ਜਲੰਧਰ ਪਿਮਸ ’ਚ ਅਕਤੂਬਰ ਤੋਂ ਸਿਰਫ਼ 2500 ਰੁਪਏ ’ਚ ਹੋਵੇਗੀ MRI ਜਾਂਚ

ਜਲੰਧਰ (ਅਰਸ਼ਦੀਪ ਸਿੰਘ ਕਾਲੜਾ) : ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਪਿਮਸ) ਵਿੱਚ ਮਰੀਜ਼ਾਂ ਨੂੰ ਜਲਦ ਹੀ ਕਿਫਾਇਤੀ ਦਰਾਂ ’ਤੇ MRI ਜਾਂਚ ਦੀ ਸਹੂਲਤ ਮਿਲਣ ਜਾ ਰਹੀ ਹੈ। ਹਸਪਤਾਲ ਪ੍ਰਬੰਧਨ ਵੱਲੋਂ ਨਵੀਂ MRI ਮਸ਼ੀਨ ਖਰੀਦ ਲਈ ਗਈ ਹੈ ਅਤੇ ਅਕਤੂਬਰ ਮਹੀਨੇ ਤੋਂ ਇਸ ਨੂੰ ਮਰੀਜ਼ਾਂ ਲਈ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਹਸਪਤਾਲ ਦੇ ਜਨਸੰਪਰਕ ਅਧਿਕਾਰੀ ਬ੍ਰਿਜੇਸ਼ ਨੇ ਦੱਸਿਆ ਕਿ MRI ਮਸ਼ੀਨ ਦੀ ਇੰਸਟਾਲੇਸ਼ਨ ਪ੍ਰਕਿਰਿਆ ਅਗਲੇ ਮਹੀਨੇ ਸ਼ੁਰੂ ਹੋਵੇਗੀ ਅਤੇ ਅਕਤੂਬਰ ਵਿੱਚ ਇਸ ਨੂੰ ਆਮ ਲੋਕਾਂ ਲਈ ਸਮਰਪਿਤ ਕਰ ਦਿੱਤਾ ਜਾਵੇਗਾ। ਮਸ਼ੀਨ ਚਾਲੂ ਹੋਣ ਤੋਂ ਬਾਅਦ ਮਰੀਜ਼ਾਂ ਨੂੰ ਮਹਿਜ਼ 2500 ਰੁਪਏ ਵਿੱਚ MRI ਜਾਂਚ ਦੀ ਸਹੂਲਤ ਮਿਲਣ ਦੀ ਗੱਲ ਕਹੀ ਗਈ ਹੈ।

ਫਿਲਹਾਲ ਨਿੱਜੀ ਸੈਂਟਰਾਂ ਵਿੱਚ MRI ਜਾਂਚ ਕਰਵਾਉਣ ਲਈ ਮਰੀਜ਼ਾਂ ਨੂੰ ਇਸ ਤੋਂ ਕਾਫ਼ੀ ਵੱਧ ਖਰਚ ਕਰਨਾ ਪੈਂਦਾ ਹੈ। ਅਜਿਹੇ ਵਿੱਚ ਪਿਮਸ ਦੀ ਇਹ ਪਹਿਲ ਆਰਥਿਕ ਤੌਰ ’ਤੇ ਕਮਜ਼ੋਰ ਅਤੇ ਮੱਧ ਵਰਗ ਦੇ ਮਰੀਜ਼ਾਂ ਲਈ ਰਾਹਤ ਵਾਲੀ ਸਾਬਤ ਹੋ ਸਕਦੀ ਹੈ।

ਹਸਪਤਾਲ ਪ੍ਰਬੰਧਨ ਮੁਤਾਬਕ, ਇਹ ਸਹੂਲਤ ਸ਼ੁਰੂ ਹੋਣ ਤੋਂ ਬਾਅਦ ਜਲੰਧਰ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਦੇ ਮਰੀਜ਼ਾਂ ਨੂੰ MRI ਜਾਂਚ ਲਈ ਦੂਜੇ ਸ਼ਹਿਰਾਂ ਵੱਲ ਜਾਣ ਦੀ ਲੋੜ ਨਹੀਂ ਪਵੇਗੀ।