ਅਮਿਤ ਨੱਖਵਾਲ/ਅੰਮ੍ਰਿਤਸਰ: ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਗੁਰੂ ਘਰ ਵਿਖੇ ਮੱਥਾ ਟੇਕਣ ਉਪਰੰਤ ਉਨ੍ਹਾਂ ਨੇ ਆਪਣੀ ਅਧਿਆਤਮਿਕ ਖੁਸ਼ੀ ਸਾਂਝੀ ਕੀਤੀ ਅਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਈ ਸਿਆਸੀ ਮੁੱਦਿਆਂ ’ਤੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ।

ਗੁਰੂ ਘਰ ਵਿਖੇ ਹਾਜ਼ਰੀ ਲਗਵਾਉਣ ਤੋਂ ਬਾਅਦ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਉਨ੍ਹਾਂ ਲਈ ਇੱਥੇ ਮੱਥਾ ਟੇਕਣਾ ਵੱਡੇ ਸੌਭਾਗ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਆ ਕੇ ਮਨ ਅਨੰਤ ਊਰਜਾ, ਉਮੰਗ ਅਤੇ ਉਤਸ਼ਾਹ ਨਾਲ ਭਰ ਗਿਆ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰ ਵਿੱਚ ਕਿਸੇ ਤਰ੍ਹਾਂ ਦਾ ਛੋਟਾ-ਵੱਡਾ ਜਾਂ ਊਚ-ਨੀਚ ਨਹੀਂ ਹੈ ਅਤੇ ਸਾਰੇ ਮਨੁੱਖ ਇੱਕੋ ਪ੍ਰਮਾਤਮਾ ਦੀ ਸੰਤਾਨ ਹਨ।

ਚੌਹਾਨ ਨੇ ਕਿਹਾ ਕਿ ਗੁਰੂ ਘਰ ਵਿੱਚ ਹੋਣ ਵਾਲੀ ਸੇਵਾ ਮਨੁੱਖ ਦੇ ਅਹੰਕਾਰ ਨੂੰ ਦੂਰ ਕਰਨ ਦਾ ਸੰਦੇਸ਼ ਦਿੰਦੀ ਹੈ। ਉਨ੍ਹਾਂ ਕਿਹਾ ਕਿ ਉਹ ਇੱਥੋਂ ਨਵੀਂ ਊਰਜਾ ਅਤੇ ਪ੍ਰਕਾਸ਼ ਲੈ ਕੇ ਜਾ ਰਹੇ ਹਨ।

ਇਸ ਦੌਰਾਨ ਸਿਆਸੀ ਸਵਾਲਾਂ ਦੇ ਜਵਾਬ ਦਿੰਦਿਆਂ ਕੇਂਦਰੀ ਮੰਤਰੀ ਨੇ ਮਹਿਲਾ ਰਾਖਵੇਂਕਰਨ ਬਿੱਲ ਦੇ ਮੁੱਦੇ ’ਤੇ ਕਾਂਗਰਸ ਨੂੰ ਨਿਸ਼ਾਨੇ ’ਤੇ ਲਿਆ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਵਿੱਚ ਮਹਿਲਾਵਾਂ ਦੇ ਸਸ਼ਕਤੀਕਰਨ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ, ਜਦਕਿ ਕਾਂਗਰਸ ਇਸ ਵਿੱਚ ਰੁਕਾਵਟਾਂ ਪੈਦਾ ਕਰ ਰਹੀ ਹੈ।

ਕਾਂਗਰਸ ’ਤੇ ਤਨਜ਼ ਕੱਸਦਿਆਂ ਚੌਹਾਨ ਨੇ ਕਿਹਾ ਕਿ ਕਾਂਗਰਸ ਦਾ ਚਰਿੱਤਰ “ਹਾਥੀ ਦੇ ਦੰਦ ਖਾਣ ਦੇ ਹੋਰ ਅਤੇ ਦਿਖਾਉਣ ਦੇ ਹੋਰ” ਵਰਗਾ ਹੈ। ਉਨ੍ਹਾਂ ਕਾਂਗਰਸ ਵੱਲੋਂ ਲਗਾਏ ਜਾ ਰਹੇ ਵੱਖ-ਵੱਖ ਦੋਸ਼ਾਂ ਨੂੰ ਵੀ ਖਾਰਜ ਕਰਦਿਆਂ ਕਿਹਾ ਕਿ ਝੂਠੇ ਦੋਸ਼ ਲਗਾਉਣਾ ਕਾਂਗਰਸ ਦੀ ਪ੍ਰਵਿਰਤੀ ਬਣ ਚੁੱਕੀ ਹੈ ਅਤੇ ਉਸ ਕੋਲ ਹੁਣ ਕੋਈ ਹੋਰ ਮੁੱਦਾ ਨਹੀਂ ਬਚਿਆ।

ਦੇਸ਼ ਦੇ ਵਿਕਾਸ ਬਾਰੇ ਗੱਲ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਜਿਸ ਵਿਅਕਤੀ ਦੀ ਅੰਤਰਆਤਮਾ ਜਾਗਦੀ ਹੈ, ਉਹ ਇਹ ਮੰਨਣ ਲਈ ਮਜਬੂਰ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਲਗਾਤਾਰ ਤਰੱਕੀ ਕਰ ਰਿਹਾ ਹੈ।

ਰਿਪੋਰਟ:- ਅਮਿਤ ਨੱਖਵਾਲ