ਜਲੰਧਰ: ਬਸਤੀ ਸ਼ੇਖ ਇਲਾਕੇ ਵਿੱਚ ਕਥਿਤ ਨਸ਼ਾ ਸਪਲਾਈ ਨੂੰ ਲੈ ਕੇ ਇੱਕ ਵਾਰ ਫਿਰ ਗੰਭੀਰ ਦੋਸ਼ ਸਾਹਮਣੇ ਆਏ ਹਨ। ਸਤਰਾ ਮੁਹੱਲੇ ਵਿੱਚ ਸਥਿਤ ਇੱਕ ਕੱਪੜੇ ਦੀ ਦੁਕਾਨ ਅਤੇ ਗੁਰੂ ਹਰਗੋਬਿੰਦ ਕਲੋਨੀ ਵਿੱਚ ਸਾਬਕਾ ਕੌਂਸਲਰ ਦੇ ਦਫ਼ਤਰ ਨੇੜੇ ਇੱਕ ਬਾਲ ਕਟਿੰਗ ਸ਼ਾਪ ਨੂੰ ਲੈ ਕੇ ਸਥਾਨਕ ਲੋਕਾਂ ਵੱਲੋਂ ਨਸ਼ੇ ਦੀ ਸਪਲਾਈ ਦੇ ਦੋਸ਼ ਲਗਾਏ ਜਾ ਰਹੇ ਹਨ।

ਇਲਾਕਾ ਵਾਸੀਆਂ ਦੇ ਦਾਅਵੇ ਮੁਤਾਬਕ, ਸਤਰਾ ਮੁਹੱਲੇ ਦੀ ਉਕਤ ਕੱਪੜੇ ਦੀ ਦੁਕਾਨ ’ਤੇ ਆਮ ਗਾਹਕਾਂ ਦੇ ਨਾਲ-ਨਾਲ ਕੁਝ ਸ਼ੱਕੀ ਲੋਕਾਂ ਦੀ ਆਵਾਜਾਈ ਵੀ ਦੇਖਣ ਨੂੰ ਮਿਲਦੀ ਹੈ। ਲੋਕਾਂ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਇੱਥੇ ਕਥਿਤ ਤੌਰ ’ਤੇ ‘ਚਿੱਟਾ’ ਸਪਲਾਈ ਕੀਤਾ ਜਾਂਦਾ ਹੈ।

ਕਟਿੰਗ ਸ਼ਾਪ ਨੂੰ ਲੈ ਕੇ ਵੀ ਗੰਭੀਰ ਦਾਅਵੇ

ਇਸੇ ਤਰ੍ਹਾਂ ਗੁਰੂ ਹਰਗੋਬਿੰਦ ਕਲੋਨੀ ਵਿੱਚ ਸਾਬਕਾ ਕੌਂਸਲਰ ਦੇ ਦਫ਼ਤਰ ਦੇ ਨੇੜੇ ਸਥਿਤ ਇੱਕ ਬਾਲ ਕਟਿੰਗ ਸ਼ਾਪ ਨੂੰ ਲੈ ਕੇ ਵੀ ਸਥਾਨਕ ਲੋਕਾਂ ਅਤੇ ਸੂਤਰਾਂ ਵੱਲੋਂ ਕਥਿਤ ਨਸ਼ਾ ਸਪਲਾਈ ਦੇ ਦੋਸ਼ ਲਗਾਏ ਜਾ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਦੁਕਾਨ ’ਤੇ ਆਉਣ ਵਾਲੇ ਕੁਝ ਨੌਜਵਾਨਾਂ ਨੂੰ ਕਥਿਤ ਤੌਰ ’ਤੇ ਨਸ਼ਾ ਮੁਹੱਈਆ ਕਰਵਾਇਆ ਜਾਂਦਾ ਹੈ।

