ਦਿਵੇਆਗਰ ਬੀਚ ’ਤੇ ਵੱਡਾ ਹਾਦਸਾ, ਪਿਕਨਿਕ ਮਨਾਉਣ ਗਏ 8 ਵਿਦਿਆਰਥੀ ਸਮੁੰਦਰ ’ਚ ਡੁੱਬੇ

ਰਾਏਗੜ੍ਹ (ਅਰਸ਼ਦੀਪ ਸਿੰਘ ਕਾਲੜਾ) : ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਵਿਚ ਦਿਵੇਆਗਰ ਬੀਚ ’ਤੇ ਪਿਕਨਿਕ ਮਨਾਉਣ ਗਏ 8 ਵਿਦਿਆਰਥੀਆਂ ਦੀ ਸਮੁੰਦਰ ਵਿਚ ਡੁੱਬਣ ਕਾਰਨ ਮੌਤ ਹੋ ਗਈ। ਹਾਦਸੇ ਤੋਂ ਬਾਅਦ ਪੁਲਿਸ ਅਤੇ ਬਚਾਅ ਟੀਮਾਂ ਵੱਲੋਂ ਖੋਜ ਤੇ ਰਾਹਤ ਕਾਰਜ ਸ਼ੁਰੂ ਕੀਤੇ ਗਏ, ਜਿਨ੍ਹਾਂ ਦੌਰਾਨ ਸਾਰੇ 8 ਵਿਦਿਆਰਥੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ।

ਪੁਲਿਸ ਮੁਤਾਬਕ, ਮ੍ਰਿਤਕ ਵਿਦਿਆਰਥੀ 11ਵੀਂ ਅਤੇ 12ਵੀਂ ਜਮਾਤ ਵਿਚ ਪੜ੍ਹਦੇ ਸਨ। ਉਹ ਪੁਣੇ ਜ਼ਿਲ੍ਹੇ ਦੇ ਅਲਾਂਦੀ ਸਥਿਤ ਨਿੱਜੀ ਕੋਚਿੰਗ ਸੰਸਥਾ ਵਿਨਰਜ਼ ਅਕੈਡਮੀ ਦੇ ਸਮੂਹ ਨਾਲ ਪਿਕਨਿਕ ਲਈ ਦਿਵੇਆਗਰ ਬੀਚ ਪਹੁੰਚੇ ਸਨ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੁੱਲ 48 ਲੋਕਾਂ ਦਾ ਸਮੂਹ ਬੀਚ ’ਤੇ ਆਇਆ ਸੀ, ਜਿਸ ਵਿਚ 25 ਮੁੰਡੇ, 17 ਕੁੜੀਆਂ ਅਤੇ 6 ਅਧਿਆਪਕ ਸ਼ਾਮਲ ਸਨ। ਇਸ ਦੌਰਾਨ ਸਮੁੰਦਰ ਵਿਚ ਵਾਪਰੇ ਹਾਦਸੇ ਨੇ ਖੁਸ਼ੀ ਦੇ ਮਾਹੌਲ ਨੂੰ ਮਾਤਮ ਵਿਚ ਬਦਲ ਦਿੱਤਾ।