ਪੰਜਾਬ-ਚੰਡੀਗੜ੍ਹ ’ਚ ਅੱਜ ਤੋਂ ਬਦਲੇਗਾ ਮੌਸਮ, 4 ਦਿਨ ਮੀਂਹ ਦੀ ਸੰਭਾਵਨਾ; ਤੇਜ਼ ਹਵਾਵਾਂ ਤੇ ਤੂਫ਼ਾਨ ਦੀ ਚਿਤਾਵਨੀ

ਚੰਡੀਗੜ੍ਹ (ਅਰਸ਼ਦੀਪ ਸਿੰਘ ਕਾਲੜਾ) : ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ 6 ਅਕਤੂਬਰ ਤੋਂ ਮੌਸਮ ਵਿੱਚ ਤਬਦੀਲੀ ਆਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਚਾਰ ਦਿਨਾਂ ਦੌਰਾਨ ਸੂਬੇ ਦੇ ਕੁਝ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਇਸ ਦੌਰਾਨ ਗਰਜ-ਚਮਕ ਅਤੇ ਬਿਜਲੀ ਕੜਕਣ ਦੇ ਨਾਲ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ। ਵਿਭਾਗ ਵੱਲੋਂ 6 ਅਤੇ 10 ਅਕਤੂਬਰ ਲਈ ਤੇਜ਼ ਹਵਾਵਾਂ ਅਤੇ ਤੂਫ਼ਾਨ ਸਬੰਧੀ ਚਿਤਾਵਨੀ ਜਾਰੀ ਕੀਤੀ ਗਈ ਹੈ।

ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਅਨੁਸਾਰ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 0.1 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਸੂਬੇ ਦਾ ਤਾਪਮਾਨ ਆਮ ਨਾਲੋਂ 1.8 ਡਿਗਰੀ ਵੱਧ ਚੱਲ ਰਿਹਾ ਹੈ। ਪੰਜਾਬ ਵਿੱਚ ਸਭ ਤੋਂ ਵੱਧ 37.1 ਡਿਗਰੀ ਸੈਲਸੀਅਸ ਤਾਪਮਾਨ ਬਠਿੰਡਾ ਵਿੱਚ ਦਰਜ ਕੀਤਾ ਗਿਆ।

ਮੌਸਮ ਵਿੱਚ ਇਹ ਤਬਦੀਲੀ ਉਪਰਲੇ ਵਾਯੂਮੰਡਲ ਵਿੱਚ ਸਰਗਰਮ ਹੋਈ ਨਵੀਂ ਪੱਛਮੀ ਗੜਬੜੀ ਕਾਰਨ ਆ ਰਹੀ ਹੈ। ਇਸ ਦੇ ਪ੍ਰਭਾਵ ਹੇਠ 6 ਅਤੇ 7 ਅਕਤੂਬਰ ਨੂੰ ਕੁਝ ਇਲਾਕਿਆਂ ਵਿੱਚ ਗਰਜ-ਚਮਕ, ਬਿਜਲੀ ਕੜਕਣ ਅਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈ ਸਕਦਾ ਹੈ।

ਇਸੇ ਤਰ੍ਹਾਂ 8 ਅਤੇ 9 ਅਕਤੂਬਰ ਨੂੰ ਵੀ ਕੁਝ ਥਾਵਾਂ ’ਤੇ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। 10 ਅਤੇ 11 ਅਕਤੂਬਰ ਨੂੰ ਪੰਜਾਬ ਦੇ ਕੁਝ ਵੱਖ-ਵੱਖ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਦੱਸੀ ਗਈ ਹੈ।

ਬਿਜਲੀ ਦੀ ਮੰਗ 9,728 ਮੈਗਾਵਾਟ

ਇਸ ਦੌਰਾਨ ਪੰਜਾਬ ਵਿੱਚ ਬਿਜਲੀ ਦੀ ਮੰਗ 9,728 ਮੈਗਾਵਾਟ ਦਰਜ ਕੀਤੀ ਗਈ। ਰਾਜ ਵੱਲੋਂ 4,352 ਮੈਗਾਵਾਟ ਦੀ ਨਿਰਧਾਰਤ ਸਪਲਾਈ ਦੇ ਮੁਕਾਬਲੇ 4,309 ਮੈਗਾਵਾਟ ਬਿਜਲੀ ਲਈ ਗਈ, ਜੋ ਨਿਰਧਾਰਤ ਮਾਤਰਾ ਨਾਲੋਂ 43 ਮੈਗਾਵਾਟ ਘੱਟ ਹੈ। ਪੰਜਾਬ ਵਿੱਚ ਕੁੱਲ ਬਿਜਲੀ ਉਤਪਾਦਨ 5,421 ਮੈਗਾਵਾਟ ਦਰਜ ਕੀਤਾ ਗਿਆ।