ਮਾਮਲਾ ਬੇਹੱਦ ਗੰਭੀਰ ਹੈ, ਕਿਉਂਕਿ ਨੌਜਵਾਨਾਂ ਵਿੱਚ ਨਸ਼ੇ ਦੀ ਵਧਦੀ ਸਮੱਸਿਆ ਪਰਿਵਾਰਾਂ ਅਤੇ ਸਮਾਜ ਲਈ ਵੱਡੀ ਚਿੰਤਾ ਦਾ ਵਿਸ਼ਾ ਬਣ ਰਹੀ ਹੈ।

ਜੂਆ ਖਿਡਾਉਣ ਦੇ ਵੀ ਲੱਗ ਰਹੇ ਦੋਸ਼

ਕਟਿੰਗ ਸ਼ਾਪ ਨੂੰ ਲੈ ਕੇ ਕੁਝ ਸਥਾਨਕ ਲੋਕਾਂ ਅਤੇ ਸੂਤਰਾਂ ਵੱਲੋਂ ਕਥਿਤ ਤੌਰ ’ਤੇ ਜੂਆ ਖਿਡਾਉਣ ਦੇ ਦੋਸ਼ ਵੀ ਲਗਾਏ ਜਾ ਰਹੇ ਹਨ। ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਪੁਲਿਸ ਵੱਲੋਂ ਦੁਕਾਨ ਅਤੇ ਇਸਦੇ ਆਲੇ-ਦੁਆਲੇ ਦੀਆਂ ਗਤੀਵਿਧੀਆਂ ਦੀ ਨਿਰਪੱਖ ਜਾਂਚ ਕੀਤੀ ਜਾਵੇ, ਤਾਂ ਜੋ ਅਸਲ ਸੱਚਾਈ ਸਾਹਮਣੇ ਆ ਸਕੇ।

ਸਾਬਕਾ ਕੌਂਸਲਰ ਦੇ ਦਫ਼ਤਰ ਨੇੜੇ ਹੋਣ ਕਾਰਨ ਚਰਚਾ

ਮਾਮਲਾ ਇਸ ਲਈ ਵੀ ਚਰਚਾ ਵਿੱਚ ਹੈ ਕਿ ਕਥਿਤ ਨਸ਼ਾ ਸਪਲਾਈ ਵਾਲੀ ਥਾਂ ਸਾਬਕਾ ਕੌਂਸਲਰ ਦੇ ਦਫ਼ਤਰ ਦੇ ਨੇੜੇ ਦੱਸੀ ਜਾ ਰਹੀ ਹੈ। ਇਸ ਕਾਰਨ ਲੋਕਾਂ ਵੱਲੋਂ ਸਵਾਲ ਉਠਾਏ ਜਾ ਰਹੇ ਹਨ ਕਿ ਜੇਕਰ ਇੱਥੇ ਕੋਈ ਗੈਰ-ਕਾਨੂੰਨੀ ਗਤੀਵਿਧੀ ਚੱਲ ਰਹੀ ਹੈ ਤਾਂ ਇਸ ’ਤੇ ਨਜ਼ਰ ਕਿਉਂ ਨਹੀਂ ਪਈ।

ਹਾਲਾਂਕਿ ਕਿਸੇ ਸਿਆਸੀ ਜਾਂ ਪ੍ਰਭਾਵਸ਼ਾਲੀ ਵਿਅਕਤੀ ਦੀ ਸ਼ਮੂਲੀਅਤ ਜਾਂ ਸ਼ਹਿ ਸਬੰਧੀ ਵੀ ਕੁਝ ਲੋਕਾਂ ਵੱਲੋਂ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ,

ਪੁਲਿਸ ਜਾਂਚ ਨਾਲ ਹੀ ਸਾਹਮਣੇ ਆਵੇਗੀ ਸੱਚਾਈ

ਇਲਾਕਾ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਵੇਂ ਥਾਵਾਂ ਸਬੰਧੀ ਸਾਹਮਣੇ ਆ ਰਹੇ ਦੋਸ਼ਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਜਾਂਚ ਦੌਰਾਨ ਨਸ਼ਾ ਵੇਚਣ ਜਾਂ ਸਪਲਾਈ ਕਰਨ ਦੇ ਦੋਸ਼ ਸਹੀ ਪਾਏ ਜਾਂਦੇ ਹਨ ਤਾਂ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।