ਫਿਰੋਜ਼ਪੁਰ ( ਜਤਿੰਦਰ ਪਿੰਕਲ ) ਪੰਜਾਬ ਵਿੱਚ ਹਾਲ ਹੀ ਦੇ ਹੜ੍ਹ ਕਾਰਨ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਅਤੇ ਪੁਨਰਵਾਸ ਲਈ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਇਸ ਸੰਦਰਭ ਵਿੱਚ ਪ੍ਰੋਜੈਕਟ ਨੇ ਸੰਗਤ ਦੇ ਸਹਿਯੋਗ ਨਾਲ 12 ਪਿੰਡਾਂ ਨੂੰ ਅਪਣਾਉਣ ਦਾ ਫ਼ੈਸਲਾ ਕੀਤਾ ਹੈ, ਤਾਂ ਜੋ ਉਨ੍ਹਾਂ ਖੇਤਰਾਂ ਦੇ ਪ੍ਰਭਾਵਿਤ ਪਰਿਵਾਰਾਂ ਨੂੰ ਲਗਾਤਾਰ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ। ਪ੍ਰੋਜੈਕਟ ਵੱਲੋਂ ਹੜ੍ਹ ਪੀੜਤਾਂ ਲਈ ਖਾਣ-ਪੀਣ ਦੀਆਂ ਵਸਤਾਂ, ਸੁੱਚੇ ਪਾਣੀ ਦੀ ਉਪਲਬਧਤਾ, ਦਵਾਈਆਂ ਅਤੇ ਹੋਰ ਅਵਸ਼ਕ ਸਮੱਗਰੀ ਦੀ ਵੰਡ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪਸ਼ੂਆਂ ਦੀ ਸੰਭਾਲ ਲਈ ਵੱਡੇ ਪੱਧਰ ‘ਤੇ ਚਾਰੇ ਦੀ ਉਪਲਬਧਤਾ ਯਕੀਨੀ ਬਣਾਈ ਗਈ ਹੈ, ਜਿਸ ਨਾਲ ਪਿੰਡਾਂ ਦੇ ਜੀਵਨ-ਅਧਾਰ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਮਿਲ ਰਹੀ ਹੈ। ਇਸ ਤੋਂ ਇਲਾਵਾ ਪ੍ਰਭਾਵਿਤ ਪਿੰਡਾਂ ਦੇ ਮੁੜ ਵਸੇਬੇ ਅਤੇ ਵਿਕਾਸ ਲਈ ਵਿਸ਼ੇਸ਼ ਯੋਜਨਾ ਤਿਆਰ ਕੀਤੀ ਗਈ ਹੈ। ਇਸ ਯੋਜਨਾ ਅਧੀਨ ਖਰਾਬ ਹੋਈਆਂ ਫਸਲਾਂ ਦੀ ਬਿਜਾਈ ਲਈ ਬੀਜ, ਯੂਰੀਆ ਖਾਦ ਅਤੇ ਨਦੀਨ ਨਾਸ਼ਕ ਦਵਾਈਆਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਦੇ ਨਾਲ ਨੁਕਸਾਨੀ ਮਕਾਨਾਂ ਦੀ ਮੁਰੰਮਤ, ਪਸ਼ੂਆਂ ਦੇ ਨੁਕਸਾਨ ਦੀ ਭਰਪਾਈ, ਫੋਗਰ ਮਸ਼ੀਨਾਂ ਅਤੇ ਦਵਾਈਆਂ ਦੀ ਸਪਲਾਈ ਰਾਹੀਂ ਹੜ੍ਹਾਂ ਨਾਲ ਪੈਦਾ ਹੋਈਆਂ ਬਿਮਾਰੀਆਂ ਦੀ ਰੋਕਥਾਮ ਲਈ ਕਦਮ ਚੁੱਕੇ ਜਾਣਗੇ। ਪ੍ਰਭਾਵਿਤ ਇਲਾਕਿਆਂ ਵਿੱਚ ਮੈਡੀਕਲ ਕੈਂਪ ਆਯੋਜਿਤ ਕੀਤੇ ਜਾਣਗੇ ਅਤੇ ਇਹਨਾਂ ਪਿੰਡਾਂ ਦੇ ਬੱਚਿਆਂ ਦੀ ਸੈਸ਼ਨ 2025–26 ਦੀ ਸਕੂਲ ਫੀਸ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਭਰੀ ਜਾਵੇਗੀ। ਜ਼ਿਲ੍ਹਾ ਫਿਰੋਜ਼ਪੁਰ ਦੇ ਹੇਠ ਲਿਖੇ ਪਿੰਡਾਂ ਦੀ ਸੇਵਾ ਸੰਭਾਲ ਸੰਸਥਾ ਵਲੋਂ ਲਈ ਗਈ ਹੈ – ਪਿੰਡ ਬਸਤੀ ਕਿਸ਼ਨ ਸਿੰਘ ਜ਼ਿਲ੍ਹਾ ਫਿਰੋਜ਼ਪੁਰ – ਪਿੰਡ ਕਾਲੇ ਕੇ ਹਿਠਾੜ ਜ਼ਿਲ੍ਹਾ ਫਿਰੋਜ਼ਪੁਰ – ਪਿੰਡ ਬੱਗੇਵਾਲਾ ਜ਼ਿਲ੍ਹਾ ਫਿਰੋਜ਼ਪੁਰ – ਪਿੰਡ ਬੱਗੂਵਾਲਾ ਜ਼ਿਲ੍ਹਾ ਫਿਰੋਜ਼ਪੁਰ – ਪਿੰਡ ਰੁਕਣੇ ਵਾਲਾ ਜ਼ਿਲ੍ਹਾ ਫਿਰੋਜ਼ਪੁਰ – ਪਿੰਡ ਕੁਤਬਦੀਨ ਵਾਲਾ ਜ਼ਿਲ੍ਹਾ ਫਿਰੋਜ਼ਪੁਰ – ਪਿੰਡ ਧੀਰਾ ਘਾਰਾ ਜ਼ਿਲ੍ਹਾ ਫਿਰੋਜ਼ਪੁਰ – ਪਿੰਡ ਟੱਲੀ ਗੁਲਾਮ ਜ਼ਿਲ੍ਹਾ ਫਿਰੋਜ਼ਪੁਰ – ਪਿੰਡ ਨਿਹਾਲਾ ਲਵੇਰਾ ਜ਼ਿਲ੍ਹਾ ਫਿਰੋਜ਼ਪੁਰ ਇਨ੍ਹਾਂ ਸਾਰਿਆਂ ਉਪਰਾਲਿਆਂ ਰਾਹੀਂ ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਮੁੜ ਆਪਣੇ ਪੈਰਾਂ ‘ਤੇ ਖੜ੍ਹਾ ਕਰਨ ਅਤੇ ਉਨ੍ਹਾਂ ਦੇ ਸਮਾਜਿਕ-ਆਰਥਿਕ ਜੀਵਨ ਨੂੰ ਦੁਬਾਰਾ ਸੁਚਾਰੂ ਬਣਾਉਣ ਲਈ ਲਗਾਤਾਰ ਯਤਨ ਜਾਰੀ ਰਹਿਣਗੇ। ਇਸ ਮੌਕੇ ਸਰਦਾਰ ਜਸਵਿੰਦਰ ਸਿੰਘ ਖਾਲਸਾ ਯੂਕੇ, ਸਰਦਾਰ ਬਲਜੀਤ ਸਿੰਘ ਉਪ ਜਿਲਾ ਅਟਾਰਨੀ , ਰਾਜਦੀਪ ਸਿੰਘ, ਜਸਪ੍ਰੀਤ ਕੌਰ, ਤਜਿੰਦਰ ਸਿੰਘ, ਦਮਨਪ੍ਰੀਤ ਕੌਰ, ਅਮਰੀਕ ਸਿੰਘ, ਅਮਰੀਕ ਸਿੰਘ ਰਾਠੌਰ, ਹੈਡਮਾਸਟਰ ਮਹਿਲ ਸਿੰਘ ਭਾਂਗਰ ਆਦਿ ਮੌਜੂਦ ਸਨ।