2 ਸੋਨ, 3 ਚਾਂਦੀ ਅਤੇ 1 ਕਾਂਸੀ ਦਾ ਤਮਗਾ ਜਿੱਤ ਕੇ ਫਗਵਾੜਾ ਦਾ ਨਾਮ ਕੀਤਾ ਰੌਸ਼ਨ

ਫਗਵਾੜਾ, 27 ਅਕਤੂਬਰ (ਪੰਕਜ): ਯੂਨੀਵਰਸਿਟੀ ਆਫ਼ ਜੰਮੂ ਵਿਖੇ ਕਰਵਾਈ ਗਈ ਮੁਏ ਥਾਈ ਨੌਰਥ ਜ਼ੋਨ ਚੈਂਪੀਅਨਸ਼ਿਪ-2026 ਵਿੱਚ ਰਿੰਗ ਬੀਸਟ ਬਾਕਸਿੰਗ ਕਲੱਬ, ਫਗਵਾੜਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 6 ਮੈਡਲ ਜਿੱਤੇ। ਖਿਡਾਰੀਆਂ ਨੇ 2 ਸੋਨ, 3 ਚਾਂਦੀ ਅਤੇ 1 ਕਾਂਸੀ ਦਾ ਤਮਗਾ ਆਪਣੇ ਨਾਮ ਕਰਕੇ ਆਪਣੇ ਮਾਪਿਆਂ, ਸਕੂਲਾਂ, ਸ਼ਹਿਰ ਅਤੇ ਕਲੱਬ ਦਾ ਨਾਮ ਰੌਸ਼ਨ ਕੀਤਾ।

ਕਲੱਬ ਦੇ ਸੰਸਥਾਪਕ ਅਤੇ ਚੀਫ਼ ਕੋਚ ਪ੍ਰਿੰਸ ਕੌਲ ਨੇ ਦੱਸਿਆ ਕਿ ਵੱਖ-ਵੱਖ ਸਕੂਲਾਂ ਨਾਲ ਸਬੰਧਤ ਖਿਡਾਰੀਆਂ ਨੇ ਇਸ ਚੈਂਪੀਅਨਸ਼ਿਪ ਵਿੱਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਮੁਕਾਬਲੇ ਵਿੱਚ ਗੌਰਵ ਕੁਮਾਰ ਨੇ ਅੰਡਰ-23 ਸਾਲ, 60 ਕਿਲੋਗ੍ਰਾਮ ਭਾਰ ਵਰਗ ਵਿੱਚ ਸੋਨ ਤਮਗਾ ਜਿੱਤਿਆ, ਜਦਕਿ ਅਰਸ਼ਜੀਤ ਕੌਰ ਨੇ ਅੰਡਰ-18 ਸਾਲ, 75 ਕਿਲੋਗ੍ਰਾਮ ਤੋਂ ਵੱਧ ਭਾਰ ਵਰਗ ਵਿੱਚ ਸੋਨ ਤਮਗਾ ਹਾਸਲ ਕੀਤਾ।

ਇਸੇ ਤਰ੍ਹਾਂ ਅੰਸ਼ਿਕਾ ਜੈਸਵਾਲ ਨੇ ਅੰਡਰ-23 ਸਾਲ, 54 ਕਿਲੋਗ੍ਰਾਮ ਤੋਂ ਘੱਟ ਭਾਰ ਵਰਗ ਵਿੱਚ, ਜਸਕਾਰ ਪਟੇਲ ਨੇ ਅੰਡਰ-23 ਸਾਲ, 51 ਕਿਲੋਗ੍ਰਾਮ ਤੋਂ ਘੱਟ ਭਾਰ ਵਰਗ ਵਿੱਚ ਅਤੇ ਭਾਵਿਕ ਚੱਢਾ ਨੇ ਅੰਡਰ-16 ਸਾਲ, 63.5 ਕਿਲੋਗ੍ਰਾਮ ਤੋਂ ਘੱਟ ਭਾਰ ਵਰਗ ਵਿੱਚ ਚਾਂਦੀ ਦੇ ਤਮਗੇ ਜਿੱਤੇ। ਮਨਵੀਰ ਨੇ ਅੰਡਰ-16 ਸਾਲ, 51 ਕਿਲੋਗ੍ਰਾਮ ਤੋਂ ਘੱਟ ਭਾਰ ਵਰਗ ਵਿੱਚ ਕਾਂਸੀ ਦਾ ਤਮਗਾ ਆਪਣੇ ਨਾਮ ਕੀਤਾ।

