ਅਮਿਤ ਨੱਖਵਾਲ/ਨੇਪਾਲ/ਤਿੱਬਤ: 26 ਅਗਸਤ ਨੂੰ ਨੇਪਾਲ ਅਤੇ ਤਿੱਬਤ ਵਿੱਚ ਆਏ ਭਿਆਨਕ ਹੜ੍ਹਾਂ ਨੇ ਵੱਡੀ ਤਬਾਹੀ ਮਚਾਈ ਹੈ। ਹੜ੍ਹ ਤੋਂ ਬਾਅਦ ਲਾਪਤਾ ਲੋਕਾਂ ਦੀ ਗਿਣਤੀ ਲਗਭਗ 2,500 ਤੱਕ ਪਹੁੰਚ ਗਈ ਹੈ, ਜਦਕਿ ਹੁਣ ਤੱਕ 586 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ।

ਭਾਰਤ ਦੇ ਵਿਦੇਸ਼ ਮੰਤਰਾਲੇ (MEA) ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ ਕਿ ਨੇਪਾਲ ਵਿੱਚ ਮੌਜੂਦ 320 ਭਾਰਤੀ ਨਾਗਰਿਕਾਂ ਨਾਲ ਅਜੇ ਤੱਕ ਸੰਪਰਕ ਨਹੀਂ ਹੋ ਸਕਿਆ। ਇਸ ਤੋਂ ਇਲਾਵਾ, ਲਗਭਗ 400 ਭਾਰਤੀ ਨਾਗਰਿਕ ਤਿੱਬਤ ਵਿੱਚ ਫਸੇ ਹੋਏ ਹਨ। ਹਾਲਾਂਕਿ ਚੀਨ ਵਾਲੇ ਪਾਸੇ ਫਸੇ 153 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਢੰਗ ਨਾਲ ਨੇਪਾਲ ਪਹੁੰਚਾ ਦਿੱਤਾ ਗਿਆ ਹੈ

ਇਸ ਗੰਭੀਰ ਸਥਿਤੀ ਨੂੰ ਲੈ ਕੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਉੱਚ ਅਧਿਕਾਰੀਆਂ ਨਾਲ ਉੱਚ-ਪੱਧਰੀ ਮੀਟਿੰਗ ਕਰਕੇ ਨੇਪਾਲ ਵਿੱਚ ਹੜ੍ਹ ਕਾਰਨ ਬਣੀ ਸਥਿਤੀ ਦਾ ਜਾਇਜ਼ਾ ਲਿਆ। ਜਾਣਕਾਰੀ ਅਨੁਸਾਰ, ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਕੁਝ ਲੋਕ ਇੱਕ ਪਣ-ਬਿਜਲੀ ਪ੍ਰੋਜੈਕਟ ਵਾਲੀ ਥਾਂ ’ਤੇ ਬਣੀ ਸੁਰੰਗ ਵਿੱਚ ਫਸੇ ਹੋ ਸਕਦੇ ਹਨ। ਉਨ੍ਹਾਂ ਦੀ ਮਦਦ ਅਤੇ ਰਾਹਤ ਕਾਰਜਾਂ ਲਈ ਭਾਰਤ ਵੱਲੋਂ ਇੱਕ ਟੀਮ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਦੂਜੇ ਪਾਸੇ, ਨੇਪਾਲ ਸਰਕਾਰ ਨੇ ਹੜ੍ਹ-ਪ੍ਰਭਾਵਿਤ ਇਲਾਕਿਆਂ ਵਿੱਚ ਟੁੱਟੇ ਸੜਕੀ ਅਤੇ ਆਵਾਜਾਈ ਸੰਪਰਕ ਨੂੰ ਮੁੜ ਬਹਾਲ ਕਰਨ ਲਈ 42 ਬੇਲੀ ਪੁਲਾਂ ਦੇ ਨਿਰਮਾਣ ਵਾਸਤੇ ਭਾਰਤ ਅਤੇ ਚੀਨ ਤੋਂ ਮਦਦ ਮੰਗੀ ਹੈ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ ਅਤੇ ਪ੍ਰਸ਼ਾਸਨ ਲਾਪਤਾ ਲੋਕਾਂ ਦੀ ਭਾਲ ਵਿੱਚ ਜੁਟਿਆ ਹੋਇਆ ਹੈ।

ਰਿਪੋਰਟ: ਅਮਿਤ ਨੱਖਵਾਲ