ਰਿੰਗ ਬੀਸਟ ਬਾਕਸਿੰਗ ਕਲੱਬ ਦੇ ਖਿਡਾਰੀਆਂ ਨੇ ਮੁਏ ਥਾਈ ਨੌਰਥ ਜ਼ੋਨ ਚੈਂਪੀਅਨਸ਼ਿਪ ’ਚ 2 ਸੋਨ ਤਮਗੇ ਸਮੇਤ ਜਿੱਤੇ 6 ਮੈਡਲ

 2 ਗੋਲਡ, 3 ਸਿਲਵਰ ਤੇ 1 ਬ੍ਰੌਂਜ਼ ਮੈਡਲ ਜਿੱਤ ਕੇ ਫਗਵਾੜਾ ਦਾ ਨਾਮ ਕੀਤਾ ਰੌਸ਼ਨ

ਫਗਵਾੜਾ 27 ਅਕਤੂਬਰ ( ਮਨੀਸ਼ , ਇੰਦਰਜੀਤ ) ਯੂਨੀਵਰਸਿਟੀ ਆਫ਼ ਜੰਮੂ ਵਿਖੇ ਆਯੋਜਿਤ ਮੁਏ ਥਾਈ ਨੌਰਥ ਜ਼ੋਨ ਚੈਂਪੀਅਨਸ਼ਿਪ-2026 ਵਿੱਚ ਰਿੰਗ ਬੀਸਟ ਬਾਕਸਿੰਗ ਕਲੱਬ, ਫਗਵਾੜਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 6 ਮੈਡਲ ਆਪਣੇ ਨਾਂ ਕੀਤੇ। ਕਲੱਬ ਦੇ ਚੀਫ ਕੋਚ ਪਿ੍ਰੰਸ ਕੌਲ ਨੇ ਦੱਸਿਆ ਕਿ ਵੱਖ-ਵੱਖ ਸਕੂਲਾਂ ਨਾਲ ਸਬੰਧਤ ਖਿਡਾਰੀਆਂ ਨੇ 2 ਗੋਲਡ, 3 ਸਿਲਵਰ ਅਤੇ 1 ਬ੍ਰੌਂਜ਼ ਮੈਡਲ ਜਿੱਤ ਕੇ ਆਪਣੇ ਮਾਪਿਆਂ, ਸਕੂਲਾਂ, ਸ਼ਹਿਰ ਅਤੇ ਕਲੱਬ ਦਾ ਨਾਮ ਰੌਸ਼ਨ ਕੀਤਾ ਹੈ। ਜੇਤੂ ਖਿਡਾਰੀਆਂ ‘ਚ ਗੌਰਵ ਕੁਮਾਰ ਨੇ ਅੰਡਰ-23 ਸਾਲ, 60 ਕਿਲੋਗ੍ਰਾਮ ਭਾਰ ਵਰਗ ਵਿੱਚ ਗੋਲਡ ਮੈਡਲ ਜਿੱਤਿਆ, ਜਦਕਿ ਅਰਸ਼ਜੀਤ ਕੌਰ ਨੇ ਅੰਡਰ-18 ਸਾਲ, +75 ਕਿਲੋਗ੍ਰਾਮ ਭਾਰ ਵਰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਹਾਸਲ ਕੀਤਾ ਹੈ। ਇਸੇ ਤਰ੍ਹਾਂ ਅੰਸ਼ਿਕਾ ਜੈਸਵਾਲ ਨੇ ਅੰਡਰ-23 ਸਾਲ, ਮਾਈਨਸ 54 ਕਿਲੋਗ੍ਰਾਮ ਭਾਰ ਵਰਗ ਵਿੱਚ, ਜਸਕਾਰ ਪਟੇਲ ਨੇ ਅੰਡਰ-23 ਸਾਲ, ਮਾਈਨਸ 51 ਕਿਲੋਗ੍ਰਾਮ ਭਾਰ ਵਰਗ ਵਿੱਚ ਅਤੇ ਭਾਵਿਕ ਚੱਢਾ ਨੇ ਅੰਡਰ-16 ਸਾਲ, ਮਾਈਨਸ 63.5 ਕਿਲੋਗ੍ਰਾਮ ਭਾਰ ਵਰਗ ਵਿੱਚ ਸਿਲਵਰ ਮੈਡਲ ਜਿੱਤੇ ਹਨ। ਮਨਵੀਰ ਨੇ ਅੰਡਰ-16 ਸਾਲ ਮਾਈਨਸ 51 ਕਿਲੋਗ੍ਰਾਮ ਭਾਰ ਵਰਗ ਵਿੱਚ ਬ੍ਰੌਂਜ਼ ਮੈਡਲ ਪ੍ਰਾਪਤ ਕੀਤਾ। ਇਸ ਸ਼ਾਨਦਾਰ ਪ੍ਰਾਪਤੀ ’ਤੇ ਕਲੱਬ ਦੇ ਸੰਸਥਾਪਕ ਅਤੇ ਚੀਫ ਕੋਚ ਪ੍ਰਿੰਸ ਕੌਲ ਨੇ ਸਾਰੇ ਜੇਤੂ ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਫਲਤਾ ਖਿਡਾਰੀਆਂ ਦੀ ਲਗਾਤਾਰ ਮਿਹਨਤ, ਅਨੁਸ਼ਾਸਨ, ਸਮਰਪਣ ਅਤੇ ਖੇਡਾਂ ਪ੍ਰਤੀ ਲਗਨ ਦਾ ਨਤੀਜਾ ਹੈ। ਉਨ੍ਹਾਂ ਖਿਡਾਰੀਆਂ ਦੀ ਤਿਆਰੀ ਵਿੱਚ ਸਹਿਯੋਗ ਦੇਣ ਲਈ ਮਾਪਿਆਂ ਅਤੇ ਸਬੰਧਤ ਸਕੂਲਾਂ ਦੇ ਪ੍ਰਬੰਧਕਾਂ ਦਾ ਧੰਨਵਾਦ ਵੀ ਕੀਤਾ। ਖਿਡਾਰੀਆਂ ਦੀ ਪ੍ਰਾਪਤੀ ’ਤੇ ਸਕੂਲ ਆਫ਼ ਐਮੀਨੈਂਸ, ਫਗਵਾੜਾ ਦੇ ਪ੍ਰਿੰਸੀਪਲ ਸ੍ਰੀ ਰਣਜੀਤ ਗੋਗਨਾ, ਲਾਰਡ ਮਹਾਵੀਰਾ ਜੈਨ ਪਬਲਿਕ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਰੋਮਾ ਦੁੱਲਤ, ਮਾਂ ਅੰਬੇ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਕੁਲਵਿੰਦਰ ਕੌਰ ਅਤੇ ਐੱਸ.ਡੀ. ਪੁਤਰੀ ਪਾਠਸ਼ਾਲਾ ਸਕੂਲ, ਹਦੀਆਬਾਦ ਦੀ ਪ੍ਰਿੰਸੀਪਲ ਰੀਟਾ ਥਾਪਰ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ ਹੈ। ਉਨ੍ਹਾਂ ਬੱਚਿਆਂ ਨੂੰ ਭਵਿੱਖ ਵਿੱਚ ਹੋਰ ਮਿਹਨਤ ਕਰਕੇ ਖੇਡਾਂ ਦੇ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਕਰਨ ਲਈ ਪ੍ਰੇਰਿਤ ਕੀਤਾ। ਮੁਏ ਥਾਈ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਾਜੀਵ ਵਾਲੀਆ ਨੇ ਵੀ ਖਿਡਾਰੀਆਂ ਨੂੰ ਸ਼ੁੱਭ ਇੱਛਾਵਾਂ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਲਈ ਕਾਮਨਾ ਕੀਤੀ। ਉਨ੍ਹਾਂ ਨੇ ਖਿਡਾਰੀਆਂ ਨੂੰ ਭਵਿੱਖ ਵਿੱਚ ਹੋਰ ਮਿਹਨਤ ਕਰਨ ਅਤੇ ਸਟੇਟ, ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ ’ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।