
Skip to content

ਫਗਵਾੜਾ ’ਚ ਕਾਂਗਰਸ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ
ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ ’ਤੇ ਉਠਾਏ ਸਵਾਲ, ਕਿਹਾ—ਅਸਤੀਫ਼ੇ ਤੱਕ ਜਾਰੀ ਰਹੇਗਾ ਸੰਘਰਸ਼
ਫਗਵਾੜਾ (ਪੰਕਜ, ਮਨੀਸ਼ ਸ਼ਰਮਾ): ਕਾਂਗਰਸ ਪਾਰਟੀ ਵੱਲੋਂ ਅੱਜ ਫਗਵਾੜਾ ਵਿੱਚ ਬਲਾਕ ਸ਼ਹਿਰੀ ਪ੍ਰਧਾਨ ਨਰੇਸ਼ ਭਾਰਦਵਾਜ ਅਤੇ ਦਿਹਾਤੀ ਪ੍ਰਧਾਨ ਵਿੱਕੀ ਰਾਣੀਪੁਰ ਦੀ ਅਗਵਾਈ ਹੇਠ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਕੇਂਦਰ ਸਰਕਾਰ ਅਤੇ ਮੁੱਖ ਚੋਣ ਕਮਿਸ਼ਨਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਚੋਣ ਕਮਿਸ਼ਨ ਦੀ ਨਿਰਪੱਖਤਾ ਅਤੇ ਆਜ਼ਾਦੀ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ।
ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਸੇਵਾਮੁਕਤ ਆਈ.ਏ.ਐੱਸ.) ਨੇ ਕੇਂਦਰ ਸਰਕਾਰ ਅਤੇ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਏ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਚੋਣ ਕਮਿਸ਼ਨਰ ਕੇਂਦਰ ਸਰਕਾਰ ਦੇ ਇਸ਼ਾਰਿਆਂ ’ਤੇ ਕੰਮ ਕਰ ਰਹੇ ਹਨ, ਜਿਸ ਕਾਰਨ ਇੱਕ ਮਹੱਤਵਪੂਰਨ ਸੰਵਿਧਾਨਕ ਸੰਸਥਾ ਦੀ ਨਿਰਪੱਖਤਾ ਅਤੇ ਭਰੋਸੇਯੋਗਤਾ ਪ੍ਰਭਾਵਿਤ ਹੋ ਰਹੀ ਹੈ।
ਵਿਧਾਇਕ ਧਾਲੀਵਾਲ ਨੇ ਕਿਹਾ ਕਿ ਭਾਰਤ ਦਾ ਚੋਣ ਕਮਿਸ਼ਨ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਜ਼ਿੰਮੇਵਾਰ ਸੰਵਿਧਾਨਕ ਸੰਸਥਾ ਹੈ। ਇਸ ਸੰਸਥਾ ਵਿੱਚ ਦੇਸ਼ ਦੇ ਲੋਕਾਂ ਦਾ ਭਰੋਸਾ ਕਾਇਮ ਰਹਿਣਾ ਬੇਹੱਦ ਜ਼ਰੂਰੀ ਹੈ। ਜੇਕਰ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ਸਬੰਧੀ ਸਵਾਲ ਉੱਠਦੇ ਹਨ ਤਾਂ ਉਨ੍ਹਾਂ ਦਾ ਪਾਰਦਰਸ਼ੀ ਢੰਗ ਨਾਲ ਜਵਾਬ ਦਿੱਤਾ ਜਾਣਾ ਚਾਹੀਦਾ ਹੈ, ਕਿਉਂਕਿ ਚੋਣ ਪ੍ਰਕਿਰਿਆ ਦੀ ਨਿਰਪੱਖਤਾ ਹੀ ਲੋਕਤੰਤਰ ਦੀ ਬੁਨਿਆਦ ਹੈ।
ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਚੋਣ ਕਮਿਸ਼ਨ ਦੀ ਜ਼ਿੰਮੇਵਾਰੀ ਸਾਰੀਆਂ ਸਿਆਸੀ ਪਾਰਟੀਆਂ ਨਾਲ ਬਰਾਬਰ ਦਾ ਵਿਹਾਰ ਕਰਨਾ ਅਤੇ ਚੋਣਾਂ ਨੂੰ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨਾ ਹੈ। ਕਿਸੇ ਵੀ ਸੰਵਿਧਾਨਕ ਸੰਸਥਾ ਦੀ ਭਰੋਸੇਯੋਗਤਾ ਬਣਾਈ ਰੱਖਣ ਲਈ ਉਸ ਦੀ ਕਾਰਗੁਜ਼ਾਰੀ ਪਾਰਦਰਸ਼ੀ ਅਤੇ ਪੱਖਪਾਤ ਤੋਂ ਰਹਿਤ ਹੋਣੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਅਤੇ ਚੋਣ ਪ੍ਰਕਿਰਿਆ ਨਾਲ ਜੁੜੇ ਮੁੱਦਿਆਂ ਕਾਰਨ ਵਿਰੋਧੀ ਪਾਰਟੀਆਂ ਵਿੱਚ ਚਿੰਤਾ ਪਾਈ ਜਾ ਰਹੀ ਹੈ।
ਧਾਲੀਵਾਲ ਨੇ ਕਿਹਾ ਕਿ ਕਾਂਗਰਸ ਪਾਰਟੀ ਲੋਕਤੰਤਰਿਕ ਕਦਰਾਂ-ਕੀਮਤਾਂ, ਸੰਵਿਧਾਨ ਅਤੇ ਲੋਕਾਂ ਦੇ ਵੋਟ ਦੇ ਅਧਿਕਾਰ ਦੀ ਰਾਖੀ ਲਈ ਆਪਣੀ ਆਵਾਜ਼ ਬੁਲੰਦ ਕਰਦੀ ਰਹੇਗੀ। ਵੋਟ ਦਾ ਅਧਿਕਾਰ ਹਰ ਨਾਗਰਿਕ ਦੀ ਲੋਕਤੰਤਰਿਕ ਤਾਕਤ ਹੈ ਅਤੇ ਇਸ ਦੀ ਰਾਖੀ ਕਰਨਾ ਸਾਰੀਆਂ ਸੰਵਿਧਾਨਕ ਸੰਸਥਾਵਾਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਤੱਕ ਕਾਂਗਰਸ ਪਾਰਟੀ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ।
ਇਸ ਮੌਕੇ ਬਲਾਕ ਸ਼ਹਿਰੀ ਪ੍ਰਧਾਨ ਨਰੇਸ਼ ਭਾਰਦਵਾਜ ਅਤੇ ਦਿਹਾਤੀ ਪ੍ਰਧਾਨ ਵਿੱਕੀ ਰਾਣੀਪੁਰ ਨੇ ਵੀ ਕਿਹਾ ਕਿ ਕਾਂਗਰਸ ਪਾਰਟੀ ਲੋਕਤੰਤਰ ਅਤੇ ਸੰਵਿਧਾਨ ਦੀ ਰਾਖੀ ਲਈ ਆਪਣਾ ਸੰਘਰਸ਼ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ਦੀ ਨਿਰਪੱਖਤਾ ਅਤੇ ਆਜ਼ਾਦੀ ਨੂੰ ਕਾਇਮ ਰੱਖਣਾ ਸਮੇਂ ਦੀ ਮੁੱਖ ਲੋੜ ਹੈ।
