
Skip to content

ਫਗਵਾੜਾ ਦੇ ਮੁਹੱਲਾ ਟਿੱਬੀ ’ਚ ਪਤੀ-ਪਤਨੀ ਵਿਚਾਲੇ ਝਗੜਾ, ਚਾਕੂ ਲੱਗਣ ਕਾਰਨ ਪਤਨੀ ਦੀ ਮੌਤ
ਫਗਵਾੜਾ (ਅਰਸ਼ਦੀਪ ਸਿੰਘ ਕਾਲੜਾ) : ਫਗਵਾੜਾ ਦੇ ਮੁਹੱਲਾ ਟਿੱਬੀ ਤੋਂ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ ਪਤੀ-ਪਤਨੀ ਵਿਚਾਲੇ ਹੋਈ ਹੱਥੋਪਾਈ ਦੌਰਾਨ ਚਾਕੂ ਲੱਗਣ ਕਾਰਨ ਪਤਨੀ ਦੀ ਮੌਤ ਹੋ ਗਈ, ਜਦਕਿ ਪਤੀ ਵੀ ਜ਼ਖ਼ਮੀ ਹੋ ਗਿਆ। ਮ੍ਰਿਤਕਾ ਦੀ ਪਹਿਚਾਣ ਜਸਵਿੰਦਰ ਕੌਰ ਵਜੋਂ ਹੋਈ ਹੈ, ਜਦਕਿ ਜ਼ਖ਼ਮੀ ਪਤੀ ਦੀ ਪਹਿਚਾਣ ਗੁਰਪ੍ਰੀਤ ਸਿੰਘ ਵਜੋਂ ਦੱਸੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਤੀ-ਪਤਨੀ ਕਰੀਬ 15-20 ਦਿਨ ਪਹਿਲਾਂ ਹੀ ਮੁਹੱਲਾ ਟਿੱਬੀ ਵਿੱਚ ਕਿਰਾਏ ਦੇ ਕਮਰੇ ਵਿੱਚ ਰਹਿਣ ਲਈ ਆਏ ਸਨ। ਬੁੱਧਵਾਰ ਸ਼ਾਮ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਤਕਰਾਰ ਹੋ ਗਈ, ਜੋ ਬਾਅਦ ਵਿੱਚ ਹੱਥੋਪਾਈ ਤੱਕ ਪਹੁੰਚ ਗਈ।
ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਦੋਵਾਂ ਵੱਲੋਂ ਇੱਕ-ਦੂਜੇ ’ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਚਾਕੂ ਲੱਗਣ ਕਾਰਨ ਜਸਵਿੰਦਰ ਕੌਰ ਗੰਭੀਰ ਜ਼ਖ਼ਮੀ ਹੋ ਗਈ ਅਤੇ ਉਸ ਦੀ ਮੌਤ ਹੋ ਗਈ। ਉੱਥੇ ਹੀ ਗੁਰਪ੍ਰੀਤ ਸਿੰਘ ਵੀ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਗਵਾੜਾ ਲਿਆਂਦਾ ਗਿਆ।
ਪੁਲਿਸ ਨੇ ਗੁਰਪ੍ਰੀਤ ਸਿੰਘ ਨੂੰ ਸੁਰੱਖਿਆ ਹੇਠ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਝਗੜੇ ਦੇ ਅਸਲ ਕਾਰਨਾਂ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

Related