਪੋਰਟ ਆਉਣ ਤੋਂ ਬਾਅਦ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਦੀਵਾਲੀ ਦੇ ਤਿਉਹਾਰ ਦੌਰਾਨ ਖਾਣ-ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ ਅਤੇ ਸੁਰੱਖਿਆ ਯਕੀਨੀ ਬਣਾਉਣ ਲਈ ਐਸ.ਡੀ.ਐਮ. ਫਗਵਾੜਾ ਵੱਲੋਂ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਹੈ। ਇਸ ਟੀਮ ਵਿੱਚ ਤਹਿਸੀਲਦਾਰ, ਨਗਰ ਨਿਗਮ ਦੇ ਅਧਿਕਾਰੀ, ਫੂਡ ਸੇਫਟੀ ਅਫ਼ਸਰ, ਸਿਟੀ ਪੁਲਿਸ ਦੇ ਮੁੱਖ ਅਧਿਕਾਰੀ, ਸੈਨੀਟੇਸ਼ਨ ਮੈਡੀਕਲ ਅਫ਼ਸਰ ਅਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ।

ਐਸ.ਡੀ.ਐਮ. ਫਗਵਾੜਾ ਨੇ ਸਪੱਸ਼ਟ ਕੀਤਾ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਇਹ ਜਾਂਚ ਮੁਹਿੰਮ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਦੁਕਾਨਦਾਰਾਂ ਨੂੰ ਫੂਡ ਸੇਫਟੀ ਨਿਯਮਾਂ ਦੀ ਪੂਰੀ ਪਾਲਣਾ ਕਰਨ ਅਤੇ ਲੋਕਾਂ ਨੂੰ ਸ਼ੁੱਧ, ਸਾਫ਼-ਸੁਥਰੀਆਂ ਤੇ ਮਿਆਰੀ ਮਠਿਆਈਆਂ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ।