ਹਰਿਆਣਾ ਸਮੇਤ ਉੱਤਰੀ ਭਾਰਤ ’ਚ ਮਾਨਸੂਨ ਦੀ ਵਾਪਸੀ ਤੇਜ਼, 21 ਜ਼ਿਲ੍ਹਿਆਂ ’ਚੋਂ ਪੂਰੀ ਤਰ੍ਹਾਂ ਹਟਿਆ ਮਾਨਸੂਨ

ਚੰਡੀਗੜ੍ਹ (ਅਰਸ਼ਦੀਪ ਸਿੰਘ ਕਾਲੜਾ) : ਹਰਿਆਣਾ ਸਮੇਤ ਉੱਤਰੀ ਭਾਰਤ ਵਿੱਚ ਦੱਖਣ-ਪੱਛਮੀ ਮਾਨਸੂਨ ਦੀ ਵਾਪਸੀ ਤੇਜ਼ੀ ਨਾਲ ਹੋ ਰਹੀ ਹੈ। ਭਾਰਤੀ ਮੌਸਮ ਵਿਭਾਗ (IMD) ਮੁਤਾਬਕ ਯਮੁਨਾਨਗਰ ਦੇ ਕੁਝ ਹਿੱਸਿਆਂ ਨੂੰ ਛੱਡ ਕੇ ਹਰਿਆਣਾ ਦੇ ਲਗਭਗ 21 ਜ਼ਿਲ੍ਹਿਆਂ ਵਿੱਚੋਂ ਮਾਨਸੂਨ ਪੂਰੀ ਤਰ੍ਹਾਂ ਵਾਪਸ ਚਲਾ ਗਿਆ ਹੈ।

ਗੁਆਂਢੀ ਰਾਜਾਂ ਵਿੱਚ ਵੀ ਮਾਨਸੂਨ ਦੀ ਵਾਪਸੀ ਜਾਰੀ ਹੈ। ਪੰਜਾਬ ਦੇ ਕਰੀਬ 92 ਫ਼ੀਸਦੀ ਹਿੱਸੇ ਤੋਂ ਇਲਾਵਾ ਰਾਜਸਥਾਨ, ਗੁਜਰਾਤ ਅਤੇ ਉੱਤਰ ਪ੍ਰਦੇਸ਼ ਦੇ ਕਈ ਖੇਤਰਾਂ ਵਿੱਚੋਂ ਵੀ ਮਾਨਸੂਨ ਹਟ ਚੁੱਕਾ ਹੈ। ਮਾਨਸੂਨ ਦੇ ਜਾਣ ਨਾਲ ਮੌਸਮ ਦੇ ਮਿਜ਼ਾਜ ਵਿੱਚ ਤਬਦੀਲੀ ਆਉਣ ਲੱਗੀ ਹੈ।

ਦਿਨ ਸਮੇਂ ਧੁੱਪ ਕਾਰਨ ਗਰਮੀ ਅਜੇ ਵੀ ਮਹਿਸੂਸ ਹੋ ਰਹੀ ਹੈ, ਜਦਕਿ ਰਾਤ ਦੇ ਤਾਪਮਾਨ ਵਿੱਚ ਹੌਲੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਬੁੱਧਵਾਰ ਨੂੰ ਹਰਿਆਣਾ ਵਿੱਚ ਦਿਨ ਦਾ ਔਸਤ ਤਾਪਮਾਨ ਆਮ ਨਾਲੋਂ 1.7 ਡਿਗਰੀ ਸੈਲਸੀਅਸ ਵੱਧ ਰਿਹਾ। ਇਸ ਦੇ ਉਲਟ ਘੱਟੋ-ਘੱਟ ਔਸਤ ਤਾਪਮਾਨ ਵਿੱਚ 0.2 ਡਿਗਰੀ ਸੈਲਸੀਅਸ ਦੀ ਕਮੀ ਦਰਜ ਕੀਤੀ ਗਈ।

ਰਾਤ ਦੇ ਸਮੇਂ ਹਲਕੀ ਠੰਢ ਦਾ ਅਹਿਸਾਸ ਵੀ ਹੋਣਾ ਸ਼ੁਰੂ ਹੋ ਗਿਆ ਹੈ। ਬਾਵਲ (ਰੇਵਾੜੀ) ਅਤੇ ਪੰਚਕੂਲਾ ਵਿੱਚ ਸਭ ਤੋਂ ਘੱਟ ਰਾਤ ਦਾ ਤਾਪਮਾਨ 20.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

26 ਤੋਂ ਬੱਦਲਵਾਈ, 28 ਸਤੰਬਰ ਨੂੰ ਮੀਂਹ ਦੀ ਸੰਭਾਵਨਾ

ਮੌਸਮ ਵਿਭਾਗ ਅਨੁਸਾਰ ਅਗਲੇ 2 ਤੋਂ 3 ਦਿਨਾਂ ਦੌਰਾਨ ਹਰਿਆਣਾ ਵਿੱਚ ਮੌਸਮ ਮੁੱਖ ਤੌਰ ’ਤੇ ਖੁਸ਼ਕ ਅਤੇ ਸਾਫ਼ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ 26 ਅਤੇ 27 ਸਤੰਬਰ ਨੂੰ ਕੁਝ ਇਲਾਕਿਆਂ ਵਿੱਚ ਹਲਕੀ ਬੂੰਦਾ-ਬਾਂਦੀ ਜਾਂ ਅੰਸ਼ਕ ਬੱਦਲਵਾਈ ਹੋ ਸਕਦੀ ਹੈ।

ਇਸ ਤੋਂ ਬਾਅਦ 28 ਸਤੰਬਰ ਨੂੰ ਪੱਛਮੀ ਗੜਬੜੀ (Western Disturbance) ਦੇ ਸਰਗਰਮ ਹੋਣ ਦੀ ਸੰਭਾਵਨਾ ਹੈ, ਜਿਸ ਦੇ ਪ੍ਰਭਾਵ ਹੇਠ ਹਰਿਆਣਾ ਦੇ ਕੁਝ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ। ਇਸ ਦੌਰਾਨ ਦਿਨ ਦੇ ਤਾਪਮਾਨ ਵਿੱਚ ਵੀ ਕੁਝ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ।