ਜਤਿੰਦਰ ਪਿੰਕਲ, ਫਿਰੋਜ਼ਪੁਰ: ਪੰਜਾਬੀ ਫਿਲਮ ‘ਬੋਲ ਭਾਵੇਂ ਨਾ ਬੋਲ’ ਦੀ ਟੀਮ ਫਿਲਮ ਦੇ ਪ੍ਰਚਾਰ ਲਈ ਫਿਰੋਜ਼ਪੁਰ ਪਹੁੰਚੀ। ਇਸ ਦੌਰਾਨ ਟੀਮ ਨੇ ਸ਼ਹਿਰ ਦੇ ਵੱਖ-ਵੱਖ ਕਾਲਜਾਂ ਦਾ ਦੌਰਾ ਕਰਕੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਅਤੇ ਫਿਲਮ ਦੀ ਕਹਾਣੀ, ਕਿਰਦਾਰਾਂ ਅਤੇ ਫਿਲਮ ਨਾਲ ਜੁੜੇ ਤਜਰਬਿਆਂ ਬਾਰੇ ਗੱਲਬਾਤ ਕੀਤੀ।

ਇਸ ਤੋਂ ਬਾਅਦ ਫਿਲਮ ਦੀ ਟੀਮ ਸਤਲੁਜ ਪ੍ਰੈਸ ਕਲੱਬ, ਫਿਰੋਜ਼ਪੁਰ ਵਿਖੇ ਪਹੁੰਚੀ, ਜਿੱਥੇ ਮੀਡੀਆ ਨਾਲ ਰੂਬਰੂ ਹੁੰਦਿਆਂ ਫਿਲਮ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ।

ਇਸ ਮੌਕੇ ਫਿਲਮ ਦੇ ਮੁੱਖ ਅਦਾਕਾਰ ਸਿਦਕ ਗਿੱਲ ਨੇ ਕਿਹਾ ਕਿ 4 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ‘ਬੋਲ ਭਾਵੇਂ ਨਾ ਬੋਲ’ ਉਨ੍ਹਾਂ ਲਈ ਬੇਹੱਦ ਖਾਸ ਫਿਲਮ ਹੈ, ਕਿਉਂਕਿ ਉਹ ਪਹਿਲੀ ਵਾਰ ਬਤੌਰ ਹੀਰੋ ਵੱਡੇ ਪਰਦੇ ’ਤੇ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਉਹ ਅੱਧੀ ਦਰਜਨ ਤੋਂ ਵੱਧ ਪੰਜਾਬੀ ਫਿਲਮਾਂ ਵਿੱਚ ਅਸਿਸਟੈਂਟ ਡਾਇਰੈਕਟਰ ਵਜੋਂ ਕੰਮ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਫਿਲਮਮੇਕਿੰਗ ਨੂੰ ਅਸਿਸਟੈਂਟ ਡਾਇਰੈਕਟਰ ਵਜੋਂ ਨੇੜਿਓਂ ਸਮਝਣ ਤੋਂ ਬਾਅਦ ਮੁੱਖ ਅਦਾਕਾਰ ਵਜੋਂ ਵੱਡੇ ਪਰਦੇ ’ਤੇ ਆਉਣਾ ਉਨ੍ਹਾਂ ਲਈ ਨਵਾਂ ਅਤੇ ਯਾਦਗਾਰ ਤਜਰਬਾ ਹੈ।

ਫਿਲਮ ਦੀ ਮੇਨ ਲੀਡ ਅਦਾਕਾਰਾ ਜਾਨਿਆ ਜੋਸ਼ੀ ਨੇ ਕਿਹਾ ਕਿ ‘ਬੋਲ ਭਾਵੇਂ ਨਾ ਬੋਲ’ ਉਨ੍ਹਾਂ ਦੀ ਬਤੌਰ ਹੀਰੋਇਨ ਪਹਿਲੀ ਪੰਜਾਬੀ ਫਿਲਮ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਸਿਨੇਮਾ ਦਾ ਹਿੱਸਾ ਬਣਨਾ ਅਤੇ ਦਰਸ਼ਕਾਂ ਦੇ ਸਾਹਮਣੇ ਆਉਣਾ ਉਨ੍ਹਾਂ ਲਈ ਬਹੁਤ ਖੁਸ਼ੀ ਦੀ ਗੱਲ ਹੈ।

‘ਰਿਦਮ ਬੁਆਏਜ ਇੰਟਰਟੇਨਮੈਂਟ’ ਦੇ ਬੈਨਰ ਹੇਠ ਬਣੀ ਇਸ ਫਿਲਮ ਦਾ ਨਿਰਦੇਸ਼ਨ ਅਤੇ ਕਹਾਣੀ ਲੇਖਨ ਰਾਕੇਸ਼ ਧਵਨ ਨੇ ਕੀਤਾ ਹੈ। ਫਿਲਮ ਵਿੱਚ ਸਿਦਕ ਗਿੱਲ ਅਤੇ ਜਾਨਿਆ ਜੋਸ਼ੀ ਤੋਂ ਇਲਾਵਾ ਪਰਮਜੀਤ ਪੁਰੇਵਾਲ, ਹਰਦੀਪ ਗਿੱਲ, ਕਾਕਾ, ਪਵਨ ਮਲਹੋਤਰਾ ਅਤੇ ਜਸਪਾਲ ਦਿਓਲ ਸਮੇਤ ਕਈ ਹੋਰ ਕਲਾਕਾਰ ਨਜ਼ਰ ਆਉਣਗੇ। ਫਿਲਮ ਦੇ ਨਿਰਮਾਤਾ ਕਾਰਜ ਗਿੱਲ ਅਤੇ ਦਰਸ਼ਨ ਸ਼ਰਮਾ ਹਨ।

ਫਿਲਮ ਦੀ ਟੀਮ ਨੇ ਕਿਹਾ ਕਿ ‘ਬੋਲ ਭਾਵੇਂ ਨਾ ਬੋਲ’ ਸਿਰਫ਼ ਇੱਕ ਫਿਲਮ ਨਹੀਂ, ਸਗੋਂ ਨਵੀਂ ਪੀੜ੍ਹੀ ਦੇ ਕਲਾਕਾਰਾਂ ਅਤੇ ਨਵੇਂ ਵਿਚਾਰਾਂ ਨੂੰ ਪੰਜਾਬੀ ਸਿਨੇਮਾ ਵਿੱਚ ਮੌਕਾ ਦੇਣ ਦੀ ਕੋਸ਼ਿਸ਼ ਹੈ। ਟੀਮ ਨੇ ਉਮੀਦ ਜਤਾਈ ਕਿ ਦਰਸ਼ਕ ਇਸ ਨਵੀਂ ਕੋਸ਼ਿਸ਼ ਨੂੰ ਭਰਪੂਰ ਪਿਆਰ ਅਤੇ ਸਮਰਥਨ ਦੇਣਗੇ।