ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਪੱਖੀ ਚੋਣ ਮਨੋਰਥ ਪੱਤਰ ਲਈ ਸੁਝਾਅ ਲੈਣ ਦੀ ਮੁਹਿੰਮ ਸ਼ੁਰੂ

ਸ. ਰਣਜੀਤ ਸਿੰਘ ਖੁਰਾਣਾ ਦੀ ਅਗਵਾਈ ਹੇਠ ਸਤਨਾਮਪੁਰਾ ਦੇ ਪ੍ਰੀਤ ਨਗਰ ਤੋਂ ਹੋਈ ਸ਼ੁਰੂਆਤ; ਪਹਿਲੀ ਨਵੰਬਰ ਨੂੰ ਪੰਜਾਬ ਦਿਵਸ ਮੌਕੇ ਮਨੋਰਥ ਪੱਤਰ ਜਾਰੀ ਕਰਨ ਦੀ ਯੋਜਨਾ

ਫਗਵਾੜਾ (ਪੰਕਜ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲੋਕ ਪੱਖੀ ਚੋਣ ਮਨੋਰਥ ਪੱਤਰ ਤਿਆਰ ਕਰਨ ਲਈ ਲੋਕਾਂ ਤੋਂ ਸੁਝਾਅ ਲੈਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਹਲਕਾ ਫਗਵਾੜਾ (ਸ਼ਹਿਰੀ) ਦੇ ਇੰਚਾਰਜ ਸਰਦਾਰ ਰਣਜੀਤ ਸਿੰਘ ਖੁਰਾਣਾ ਦੀ ਅਗਵਾਈ ਹੇਠ ਇਸ ਮੁਹਿੰਮ ਦੀ ਸ਼ੁਰੂਆਤ ਸਰਕਲ ਸਤਨਾਮਪੁਰਾ ਦੇ ਜ਼ੋਨ ਨੰਬਰ 4 ਅਧੀਨ ਮੁਹੱਲਾ ਪ੍ਰੀਤ ਨਗਰ ਤੋਂ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸ. ਜਰਨੈਲ ਸਿੰਘ ਵਾਹਦ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।

ਮੁਹਿੰਮ ਦੌਰਾਨ ਪਾਰਟੀ ਆਗੂਆਂ ਨੇ ਲੋਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ, ਲੋੜਾਂ ਅਤੇ ਉਮੀਦਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਦੇ ਨਾਲ ਹੀ ਲੋਕਾਂ ਤੋਂ ਉਨ੍ਹਾਂ ਦੀਆਂ ਮੰਗਾਂ ਅਤੇ ਸੁਝਾਵਾਂ ਸਬੰਧੀ ਫਾਰਮ ਵੀ ਭਰਵਾਏ ਗਏ, ਤਾਂ ਜੋ ਆਮ ਲੋਕਾਂ ਦੀ ਆਵਾਜ਼ ਨੂੰ ਚੋਣ ਮਨੋਰਥ ਪੱਤਰ ਦਾ ਹਿੱਸਾ ਬਣਾਇਆ ਜਾ ਸਕੇ।

ਇਸ ਮੌਕੇ ਸ. ਜਰਨੈਲ ਸਿੰਘ ਵਾਹਦ ਅਤੇ ਸ. ਰਣਜੀਤ ਸਿੰਘ ਖੁਰਾਣਾ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਵੱਡੇ ਪੱਧਰ ’ਤੇ ਲੋਕਾਂ ਤੱਕ ਪਹੁੰਚ ਕੀਤੀ ਜਾਵੇਗੀ। ਪਾਰਟੀ ਦਾ ਉਦੇਸ਼ ਸਿਰਫ਼ ਰਵਾਇਤੀ ਚੋਣ ਵਾਅਦਿਆਂ ਤੱਕ ਸੀਮਤ ਰਹਿਣ ਦੀ ਬਜਾਏ ਲੋਕਾਂ ਦੀਆਂ ਅਸਲ ਲੋੜਾਂ ਅਤੇ ਉਮੀਦਾਂ ’ਤੇ ਆਧਾਰਿਤ ਚੋਣ ਮਨੋਰਥ ਪੱਤਰ ਤਿਆਰ ਕਰਨਾ ਹੈ।

