ਹਰਿਆਣਾ ਦੇ ਕੈਥਲ ‘ਚ ਸੜਕ ਹਾਦਸੇ ‘ਚ ਪਤੀ-ਪਤਨੀ ਅਤੇ ਉਨ੍ਹਾਂ ਦੀ ਬੇਟੀ ਦੀ ਮੌਤ ਹੋ ਗਈ। ਸ਼ੁੱਕਰਵਾਰ ਦੇਰ ਸ਼ਾਮ ਉਨ੍ਹਾਂ ਦੀ ਕਾਰ ਨੈਸ਼ਨਲ ਹਾਈਵੇਅ 152 ਡੀ ‘ਤੇ ਖੜ੍ਹੇ ਟਰੱਕ ਨਾਲ ਟਕਰਾ ਗਈ। ਉਹ ਖਾਟੂ ਸ਼ਿਆਮ ਧਾਮ ਤੋਂ ਵਾਪਸ ਪੰਚਕੂਲਾ ਜਾ ਰਹੇ ਸਨ। ਮ੍ਰਿਤਕ ਪ੍ਰਵਾਰ ਪੰਚਕੂਲਾ ਦਾ ਰਹਿਣ ਵਾਲਾ ਸੀ।
ਮ੍ਰਿਤਕਾਂ ਵਿੱਚ ਹਰਿਆਣਾ ਪੁਲਿਸ ਦੇ ਸੇਵਾਮੁਕਤ ਸਬ-ਇੰਸਪੈਕਟਰ ਮਨੋਜ ਕੁਮਾਰ (61), ਉਸ ਦੀ ਪਤਨੀ ਉਰਮਿਲ ਦੱਤਾ (57), ਜੋ ਪੰਚਕੂਲਾ ਵਿੱਚ ਹਰਿਆਣਾ ਪੁਲਿਸ ਦੇ ਵਾਇਰਲੈੱਸ ਵਿਭਾਗ ਵਿੱਚ ਸਬ-ਇੰਸਪੈਕਟਰ ਸਨ ਅਤੇ 28 ਸਾਲਾ ਧੀ ਚੇਤਨਾ ਸ਼ਾਮਲ ਹਨ। ਚੇਤਨਾ ਕੁਆਰੀ ਸੀ।ਇਹ ਜੋੜਾ ਅਤੇ ਉਨ੍ਹਾਂ ਦੀ ਧੀ ਪੁੱਤ ਅਤੇ ਨੂੰਹ ਨੂੰ ਵਿਦੇਸ਼ ਜਾਣ ਲਈ ਹਵਾਈ ਅੱਡੇ ‘ਤੇ ਛੱਡ ਕੇ ਸਾਲਾਸਰ ਅਤੇ ਖਾਟੂ ਸ਼ਿਆਮ ਦਰਸ਼ਨ ਕਰਨ ਗਏ ਸਨ। ਇਸ ਦੌਰਾਨ ਜਦੋਂ ਉਹ ਕੈਥਲ ਦੇ ਪਿੰਡ ਮੋਹਨਾ ਕੋਲ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਸੜਕ ਕਿਨਾਰੇ ਖੜ੍ਹੇ ਸਕਰੈਪ ਨਾਲ ਭਰੇ ਟਰੱਕ ਨਾਲ ਟਕਰਾ ਗਈ। ਜਿਸ ਕਾਰਨ ਤਿੰਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਸੂਚਨਾ ਮਿਲਣ ‘ਤੇ ਟੀਮ ਮੌਕੇ ‘ਤੇ ਪਹੁੰਚ ਗਈ
ਪੁੰਡਰੀ ਥਾਣੇ ਦੇ ਐਸਐਚਓ ਰਾਜਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਮ ਕਰੀਬ ਸੱਤ ਵਜੇ ਹਾਦਸੇ ਦੀ ਸੂਚਨਾ ਮਿਲੀ ਸੀ। ਇਸ ਸੂਚਨਾ ਤੋਂ ਬਾਅਦ ਉਹ ਆਪਣੀ ਟੀਮ ਨਾਲ ਮੌਕੇ ‘ਤੇ ਪਹੁੰਚੇ। ਇਸ ਕਾਰ ਵਿੱਚ ਸਿਰਫ਼ 3 ਲੋਕ ਹੀ ਸਨ।