ਡਾਬਾ ਕਲੋਨੀ ’ਚ 3 ਕਿਲੋ 134 ਗ੍ਰਾਮ ਹੈਰੋਇਨ ਸਮੇਤ ਤਿੰਨ ਕਾਬੂ, 1.05 ਲੱਖ ਰੁਪਏ ਨਕਦ ਬਰਾਮਦ

ਲੁਧਿਆਣਾ (ਅਰਸ਼ਦੀਪ ਸਿੰਘ ਕਾਲੜਾ) : ਨਸ਼ਾ ਤਸਕਰੀ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਲੁਧਿਆਣਾ ਸਪੈਸ਼ਲ ਸੈੱਲ ਦੀ ਪੁਲਿਸ ਨੇ ਡਾਬਾ ਕਲੋਨੀ ਇਲਾਕੇ ਵਿੱਚ ਵੱਡੀ ਕਾਰਵਾਈ ਕਰਦਿਆਂ ਤਿੰਨ ਕਥਿਤ ਨਸ਼ਾ ਤਸਕਰਾਂ ਨੂੰ ਹੈਰੋਇਨ ਅਤੇ ਨਕਦੀ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 3 ਕਿਲੋ 134 ਗ੍ਰਾਮ ਹੈਰੋਇਨ, ਨਸ਼ੇ ਦੀ ਵਿਕਰੀ ਤੋਂ ਪ੍ਰਾਪਤ ਦੱਸੀ ਜਾ ਰਹੀ 1 ਲੱਖ 5 ਹਜ਼ਾਰ ਰੁਪਏ ਦੀ ਨਕਦੀ, ਚਾਰ ਡਿਜੀਟਲ ਤੋਲਣ ਵਾਲੀਆਂ ਮਸ਼ੀਨਾਂ, 80 ਖਾਲੀ ਲਿਫ਼ਾਫ਼ੇ ਅਤੇ ਇੱਕ ਨੀਲੇ ਰੰਗ ਦਾ ਬੈਕਪੈਕ ਬਰਾਮਦ ਕੀਤਾ ਹੈ।

ਪੁਲਿਸ ਅਨੁਸਾਰ ਸਪੈਸ਼ਲ ਸੈੱਲ ਦੇ ਸਬ-ਇੰਸਪੈਕਟਰ ਬਲਜੀਤ ਸਿੰਘ ਆਪਣੀ ਟੀਮ ਸਮੇਤ 5 ਅਕਤੂਬਰ ਨੂੰ ਡਾਬਾ ਕਲੋਨੀ ਇਲਾਕੇ ਵਿੱਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਜਦੋਂ ਪੁਲਿਸ ਟੀਮ ਗਲੀ ਨੰਬਰ 4 ਵੱਲ ਪਹੁੰਚੀ ਤਾਂ ਇੱਕ ਘਰ ਦੇ ਬਾਹਰ ਕੁਝ ਨੌਜਵਾਨ ਸ਼ੱਕੀ ਹਾਲਾਤ ਵਿੱਚ ਇੱਕ-ਦੂਜੇ ਨੂੰ ਕਾਲੇ ਰੰਗ ਦਾ ਪਲਾਸਟਿਕ ਪੈਕੇਟ ਦਿੰਦੇ ਹੋਏ ਨਜ਼ਰ ਆਏ।

ਸ਼ੱਕ ਦੇ ਆਧਾਰ ’ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਤਿੰਨਾਂ ਨੂੰ ਮੌਕੇ ’ਤੇ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਵੱਡੀ ਮਾਤਰਾ ਵਿੱਚ ਹੈਰੋਇਨ ਅਤੇ ਹੋਰ ਸਾਮਾਨ ਬਰਾਮਦ ਹੋਇਆ। ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਨਿਤਿਨ ਅਤੇ ਪਵਨ ਰਾਏ, ਦੋਵੇਂ ਵਾਸੀ ਡਾਬਾ ਕਲੋਨੀ, ਲੁਧਿਆਣਾ, ਅਤੇ ਅੰਕਿਤ ਕੁਮਾਰ, ਵਾਸੀ ਸੂਰਜ ਨਗਰ, ਸ਼ਿਮਲਾਪੁਰੀ, ਲੁਧਿਆਣਾ ਵਜੋਂ ਹੋਈ ਹੈ।

ਇਸ ਮਾਮਲੇ ਸਬੰਧੀ ਥਾਣਾ ਸ਼ਿਮਲਾਪੁਰੀ ਵਿੱਚ NDPS ਐਕਟ ਦੀਆਂ ਧਾਰਾਵਾਂ 21-C/61/85 ਤਹਿਤ FIR ਨੰਬਰ 201 ਦਰਜ ਕੀਤੀ ਗਈ ਹੈ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਅਧਿਕਾਰੀਆਂ ਮੁਤਾਬਕ ਪੁੱਛਗਿੱਛ ਦੌਰਾਨ ਨਸ਼ਾ ਤਸਕਰੀ ਨਾਲ ਜੁੜੇ ਹੋਰ ਵਿਅਕਤੀਆਂ ਅਤੇ ਨੈੱਟਵਰਕ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।