ਉਨ੍ਹਾਂ ਦੱਸਿਆ ਕਿ ਲੋਕਾਂ ਤੋਂ ਪ੍ਰਾਪਤ ਸੁਝਾਵਾਂ ਦੇ ਆਧਾਰ ’ਤੇ ਸਿਹਤ, ਸਿੱਖਿਆ, ਰੁਜ਼ਗਾਰ, ਕਿਸਾਨਾਂ, ਵਪਾਰੀਆਂ, ਨੌਜਵਾਨਾਂ ਅਤੇ ਸਮਾਜ ਦੇ ਹੋਰਨਾਂ ਵਰਗਾਂ ਨਾਲ ਸਬੰਧਤ ਮੁੱਦਿਆਂ ਨੂੰ ਚੋਣ ਮਨੋਰਥ ਪੱਤਰ ਵਿੱਚ ਸ਼ਾਮਲ ਕੀਤਾ ਜਾਵੇਗਾ। ਪਾਰਟੀ ਵੱਲੋਂ ਪਹਿਲੀ ਨਵੰਬਰ ਨੂੰ ਪੰਜਾਬ ਦਿਵਸ ਮੌਕੇ ਚੋਣ ਮਨੋਰਥ ਪੱਤਰ ਜਾਰੀ ਕਰਨ ਦੀ ਯੋਜਨਾ ਬਣਾਈ ਗਈ ਹੈ। ਇਸੇ ਤਹਿਤ ਲੋਕਾਂ ਦੀਆਂ ਅਸਲ ਸਮੱਸਿਆਵਾਂ ਨੂੰ ਸਮਝਣ ਅਤੇ ਉਨ੍ਹਾਂ ਦੀ ਰਾਏ ਨੂੰ ਤਰਜੀਹ ਦੇਣ ਲਈ ਸੁਝਾਅ ਇਕੱਠੇ ਕੀਤੇ ਜਾ ਰਹੇ ਹਨ।

ਇਸ ਦੌਰਾਨ ਪਾਰਟੀ ਆਗੂਆਂ ਨੇ ਪੰਜਾਬ ਦੀ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ, ਭ੍ਰਿਸ਼ਟਾਚਾਰ ਦੇ ਦੋਸ਼ਾਂ, ਚੋਣ ਵਾਅਦਿਆਂ ਅਤੇ ਲੋਕਾਂ ਨਾਲ ਜੁੜੇ ਹੋਰ ਅਹਿਮ ਮੁੱਦਿਆਂ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰ ਲੋਕਾਂ ਨੂੰ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਜਾਗਰੂਕ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਸੁਝਾਵਾਂ ਅਤੇ ਰਾਏ ਨੂੰ ਵੀ ਮਹੱਤਵ ਦੇਣਗੇ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪੀ.ਏ.ਸੀ. ਮੈਂਬਰ ਸ. ਗੁਰਮੀਤ ਸਿੰਘ ਬਡਵਾਲ, ਜਥੇਦਾਰ ਬਹਾਦਰ ਸਿੰਘ ਸੰਗਤਪੁਰ, ਬੀਬੀ ਸਰਬਜੀਤ ਕੌਰ ਸਾਬਕਾ ਕੌਂਸਲਰ ਅਤੇ ਪ੍ਰਿਤਪਾਲ ਸਿੰਘ ਮੰਗਾ ਕੌਂਸਲਰ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।

ਇਸ ਤੋਂ ਇਲਾਵਾ ਸਰਬਜੀਤ ਸਿੰਘ ਕਾਕਾ, ਜਸਵਿੰਦਰ ਸਿੰਘ ਭਗਤਪੁਰਾ, ਸ. ਗਿਆਨ ਸਿੰਘ ਚਾਨਾ, ਸ. ਦਵਿੰਦਰ ਸਿੰਘ, ਹੇਮਰਾਜ ਸੋਨੂੰ, ਨਿੱਕੀ, ਸੁਰਿੰਦਰ ਸਿੰਘ, ਸਨੀ, ਜੋਤੀ, ਸਤਨਾਮ ਸਿੰਘ, ਜਰੀਨਾ, ਸੰਤੋਸ਼ ਕੁਮਾਰੀ, ਮਲਕੀਤ ਸਿੰਘ ਸੋਢੀ, ਡਾ. ਜਗਜੀਤ ਸਿੰਘ ਅਤੇ ਜਗਤਾਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਸਮਰਥਕ ਹਾਜ਼ਰ ਸਨ।