Skip to content
ਰਜਿਸਟਰਡ ਫਾਰਮਾਸਿਸਟ ਦੀ ਗੈਰ-ਮੌਜੂਦਗੀ ਵਿੱਚ ਦਵਾਈਆਂ ਵੇਚਣ ਦਾ ਮਾਮਲਾ ਆਇਆ ਸਾਹਮਣੇ
ਫਗਵਾੜਾ (ਪੰਕਜ ) : ਨਸ਼ੀਲੀਆਂ ਅਤੇ ਆਦਤ ਪਾਉਣ ਵਾਲੀਆਂ ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ਨੂੰ ਰੋਕਣ ਲਈ ਡਰੱਗਜ਼ ਕੰਟਰੋਲ ਵਿਭਾਗ ਵੱਲੋਂ ਕਾਰਵਾਈ ਕਰਦਿਆਂ ਅੱਜ ਫਗਵਾੜਾ ਦੇ ਪਿੰਡ ਰਾਣੀਪੁਰ ਸਥਿਤ ਇੱਕ ਮੈਡੀਕਲ ਸਟੋਰ ਦੀ ਜਾਂਚ ਕੀਤੀ ਗਈ। ਇਹ ਜਾਂਚ ਡਰੱਗਜ਼ ਕੰਟਰੋਲ ਅਧਿਕਾਰੀ ਅਨੁਪਮਾ ਕਾਲੀਆ, ਕਪੂਰਥਲਾ ਅਤੇ ਪਰਮਿੰਦਰ ਸਿੰਘ, ਜਲੰਧਰ ਵੱਲੋਂ ਕੀਤੀ ਗਈ।
ਜਾਣਕਾਰੀ ਅਨੁਸਾਰ, ਵਿਭਾਗ ਦੀ ਟੀਮ ਵੱਲੋਂ ਮੈਸਰਜ਼ ਕੋਹਲੀ ਮੈਡੀਕਲ ਹਾਲ, ਪਿੰਡ ਤੇ ਡਾਕਖਾਨਾ ਰਾਣੀਪੁਰ, ਫਗਵਾੜਾ, ਜ਼ਿਲ੍ਹਾ ਕਪੂਰਥਲਾ ਦੀ ਜਾਂਚ ਦੌਰਾਨ ਆਦਤ ਪਾਉਣ ਵਾਲੀਆਂ ਦਵਾਈਆਂ ਹੋਣ ਦੇ ਸ਼ੱਕ ਤਹਿਤ 280 ਬਿਨਾਂ ਲੇਬਲ ਵਾਲੇ ਕੈਪਸੂਲ ਟੈਸਟ ਅਤੇ ਵਿਸ਼ਲੇਸ਼ਣ ਲਈ ਲਏ ਗਏ। ਇਨ੍ਹਾਂ ਕੈਪਸੂਲਾਂ ਨੂੰ ਜਾਂਚ ਲਈ ਡਰੱਗਜ਼ ਟੈਸਟਿੰਗ ਲੈਬਾਰਟਰੀ, ਪੰਜਾਬ ਵਿਖੇ ਭੇਜ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ, ਮੈਡੀਕਲ ਸਟੋਰ ਵੱਲੋਂ ਦਵਾਈਆਂ ਦੀ ਵਿਕਰੀ ਅਤੇ ਖਰੀਦ ਸਬੰਧੀ ਰਿਕਾਰਡ ਪੇਸ਼ ਨਾ ਕੀਤੇ ਜਾਣ ਕਾਰਨ ਟੀਮ ਨੇ ਮੌਕੇ ’ਤੇ ਐਲੋਪੈਥਿਕ ਦਵਾਈਆਂ ਦੀਆਂ ਪੰਜ ਕਿਸਮਾਂ ਜ਼ਬਤ ਕਰ ਲਈਆਂ।
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮੈਡੀਕਲ ਸਟੋਰ ’ਤੇ ਰਜਿਸਟਰਡ ਫਾਰਮਾਸਿਸਟ ਦੀ ਗੈਰ-ਮੌਜੂਦਗੀ ਵਿੱਚ ਦਵਾਈਆਂ ਦੀ ਵਿਕਰੀ ਕੀਤੀ ਜਾ ਰਹੀ ਸੀ। ਵਿਭਾਗ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਅਗਲੀ ਕਾਨੂੰਨੀ ਕਾਰਵਾਈ ਲਈ ਰਿਪੋਰਟ ਲਾਇਸੈਂਸਿੰਗ ਅਥਾਰਟੀ ਨੂੰ ਭੇਜ ਦਿੱਤੀ ਗਈ ਹੈ।
ਹੁਣ ਮਾਮਲੇ ਵਿੱਚ ਡਰੱਗਜ਼ ਐਂਡ ਕਾਸਮੈਟਿਕਸ ਐਕਟ, 1940 ਅਤੇ ਇਸ ਤਹਿਤ ਬਣਾਏ ਗਏ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।
Related