ਫ਼ਰੀਦਕੋਟ (ਵਿਪਨ ਮਿੱਤਲ) :-ਇਸ ਨਾਸ਼ਵਾਨ ਸੰਸਾਰ ਵਿੱਚ ਜਨਮ ਲੈਣ ਵਾਲੇ ਹਰੇਕ ਵਿਅਕਤੀ ਦਾ ਇਸ ਸੰਸਾਰ ਤੋਂ ਇਕ ਦਿਨ ਵਿਦਾ ਹੋਣਾ ਯਕੀਨੀ ਹੈ। ਇਸ ਲਈ ਸਾਨੂੰ ਆਪਣੇ ਜੀਵਨ ਵਿੱਚ ਅਜਿਹੇ ਕਾਰਜ ਕਰਨੇ ਚਾਹੀਦੇ ਹਨ ਜਿਨਾਂ ਨਾਲ ਸਾਡੇ ਤੁਰ ਜਾਣ ਤੋਂ ਬਾਅਦ ਵੀ ਸਾਨੂੰ ਯਾਦ ਕੀਤਾ ਜਾ ਸਕੇ। ਇਸ ਸੋਚ ਦੇ ਧਾਰਨੀ ਇਨਸਾਨਾਂ ਦੀ ਗੱਲ ਕਰਦਿਆਂ ਸਵਰਗੀ ਸ੍ਰੀ ਸੰਜੀਵ ਮਿੱਤਲ ਦਾ ਨਾਮ ਹਮੇਸ਼ਾ ਬੜੇ ਸਤਿਕਾਰ ਨਾਲ ਲਿਆ ਜਾਵੇਗਾ। ਕਰੜੀ ਮਿਹਨਤ ਕਰਨਾ, ਦੂਜਿਆਂ ਦੀ ਹਮੇਸ਼ਾ ਸਹਾਇਤਾ ਕਰਨਾ, ਸਮਾਜਿਕ ਅਤੇ ਧਾਰਮਿਕ ਕਾਰਜਾਂ ਵਿੱਚ ਮੋਹਰੀ ਰਹਿ ਕੇ ਸੇਵਾ ਕਰਨਾ ਉਹਨਾਂ ਦੇ ਮੁੱਢਲੇ ਸ਼ੌਕ ਸਨ। ਇਹੀ ਕਾਰਨ ਹੈ ਇਹ ਉਹ ਫਰੀਦਕੋਟ ਜ਼ਿਲ੍ਹੇ ਅੰਦਰ ਇੱਕ ਸਮਾਜ ਸੇਵੀ ਤੇ ਸੂਝਵਾਨ ਸ਼ਹਿਰੀ ਵਜੋਂ ਨਿਵੇਕਲੀ ਪਹਿਚਾਣ ਰੱਖਦੇ ਸਨ। ਜੇਕਰ ਸਵਰਗੀ ਸੰਜੀਵ ਮਿੱਤਲ ਹੋਰਾ ਦੇ ਜੀਵਨ ਤੇ ਝਾਤ ਮਾਰੀਏ ਆਪ ਜੀ ਦਾ ਜਨਮ ਸਵਰਗੀ ਸ੍ਰੀ ਹਰੀ ਚੰਦ ਮਿੱਤਲ ਦੇ ਘਰ ਸਵਰਗੀ ਮਾਤਾ ਸਵਰਾਜ ਕੁਮਾਰੀ ਮਿੱਤਲ ਦੀ ਕੁੱਖੋਂ 11 ਜੂਨ 1960 ਨੂੰ ਫਰੀਦਕੋਟ ਵਿਖੇ ਹੋਇਆ। ਆਪ ਨੇ ਮੁੱਢਲੀ ਪੜ੍ਹਾਈ ਕਰਨ ਉਪਰੰਤ ਗ੍ਰੈਜੂਏਸ਼ਨ ਤੱਕ ਦੀ ਪੜ੍ਹਾਈ ਪ੍ਰਾਪਤ ਕੀਤੀ। ਸਾਨੂੰ 1980 ਵਿੱਚ ਆਪ ਜੀ ਗੌਰਮੈਂਟ ਕੰਟੈਕਟਕਰ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ। ਸਫਲ ਸਰਕਾਰੀ ਠੇਕੇਦਾਰ ਹੋਣ ਦੇ ਨਾਲ ਨਾਲ ਆਪ ਨੇ ਸਮਾਜ ਸੇਵਾ ਖੇਤਰ ਵਿੱਚ ਵੀ ਰੁਚੀ ਲੈਣੀ ਸ਼ੁਰੂ ਕੀਤੀ। ਸੰਨ 1986 ਵਿੱਚ ਆਪ ਜੀ ਦਾ ਵਿਆਹ ਸ੍ਰੀਮਤੀ ਮੰਜੂ ਮਿੱਤਲ ਨਾਲ ਹੋਇਆ। ਆਪ ਜੀ ਦੇ ਘਰ ਇੱਕ ਬੇਟਾ ਅੰਕੁਰ ਮਿੱਤਲ ਗਵਰਨਮੈਂਟ ਕੰਟੈਕਟਰ ਅਤੇ ਬੇਟੀ ਡਾਕਟਰ ਪ੍ਰੀਅਲ ਮਿੱਤਲ ਨੇ ਜਨਮ ਲਿਆ। ਆਪ ਨੇ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਅਤੇ ਸੰਸਕਾਰ ਦੇ ਕੇ ਲੋੜਵੰਦਾਂ ਦੀ ਸੇਵਾ ਕਰਨ ਲਈ ਹਮੇਸ਼ਾ ਉਤਸਾਹਿਤ ਕੀਤਾ। ਆਪ ਫਰੀਦਕੋਟ ਦੇ ਜਾਣੇ ਪਹਿਚਾਣੇ ਸਮਾਜ ਸੇਵੀਆਂ ਵਿੱਚੋਂ ਇੱਕ ਸਨ। ਆਪ ਫਰੀਦਕੋਟ ਦੀ ਸਮਾਜ ਸੇਵੀ ਸੰਸਥਾ ਨੈਸ਼ਨਲ ਯੂਥ ਕਲੱਬ ਫਰੀਦਕੋਟ, ਰੋਟਰੀ ਕਲੱਬ ਫਰੀਦਕੋਟ, ਦੁਸ਼ਹਿਰਾ ਕਮੇਟੀ ਫਰੀਦਕੋਟ, ਗਊਸ਼ਾਲਾ ਫਰੀਦਕੋਟ ਸਮੇਤ ਲਗਭਗ ਸਾਰੀਆਂ ਸੰਸਥਾਵਾਂ ਵਿੱਚ ਹਮੇਸ਼ਾ ਕਾਰਜਸ਼ੀਲ ਰਹੇ। ਆਪ ਬਹੁਤ ਦੂਰ ਅੰਦੇਸ਼ ਸੋਚ ਦੇ ਮਾਲਕ ਸਨ। ਆਪ ਫਰੀਦਕੋਟ ਦੇ ਸਾਬਕਾ ਵਿਧਾਇਕ ਅਤੇ ਦੇਸ਼ ਦੇ ਪ੍ਰਸਿੱਧ ਕਾਰੋਬਾਰੀ ਦੀਪ ਮਲਹੋਤਰਾ ਦੇ ਨਜ਼ਦੀਕੀਆਂ ਵਿੱਚ ਸ਼ਾਮਿਲ ਸਨ। ਆਪ ਜੀ ਦੇ ਮਾਨ ਵਿੱਚ ਸਭ ਤੋਂ ਵੱਡੀ ਗੱਲ ਇਹ ਜਾਂਦੀ ਹੈ ਕਿ ਆਪ ਨੇ ਆਪਣੀ ਦੂਰ ਅੰਦੇਸ਼ੀ ਸੋਚ ਅਤੇ ਰਾਜਸੀ ਤਾਕਤ ਦੀ ਵਰਤੋਂ ਕੇਵਲ ਅਤੇ ਕੇਵਲ ਲੋਕਾਂ ਦੀ ਭਲਾਈ ਲਈ ਹੀ ਕੀਤੀ ਹੈ। ਅਚਾਨਕ ਛੇ ਮਹੀਨੇ ਪਹਿਲਾਂ ਆਪ ਬਿਮਾਰ ਹੋਏ। ਉਸ ਦਿਨ ਤੋਂ ਲੈ ਕੇ ਅੰਤਿਮ ਸਮੇਂ ਤੱਕ ਆਪ ਜੀ ਦੇ ਸਮੁੱਚੇ ਪਰਿਵਾਰ ਨੇ ਘਰ ਬਾਰ, ਕਾਰੋਬਾਰ ਦੀ ਬਿਨਾਂ ਪ੍ਰਵਾਹ ਕੀਤਿਆਂ ਆਪ ਜੀ ਦੀ ਤੰਦਰੁਸਤੀ ਲਈ ਵਿਦੇਸ਼ਾਂ ਤੱਕ ਆਪ ਜੀ ਦਾ ਇਲਾਜ ਕਰਵਾਇਆ ਪਰ ਪਰਮਾਤਮਾ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ, ਉਸ ਦੇ ਹੁਕਮ ਮੁਤਾਬਕ 6 ਨਵੰਬਰ ਨੂੰ ਆਪ ਆਪਣੇ ਪਰਿਵਾਰਿਕ ਮੈਂਬਰਾਂ, ਨਜ਼ਦੀਕੀਆਂ ਤੇ ਸਨੇਹੀਆਂ ਨੂੰ ਸਦਾ ਲਈ ਅਲਵਿਦਾ ਆਖ ਕੇ ਤੁਰ ਗਏ। ਆਪ ਜੀ ਦੇ ਸਦੀਵੀ ਵਿਛੋੜੇ ਦੀ ਖਬਰ ਸੁਣਦਿਆਂ ਫਰੀਦਕੋਟ ਸ਼ਹਿਰ ਅੰਦਰ ਸੋਗ ਦੀ ਲਹਿਰ ਦੌੜ ਗਈ ਸੀ। ਬਹੁਤ ਸਾਰੇ ਗੁਣਾਂ ਦੇ ਨਾਲ ਭਰਪੂਰ ਮਹਾਨ ਇਨਸਾਨ ਸਵਰਗੀ ਸੰਜੀਵ ਮਿੱਤਲ ਨਮਿਤ ਅੰਤਿਮ ਅਰਦਾਸ 18 ਨਵੰਬਰ, ਦਿਨ ਮੰਗਲਵਾਰ ਨੂੰ ਸ਼੍ਰੀ ਰਾਧਾ ਕ੍ਰਿਸ਼ਨ ਧਾਮ ਫਰੀਦਕੋਟ ਵਿਖੇ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਹੋਵੇਗੀ। ਉਹਨਾਂ ਦੇ ਸ਼ਰਧਾਂਜਲੀ ਸਮਾਗਮ ਵਿੱਚ ਹਰ ਵਰਗ ਦੇ ਲੋਕ ਵੱਡੀ ਗਿਣਤੀ ਵਿੱਚ ਇਸ ਮਹਾਨ ਵਿਛੜੇ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ।