
Skip to content
ਹਰਖੋਵਾਲ ਸੰਪ੍ਰਦਾਇ ਦੇ ਅਨਮੋਲ ਹੀਰੇ-ਸ੍ਰੀਮਾਨ ਸੰਤ ਬਾਬਾ ਮੁਹਿੰਦਰ ਸਿੰਘ ਜੀ ਹਰਖੋਵਾਲੀਏ
ਜਲੰਧਰ (ਪਰਮਜੀਤ ਸਿੰਘ ਨੈਣਾ) ਕਲਗੀਧਰ ਦਸਮੇਸ਼ ਪਿਤਾ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੰਜਾਂ ਪਿਆਰਿਆ ਦੇ ਮੁਖੀ ਭਾਈ ਦਇਆ ਸਿੰਘ ਜੀ ਦੀ ਸੰਪ੍ਰਦਾ ਦੇ ਮਹਾਨ ਨਾਇਕ, ਮਹਾਨ ਤਪੱਸਵੀ, ਅਨਮੋਲ ਹੀਰੇ, ਬੇ-ਨਜ਼ੀਰ ਚਿੰਤਕ ਅਤੇ ਅਣਥੱਕ ਸੇਵਕ, ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਹਖੋਵਾਲਿਆਂ ਤੋਂ ਵਰੋਸਾਇ ਸੰਤ ਬਾਬਾ ਮਹਿੰਦਰ ਸਿੰਘ ਜੀ ਹਰਖੋਵਾਲ ਵਾਲਿਆਂ ਦਾ ਜਨਮ ਸਮਰਾਲਾ ਦੇ ਨਜ਼ਦੀਕ ਪਿੰਡ ਲੱਖਣਪੁਰ ਜਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਪਿਤਾ ਸ: ਸੁੰਦਰ ਸਿੰਘ ਜੀ ਦੇ ਘਰ ਮਾਤਾ ਇੰਦਰ ਕੌਰ ਜੀ ਦੀ ਪਾਵਨ ਕੁੱਖ ਤੋਂ 28 ਮਾਰਚ 1926 ਈਸਵੀ ਦਿਨ ਐਤਵਾਰ ਨੂੰ ਹੋਇਆ। ਆਪ ਜੀ ਵਿੱਚ ਧਾਰਮਿਕ ਰੁਚੀ ਬਚਪਨ ਤੋਂ ਹੀ ਪ੍ਰਬਲ ਸੀ। ਪੂਰਨ ਮਹਾਂਪੁਰਖ ਸੰਤ ਆਇਆ ਸਿੰਘ ਜੀ ਹੋਤੀ ਮਰਦਾਨ ਤੋਂ ਵਰਸਾਏ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆਂ ਨਾਲ ਉਨ੍ਹਾਂ ਦਾ ਛੋਟੀ ਉਮਰੇ ਮਿਲਾਪ ਹੋ ਗਿਆ। ਫਿਰ ਆਪ ਜੀ ਨੇ ਸਾਰੀ ਉਮਰ ਧਰਮ ਲੇਖੇ ਹੀ ਲਾ ਦਿੱਤੀ । ਧਾਰਮਿਕ ਵਿਦਿਆ ਆਪ ਜੀ ਨੇ ਡੇਰਾ ਹਰਖੋਵਾਲ ਤੋਂ ਪ੍ਰਾਪਤ ਕੀਤੀ।
