Skip to content
ਅਮਿਤ ਨੱਖਵਾਲ: ਆਸਟ੍ਰੀਆ ਦੇ ਸਾਲਜ਼ਬਰਗ ਤੋਂ ਪੱਗ ਨੂੰ ਲੈ ਕੇ ਇੱਕ ਵਿਵਾਦਤ ਮਾਮਲਾ ਸਾਹਮਣੇ ਆਇਆ ਹੈ। ਮੋਹਾਲੀ ਵਿੱਚ ਟ੍ਰੇਡਿੰਗ ਫਰਮ ਚਲਾਉਣ ਵਾਲੇ ਸਿੱਖ ਨੌਜਵਾਨ ਜਸਪ੍ਰੀਤ ਨੇ ਦਾਅਵਾ ਕੀਤਾ ਹੈ ਕਿ ਸਾਲਜ਼ਬਰਗ ਦੇ ਕੂਲ ਮਾਮਾ ਹੋਟਲ ਵਿੱਚ ਪੱਗ ਪਹਿਨਣ ਕਾਰਨ ਉਨ੍ਹਾਂ ਨੂੰ ਐਂਟਰੀ ਨਹੀਂ ਦਿੱਤੀ ਗਈ।
ਜਸਪ੍ਰੀਤ ਮੁਤਾਬਕ ਉਨ੍ਹਾਂ ਨੇ 27 ਅਗਸਤ ਨੂੰ ਹੋਟਲ ਦੀ ਆਨਲਾਈਨ ਬੁਕਿੰਗ ਕੀਤੀ ਸੀ। ਜਦੋਂ ਉਹ ਹੋਟਲ ਪਹੁੰਚੇ ਤਾਂ ਸਟਾਫ਼ ਵੱਲੋਂ ਪੱਗ ਨੂੰ ਲੈ ਕੇ ਡਰੈੱਸ ਕੋਡ ਦਾ ਹਵਾਲਾ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਜਸਪ੍ਰੀਤ ਦਾ ਦਾਅਵਾ ਹੈ ਕਿ ਐਂਟਰੀ ਨਾ ਮਿਲਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਬੁਕਿੰਗ ਰੱਦ ਕਰਕੇ ਰਿਫੰਡ ਦੀ ਮੰਗ ਕੀਤੀ, ਪਰ ਹੋਟਲ ਪ੍ਰਬੰਧਨ ਵੱਲੋਂ ਪੈਸੇ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਇਸ ਘਟਨਾ ਨਾਲ ਸਬੰਧਤ ਇੱਕ ਵੀਡੀਓ ਵੀ ਜਸਪ੍ਰੀਤ ਵੱਲੋਂ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਗਈ ਹੈ।
ਜਸਪ੍ਰੀਤ ਨੇ ਕਿਹਾ ਕਿ ਉਨ੍ਹਾਂ ਲਈ ਪੈਸਿਆਂ ਨਾਲੋਂ ਪੱਗ ਦਾ ਸਨਮਾਨ ਵੱਡਾ ਹੈ ਅਤੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਦਾ ਤਜਰਬਾ ਪਹਿਲਾਂ ਕਦੇ ਨਹੀਂ ਕੀਤਾ।
ਉੱਧਰ, ਹੋਟਲ ਪ੍ਰਬੰਧਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਵੈੱਬਸਾਈਟ ’ਤੇ ਡਰੈੱਸ ਕੋਡ ਅਤੇ ਹੋਰ ਨਿਯਮ ਪਹਿਲਾਂ ਤੋਂ ਹੀ ਦਰਜ ਹਨ। ਹੋਟਲ ਮੁਤਾਬਕ ਰੈਸਟੋਰੈਂਟ ਦੇ ਖ਼ਾਸ ਮਾਹੌਲ ਨੂੰ ਕਾਇਮ ਰੱਖਣ ਲਈ ਕੁਝ ਡਰੈੱਸ ਕੋਡ ਨਿਯਮ ਲਾਗੂ ਕੀਤੇ ਗਏ ਹਨ।
ਫਿਲਹਾਲ ਪੱਗ ਨੂੰ ਲੈ ਕੇ ਸਾਹਮਣੇ ਆਏ ਇਸ ਮਾਮਲੇ ਨੇ ਧਾਰਮਿਕ ਪਛਾਣ, ਸਨਮਾਨ ਅਤੇ ਡਰੈੱਸ ਕੋਡ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ।
ਰਿਪੋਰਟ :- ਅਮਿਤ ਨੱਖਵਾਲ
Related