ਰੋਸ ਪ੍ਰਦਰਸ਼ਨ ਵਿੱਚ ਡੈਲੀਗੇਟ ਪੰਜਾਬ ਗੁਰਜੀਤ ਪਾਲ ਵਾਲੀਆ, ਸੰਜੀਵ ਬੁੱਗਾ ਕੌਂਸਲਰ, ਜਗਜੀਤ ਸਿੰਘ ਬਿੱਟੂ, ਗੁਰਦਿਆਲ ਸਿੰਘ, ਬਲਵੰਤ ਰਾਏ ਕੌਂਸਲਰ, ਸੌਰਵ ਜੋਸ਼ੀ ਕੌਂਸਲਰ, ਤਜਿੰਦਰ ਬਾਵਾ, ਵਿਨੋਦ ਵਿਰਮਾਨੀ, ਸੰਜੀਵ ਟੀਟੂ, ਗੁਰਪ੍ਰੀਤ ਕੌਰ ਜੰਡੂ ਕੌਂਸਲਰ, ਜਤਿੰਦਰ ਵਰਮਾਨੀ ਕੌਂਸਲਰ, ਡਾ. ਰਮਨ ਸ਼ਰਮਾ, ਅਮਰਜੀਤ ਨਿੱਝਰ, ਅਨਿਲ ਪਾਲ, ਕੁਲਵੰਤ ਰਾਏ ਕਾਲੀ, ਬੌਬੀ ਨਾਹਰ, ਯੋਗੇਸ਼ ਕੌਲ, ਲਹਿੰਬਰ ਰਾਮ, ਜੋਗਾ ਰਾਮ, ਜੋਏ ਉੱਪਲ, ਤੁਲਸੀ ਰਾਮ ਖੋਸਲਾ, ਕਿਸ਼ੋਰੀ ਲਾਲ, ਪ੍ਰੋ. ਰਾਮ ਪਾਲ, ਅਵਿਨਾਸ਼ ਗੁਪਤਾ ਬਾਸ਼ੀ, ਹਰਬੰਸ ਲਾਲ, ਅਸ਼ੋਕ ਮਨੀਲਾ, ਮੁਨੀਸ਼ ਡੱਲਾ, ਮਿੰਦੀ ਮਾਨ, ਸੋਹਣ ਸਿੰਘ, ਸੁਨੀਲ ਪਾਂਡੇ, ਮੁਲਖ ਰਾਜ ਟੋਨੀ, ਕੁਲਵਿੰਦਰ ਲੱਡੂ, ਵਿਮਲ ਵਿਰਮਾਨੀ, ਕਰਮਜੀਤ ਬਿੱਟੂ, ਨਰਿੰਦਰ ਸਿੰਘ ਠੇਕੇਦਾਰ, ਪ੍ਰਦੀਪ ਲਾਮਾ, ਅਨੂ ਸਹੋਤਾ, ਹੈਪੀ ਡਾਬਰ, ਸ਼ੰਕਰ ਝਾਂਜੀ, ਦਰਸ਼ਨ ਸਿੰਘ, ਅੰਕੁਸ਼ ਧੀਮਾਨ, ਸ਼ਮਸ਼ੇਰ ਭਾਰਤੀ, ਪਵਨ ਕੁਮਾਰ, ਨਰਿੰਦਰ ਸਿੰਘ, ਮੋਹਨ ਸਿੰਘ, ਪਿੰਕੀ ਮੇਹਲੀ ਗੇਟ, ਉੱਜਵਲ ਪ੍ਰਭਾਕਰ, ਸਾਹਿਲ ਵੋਹਰਾ, ਰਾਹੁਲ ਕਰਵਲ, ਅਸ਼ੋਕ ਕੋਟਰਾਨੀ, ਵਿਪਨ ਸ਼ਰਮਾ, ਤਰਨਜੀਤ ਸਿੰਘ ਨਾਮਧਾਰੀ, ਧਰਮਿੰਦਰ, ਵਰਿੰਦਰ ਢੀਂਗਰਾ, ਨਰਿੰਦਰ ਮਾਹੀ, ਬਲਦੇਵ ਪਾਹਵਾ, ਭਗਤ ਰਾਮ, ਹੁਕਮ ਚੰਦ, ਭਾਗਮਲ, ਜਤਿੰਦਰ ਕੌਰ, ਸ਼ੁੱਭ ਸ਼ਰਮਾ, ਗੁਰਵਿੰਦਰ ਸਿੰਘ ਗੈਵੀ, ਤਰਸੇਮ ਕਲੂਚਾ, ਅਸ਼ਵਨੀ ਸਹੋਤਾ, ਸੱਤੀ ਸੁਖਚੈਨ ਨਗਰ, ਮੇਜਰ ਸਿੰਘ ਸੈਣੀ, ਗੁਲਜ਼ਾਰ ਸਿੰਘ, ਦਿਲਜੀਤ ਸਿੰਘ, ਵਿਨੋਦ ਸੌਂਧੀ, ਲੱਕੀ, ਸੋਹਣ ਸਿੰਘ ਭਿੰਡਰ, ਪ੍ਰੇਮ ਪਾਲ ਸਰੋਆ, ਐੱਸ. ਕੇ. ਬਹਿਲ, ਅਸ਼ਵਨੀ ਕੁਮਾਰ ਅਤੇ ਅਮਰੀਕ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।

Related