ਇਸ ਪ੍ਰਾਪਤੀ ’ਤੇ ਚੀਫ਼ ਕੋਚ ਪ੍ਰਿੰਸ ਕੌਲ ਨੇ ਸਾਰੇ ਜੇਤੂ ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਫਲਤਾ ਖਿਡਾਰੀਆਂ ਦੀ ਲਗਾਤਾਰ ਮਿਹਨਤ, ਅਨੁਸ਼ਾਸਨ, ਸਮਰਪਣ ਅਤੇ ਖੇਡਾਂ ਪ੍ਰਤੀ ਲਗਨ ਦਾ ਨਤੀਜਾ ਹੈ। ਉਨ੍ਹਾਂ ਨੇ ਖਿਡਾਰੀਆਂ ਦੀ ਤਿਆਰੀ ਵਿੱਚ ਸਹਿਯੋਗ ਦੇਣ ਲਈ ਮਾਪਿਆਂ ਅਤੇ ਸਬੰਧਤ ਸਕੂਲਾਂ ਦੇ ਪ੍ਰਬੰਧਕਾਂ ਦਾ ਧੰਨਵਾਦ ਵੀ ਕੀਤਾ।

ਖਿਡਾਰੀਆਂ ਦੀ ਇਸ ਪ੍ਰਾਪਤੀ ’ਤੇ ਸਕੂਲ ਆਫ਼ ਐਮੀਨੈਂਸ, ਫਗਵਾੜਾ ਦੇ ਪ੍ਰਿੰਸੀਪਲ ਰਣਜੀਤ ਗੋਗਨਾ, ਲਾਰਡ ਮਹਾਵੀਰਾ ਜੈਨ ਪਬਲਿਕ ਸਕੂਲ ਦੀ ਪ੍ਰਿੰਸੀਪਲ ਰੋਮਾ ਦੁੱਲਤ, ਮਾਂ ਅੰਬੇ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਕੁਲਵਿੰਦਰ ਕੌਰ ਅਤੇ ਐੱਸ.ਡੀ. ਪੁਤਰੀ ਪਾਠਸ਼ਾਲਾ ਸਕੂਲ, ਹਦੀਆਬਾਦ ਦੀ ਪ੍ਰਿੰਸੀਪਲ ਰੀਟਾ ਥਾਪਰ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਨੇ ਬੱਚਿਆਂ ਨੂੰ ਭਵਿੱਖ ਵਿੱਚ ਹੋਰ ਮਿਹਨਤ ਕਰਕੇ ਖੇਡਾਂ ਦੇ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਕਰਨ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਮੁਏ ਥਾਈ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਾਜੀਵ ਵਾਲੀਆ ਨੇ ਵੀ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਖਿਡਾਰੀਆਂ ਨੂੰ ਹੋਰ ਮਿਹਨਤ ਕਰਨ ਅਤੇ ਸਟੇਟ, ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ ’ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ।

ਤਸਵੀਰ: ਮੁਏ ਥਾਈ ਨੌਰਥ ਜ਼ੋਨ ਚੈਂਪੀਅਨਸ਼ਿਪ-2026 ਵਿੱਚ ਮੈਡਲ ਜਿੱਤਣ ਵਾਲੇ ਰਿੰਗ ਬੀਸਟ ਬਾਕਸਿੰਗ ਕਲੱਬ, ਫਗਵਾੜਾ ਦੇ ਖਿਡਾਰੀ ਚੀਫ਼ ਕੋਚ ਪ੍ਰਿੰਸ ਕੌਲ ਨਾਲ।