ਇੰਦੌਰ ’ਚ 75 ਸਾਲਾ ਦਾਦੇ ਦਾ ਕ੍ਰਿਕਟ ਬੈਟ ਨਾਲ ਕਤਲ, 20 ਸਾਲਾ ਪੋਤੀ ਗ੍ਰਿਫ਼ਤਾਰ

ਇੰਦੌਰ (ਅਰਸ਼ਦੀਪ ਸਿੰਘ ਕਾਲੜਾ) : ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ 75 ਸਾਲਾ ਵਿਅਕਤੀ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਉਸ ਦੀ 20 ਸਾਲਾ ਪੋਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਮੁਲਜ਼ਮ ਲੜਕੀ ਨੇ ਕ੍ਰਿਕਟ ਬੈਟ ਨਾਲ ਆਪਣੇ ਦਾਦੇ ਦੇ ਸਿਰ ਅਤੇ ਸਰੀਰ ’ਤੇ ਕਈ ਵਾਰ ਕੀਤੇ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਪੁਲਿਸ ਅਧਿਕਾਰੀਆਂ ਅਨੁਸਾਰ, ਮੁੱਢਲੀ ਪੁੱਛਗਿੱਛ ਦੌਰਾਨ ਲੜਕੀ ਨੇ ਦਾਅਵਾ ਕੀਤਾ ਕਿ ਕਰੀਬ 7 ਤੋਂ 8 ਸਾਲ ਪਹਿਲਾਂ ਉਸ ਦੇ ਦਾਦੇ ਨੇ ਕਥਿਤ ਤੌਰ ’ਤੇ ਉਸ ਨਾਲ ਮਾੜੇ ਇਰਾਦਿਆਂ ਨਾਲ ਦੁਰਵਿਹਾਰ ਕੀਤਾ ਸੀ। ਇਸ ਘਟਨਾ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਦੀ ਗੱਲ ਕਹਿ ਰਹੀ ਹੈ।

ਅਧਿਕਾਰੀਆਂ ਨੇ ਦੱਸਿਆ ਕਿ 75 ਸਾਲਾ ਬਜ਼ੁਰਗ ਆਪਣੀ ਪਤਨੀ ਨਾਲ ਏਅਰੋਡਰੋਮ ਥਾਣਾ ਖੇਤਰ ਵਿੱਚ ਰਹਿੰਦਾ ਸੀ। ਉਹ ਰਾਜ ਪੁਲਿਸ ਦੇ ਵਿਸ਼ੇਸ਼ ਹਥਿਆਰਬੰਦ ਬਲਾਂ ਤੋਂ ਸੇਵਾਮੁਕਤ ਸੀ। ਉਸ ਦੀ ਪੋਤੀ ਸ਼ਹਿਰ ਦੇ ਇੱਕ ਕਾਲਜ ਵਿੱਚ ਪੜ੍ਹਦੀ ਸੀ ਅਤੇ ਆਪਣੇ ਮਾਪਿਆਂ ਨਾਲ ਦਾਦੇ ਦੇ ਘਰ ਤੋਂ ਕਰੀਬ 15 ਕਿਲੋਮੀਟਰ ਦੂਰ ਰਹਿੰਦੀ ਸੀ।

ਪੁਲਿਸ ਮੁਤਾਬਕ ਸ਼ਨੀਵਾਰ ਰਾਤ ਨੂੰ ਲੜਕੀ ਦਾ ਆਪਣੇ ਮਾਪਿਆਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਸ ਤੋਂ ਬਾਅਦ ਗੁੱਸੇ ਵਿੱਚ ਉਹ ਆਪਣੇ ਦਾਦੇ ਦੇ ਘਰ ਚਲੀ ਗਈ ਅਤੇ ਆਪਣੇ ਨਾਲ ਕ੍ਰਿਕਟ ਬੈਟ ਵੀ ਲੈ ਗਈ।

ਜਦੋਂ ਉਹ ਦਾਦੇ ਦੇ ਘਰ ਪਹੁੰਚੀ ਤਾਂ ਉਸ ਦੀ ਦਾਦੀ ਨੇ ਦਰਵਾਜ਼ਾ ਖੋਲ੍ਹਿਆ। ਇਸ ਤੋਂ ਬਾਅਦ ਲੜਕੀ ਸਿੱਧੀ ਦਾਦੇ ਦੇ ਕਮਰੇ ਵਿੱਚ ਗਈ ਅਤੇ ਉਸ ’ਤੇ ਕ੍ਰਿਕਟ ਬੈਟ ਨਾਲ ਹਮਲਾ ਕਰ ਦਿੱਤਾ। ਪੁਲਿਸ ਅਨੁਸਾਰ, ਬੈਟ ਨਾਲ ਕੀਤੇ ਗਏ ਕਈ ਵਾਰਾਂ ਕਾਰਨ ਬਜ਼ੁਰਗ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ।

ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰਦਿਆਂ 20 ਸਾਲਾ ਪੋਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਮਲੇ ਸਬੰਧੀ ਪੁਲਿਸ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।