ਅਮਿਤ ਨੱਖਵਾਲ/ਵਾਸ਼ਿੰਗਟਨ: ਭਾਰਤ ਅਤੇ ਕੈਨੇਡਾ ਨੇ ਦੁਵੱਲੇ ਆਰਥਿਕ ਅਤੇ ਵਿੱਤੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਵੱਲ ਅਹਿਮ ਕਦਮ ਚੁੱਕਿਆ ਹੈ। ਦੋਵਾਂ ਦੇਸ਼ਾਂ ਨੇ 2026 ਦੇ ਅੰਤ ਤੱਕ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ (CEPA) ਸਬੰਧੀ ਗੱਲਬਾਤ ਪੂਰੀ ਕਰਨ ਲਈ ਆਪਣੀ ਸਾਂਝੀ ਵਚਨਬੱਧਤਾ ਪ੍ਰਗਟਾਈ ਹੈ। ਇਸ ਦੇ ਨਾਲ ਹੀ ਦੁਵੱਲੀ ਨਿਵੇਸ਼ ਸੰਧੀ (BIT) ’ਤੇ ਗੱਲਬਾਤ ਜਲਦ ਤੋਂ ਜਲਦ ਸ਼ੁਰੂ ਕਰਨ ਦੀ ਤਿਆਰੀ ਵੀ ਜਤਾਈ ਗਈ ਹੈ।

ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਕੈਨੇਡਾ ਦੇ ਵਿੱਤ ਤੇ ਰਾਸ਼ਟਰੀ ਮਾਲੀਆ ਮੰਤਰੀ ਫ੍ਰਾਂਸਵਾ-ਫਿਲਿਪ ਸ਼ੈਂਪੇਨ ਨੇ ਵੀਰਵਾਰ ਨੂੰ ਟੋਰਾਂਟੋ ਵਿੱਚ ਹੋਏ ਪਹਿਲੇ ਆਰਥਿਕ ਅਤੇ ਵਿੱਤੀ ਸੰਵਾਦ ਦੌਰਾਨ ਦੁਵੱਲੇ ਆਰਥਿਕ ਸਬੰਧਾਂ ਨਾਲ ਜੁੜੇ ਕਈ ਅਹਿਮ ਮੁੱਦਿਆਂ ’ਤੇ ਚਰਚਾ ਕੀਤੀ।

ਸਾਂਝੇ ਬਿਆਨ ਮੁਤਾਬਕ, ਦੋਵਾਂ ਧਿਰਾਂ ਨੇ ਸਰਹੱਦ ਪਾਰ ਪੈਸੇ ਭੇਜਣ ਅਤੇ ਵਪਾਰਕ ਭੁਗਤਾਨਾਂ ਨਾਲ ਸਬੰਧਤ ਮੌਕਿਆਂ ਦੀ ਪੜਚੋਲ ਕਰਨ ਲਈ ਅਧਿਕਾਰੀਆਂ ਅਤੇ ਵੱਖ-ਵੱਖ ਹਿੱਸੇਦਾਰਾਂ ਨਾਲ ਮਿਲ ਕੇ ਕੰਮ ਕਰਨ ’ਤੇ ਸਹਿਮਤੀ ਜਤਾਈ।

ਕੈਨੇਡਾ ਵਿੱਚ UPI ਦੇ ਵਿਸਥਾਰ ਦਾ ਸਵਾਗਤ

ਭਾਰਤ ਅਤੇ ਕੈਨੇਡਾ ਨੇ ਕੈਨੇਡਾ ਵਿੱਚ UPI ਦੀ ਵਰਤੋਂ ਦੇ ਵਿਸਥਾਰ ਦਾ ਵੀ ਸਵਾਗਤ ਕੀਤਾ। ਦੋਵਾਂ ਦੇਸ਼ਾਂ ਨੇ ਮੰਨਿਆ ਕਿ ਤੇਜ਼ ਅਤੇ ਘੱਟ ਲਾਗਤ ਵਾਲੇ ਡਿਜੀਟਲ ਭੁਗਤਾਨ ਦੋਵਾਂ ਦੇਸ਼ਾਂ ਵਿਚਕਾਰ ਵਪਾਰ, ਸੈਰ-ਸਪਾਟਾ, ਸਿੱਖਿਆ ਅਤੇ ਛੋਟੇ ਤੇ ਦਰਮਿਆਨੇ ਕਾਰੋਬਾਰਾਂ ਨੂੰ ਵਧਾਉਣ ਵਿੱਚ ਮਦਦਗਾਰ ਸਾਬਤ ਹੋ ਸਕਦੇ ਹਨ।

ਇਹ ਪਹਿਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਿਚਕਾਰ ਮਾਰਚ 2026 ਵਿੱਚ ਨਵੀਂ ਦਿੱਲੀ ਵਿਖੇ ਹੋਈ ਮੁਲਾਕਾਤ ਦੌਰਾਨ ਦੁਵੱਲੇ ਆਰਥਿਕ ਅਤੇ ਵਿੱਤੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਕੀਤੀ ਗਈ ਵਚਨਬੱਧਤਾ ’ਤੇ ਆਧਾਰਿਤ ਹੈ।

ਨਿਵੇਸ਼ ਸਬੰਧਾਂ ਨੂੰ ਮਜ਼ਬੂਤ ਕਰਨ ’ਤੇ ਜ਼ੋਰ

ਮੰਤਰੀਆਂ ਨੇ ਵਿਸ਼ਵ ਪੱਧਰੀ ਮੈਕਰੋ-ਆਰਥਿਕ ਹਾਲਾਤਾਂ ਅਤੇ ਘਰੇਲੂ ਨੀਤੀ ਦੀਆਂ ਤਰਜੀਹਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ। ਇਸ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਨਿਵੇਸ਼ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ ’ਤੇ ਵੀ ਚਰਚਾ ਹੋਈ।

ਭਾਰਤ ਨੇ ਦੁਵੱਲੀ ਨਿਵੇਸ਼ ਸੰਧੀ (BIT) ’ਤੇ ਗੱਲਬਾਤ ਜਲਦ ਸ਼ੁਰੂ ਕਰਨ ਲਈ ਆਪਣੀ ਤਿਆਰੀ ਪ੍ਰਗਟਾਈ ਹੈ। ਦੋਵਾਂ ਦੇਸ਼ਾਂ ਵਿਚਕਾਰ ਅਗਲਾ ਆਰਥਿਕ ਅਤੇ ਵਿੱਤੀ ਸੰਵਾਦ 2027 ਵਿੱਚ ਹੋਣ ਦੀ ਉਮੀਦ ਹੈ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਭਾਰਤ-ਕੈਨੇਡਾ ਆਰਥਿਕ ਕੋਰੀਡੋਰ ਵਿੱਚ ਨਵੇਂ ਮੌਕਿਆਂ ਦੀ ਪੜਚੋਲ ਕਰਨ ਲਈ ਮੁੱਖ ਵਪਾਰਕ ਸਮੂਹਾਂ ਅਤੇ ਪੇਸ਼ੇਵਰ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨਾਲ ਵੀ ਮੁਲਾਕਾਤ ਕੀਤੀ।

ਰਿਪੋਰਟ: ਅਮਿਤ ਨੱਖਵਾਲ