
Skip to content

ਨਾਭਾ ’ਚ CBI ਦੀ ਵੱਡੀ ਕਾਰਵਾਈ, ਰਾਜਵੀਰ ਘੁੰਮਣ ਦੇ ਕਰੀਬੀਆਂ ਦੇ ਘਰ ’ਤੇ ਰੇਡ
ਨਾਭਾ (ਅਮਨ ਗਰਗ): ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਨੂੰ ਲੈ ਕੇ ਕੇਂਦਰੀ ਜਾਂਚ ਬਿਊਰੋ (CBI) ਵੱਲੋਂ ਪੰਜਾਬ ਵਿੱਚ ਕਈ ਥਾਵਾਂ ’ਤੇ ਛਾਪੇਮਾਰੀ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਵੀਰ ਘੁੰਮਣ ਸਮੇਤ ਕੁੱਲ ਛੇ ਵਿਅਕਤੀਆਂ ਖ਼ਿਲਾਫ਼ ਭ੍ਰਿਸ਼ਟਾਚਾਰ ਸਬੰਧੀ ਮਾਮਲਾ ਦਰਜ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ।
ਇਸੇ ਕਾਰਵਾਈ ਤਹਿਤ ਨਾਭਾ ਦੇ ਹੀਰਾ ਮਹਿਲ ਇਲਾਕੇ ਵਿੱਚ ਰਾਜਵੀਰ ਘੁੰਮਣ ਦੇ ਕਰੀਬੀ ਸਾਥੀ ਦੱਸੇ ਜਾ ਰਹੇ ਨਿਤਿਨ ਗੌਹਲ ਅਤੇ ਜਤਿਨ ਗੋਹਲ ਦੇ ਨਾਭਾ ਸਥਿਤ ਘਰ ’ਤੇ ਵੀ CBI ਦੀ ਟੀਮ ਵੱਲੋਂ ਰੇਡ ਕੀਤੀ ਗਈ। ਖ਼ਬਰ ਲਿਖੇ ਜਾਣ ਤੱਕ CBI ਦੀ ਕਾਰਵਾਈ ਜਾਰੀ ਸੀ।
ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਰਾਜਵੀਰ ਘੁੰਮਣ ਦੇ ਨਾਭਾ ਦੇ ਨੇੜਲੇ ਕਿਸੇ ਪਿੰਡ ਵਿੱਚ ਸਥਿਤ ਫੈਕਟਰੀ ਵਿੱਚ ਹੋਣ ਦੀ ਸੰਭਾਵਨਾ ਸਬੰਧੀ ਵੀ CBI ਨੂੰ ਜਾਣਕਾਰੀ ਮਿਲੀ ਹੈ। ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਹਾਲੇ ਨਹੀਂ ਹੋਈ ਹੈ।
CBI ਦੀ ਟੀਮ ਨੇ ਮੌਕੇ ’ਤੇ ਮੌਜੂਦ ਪੱਤਰਕਾਰਾਂ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ CBI ਦੇ ਤਿੰਨ ਮੈਂਬਰ ਕਾਰ ਰਾਹੀਂ ਘਰ ਤੋਂ ਬਾਹਰ ਨਿਕਲੇ, ਪਰ ਉਨ੍ਹਾਂ ਵੱਲੋਂ ਮੀਡੀਆ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ।
ਪੱਤਰਕਾਰਾਂ ਵੱਲੋਂ ਵਾਰ-ਵਾਰ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਕੀ ਰਾਜਵੀਰ ਘੁੰਮਣ ਨਾਭਾ ਵਿੱਚ ਕਿਤੇ ਮੌਜੂਦ ਹਨ ਜਾਂ CBI ਨੂੰ ਉਨ੍ਹਾਂ ਦੇ ਟਿਕਾਣੇ ਸਬੰਧੀ ਕੋਈ ਜਾਣਕਾਰੀ ਮਿਲੀ ਹੈ। ਇਸ ਤੋਂ ਇਲਾਵਾ ਇੱਥੋਂ ਕਿਸੇ ਵਿਅਕਤੀ ਦੀ ਗ੍ਰਿਫ਼ਤਾਰੀ ਹੋਣ ਬਾਰੇ ਵੀ ਪੁੱਛਿਆ ਗਿਆ, ਪਰ CBI ਅਧਿਕਾਰੀਆਂ ਨੇ ਇਨ੍ਹਾਂ ਸਵਾਲਾਂ ’ਤੇ ਕੋਈ ਟਿੱਪਣੀ ਨਹੀਂ ਕੀਤੀ।
ਫਿਲਹਾਲ ਇਹ ਵੀ ਸਪੱਸ਼ਟ ਨਹੀਂ ਹੋ ਸਕਿਆ ਕਿ ਰੇਡ ਦੌਰਾਨ ਨਿਤਿਨ ਗੌਹਲ ਅਤੇ ਜਤਿਨ ਗੋਹਲ ਆਪਣੇ ਨਾਭਾ ਸਥਿਤ ਘਰ ਵਿੱਚ ਮੌਜੂਦ ਸਨ ਜਾਂ ਨਹੀਂ। CBI ਦੀ ਜਾਂਚ ਅੱਗੇ ਵਧਣ ਤੋਂ ਬਾਅਦ ਇਸ ਮਾਮਲੇ ਵਿੱਚ ਹੋਰ ਜਾਣਕਾਰੀਆਂ ਅਤੇ ਖੁਲਾਸੇ ਸਾਹਮਣੇ ਆਉਣ ਦੀ ਸੰਭਾਵਨਾ ਹੈ।

Related