ਸੰਤ ਬਾਬਾ ਮੁਹਿੰਦਰ ਸਿੰਘ ਜੀ ਨੇ ਆਪਣੀ ਸਮੁੱਚੀ ਜੀਵਨ ਯਾਤਰਾ ਮਹਾਂਪੁਰਖਾਂ ਦੀ ਆਗਿਆ ਅਨੁਸਾਰ ਡੇਰੇ ਵਿਚ ਸੇਵਾ ਤੇ ਸਿਮਰਨ ਕਰਦਿਆਂ ਬਤੀਤ ਕੀਤੀ । ਸੰਤ ਮਹਾਰਾਜ ਜੀ ਦੇ 13 ਨਵੰਬਰ 1957 ਨੂੰ ਪ੍ਰਭੂ ਚਰਨਾਂ ਵਿਚ ਲੀਨ ਹੋ ਜਾਣ ਉਪਰੰਤ ਸਾਧ ਸੰਗਤ ਇਲਾਕਾ ਨਿਵਾਸੀ ਅਤੇ ਸੰਤ ਸਮਾਜ ਵਲੋਂ ਆਪ ਜੀ ਨੂੰ ਦਸਤਾਰ ਬੰਦੀ ਕੀਤੀ ਗਈ। ਆਪ ਜੀ ਨੇ ਇਹ ਬਖ਼ਸ਼ਿਸ਼ ਪ੍ਰਾਪਤ ਕਰਕੇ, ਡੇਰੇ ਵਿਚ ਮਹਾਨ ਤਪੱਸਿਆ ਕੀਤੀ। ਸਵੇਰ ਸ਼ਾਮ ਦੋਨੇਂ ਵਕਤ ਕੀਰਤਨ ਦੀ ਸੇਵਾ ਨਿਭਾਉਂਦੇ ਰਹੇ। ਡੇਰੇ ਦਾ ਅਤੇ ਇਸ ਦੇ ਨਾਲ ਦੇ ਸਮੂਹ ਸਬੰਧਤ ਅਸਥਾਨਾਂ ਦੀ ਸੇਵਾ ਅਤੇ ਦੇਖ-ਰੇਖ ਬੜੀ ਚੜ੍ਹਦੀ ਕਲਾ ਵਿਚ ਆਪਣੇ ਸੇਵਾਦਾਰਾਂ ਨਾਲ ਬਹੁਤ ਹੀ ਦ੍ਰਿੜਤਾ ਅਤੇ ਦੁੱਖ-ਸੁੱਖ ਇਕ ਕਰਕੇ ਨਿਭਾਈ। ਆਪ ਜੀ ਜਿੱਥੇ ਸੇਵਾ ਸਿਮਰਨ ਦੇ ਪੁੰਜ ਸਨ ਉੱਥੇ ਆਪ ਜੀ ਗੁਰਬਾਣੀ ਕੀਰਤਨ ਦੇ ਗਿਆਤਾ ਤੇ ਨਾਮ ਰਸੀਏ ਸਨ।
ਸੰਤ ਬਾਬਾ ਮੁਹਿੰਦਰ ਸਿੰਘ ਜੀ ਦੂਰ-ਦਰਸ਼ੀ ਮਹਾਂਪੁਰਖ ਸਨ । ਆਪ ਜੀ ਨੇ ਸੰਨ 1982 ਈ: ਨੂੰ ਦਰਿਆ ਸਤਿਲੁਜ ਪੁਲ ਦੀ ਪੰਜਾਬ ਸਰਕਾਰ ਰਾਹੀਂ ਉਸਾਰੀ ਵੀ ਕਰਵਾਈ। ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰਦੁਆਰਾ ਸੰਤਗੜ੍ਹ ਵਿਸ਼ਾਲ ਡੇਰੇ ਦੀ ਸਥਾਪਨਾ ਕੀਤੀ। ਬਹੁਤ ਸਾਰੇ ਗੁਰਦੁਆਰਿਆਂ ਤੇ ਰਿਹਾਇਸ਼ ਅਤੇ ਗੁਰੂ ਕੇ ਲੰਗਰ ਦਾ ਪ੍ਰਬੰਧ ਵੀ ਕੀਤਾ। ਆਪ ਜੀ ਨੇ ਵਿਦਿਆ ਖੇਤਰ ਵਿਚ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਦੀ ਸਥਾਪਨਾ ਕਰਵਾਈ। ਡੇਰਾ ਸੰਤਗੜ੍ਹ ਨਾਲ ਸਮੂੰਹ ਸਬੰਧਤ ਅਸਥਾਨਾਂ ਵਿਚ, ਕਥਾ-ਕੀਰਤਨ ਅਤੇ ਸਵੇਰ-ਸ਼ਾਮ ਲੰਗਰ ਲਗਾਉਣ ਦੀ ਮਰਯਾਦਾ ਚਾਲੂ ਰੱਖੀ। ਅੱਜ ਵੀ ਜਿੰਨੇ ਅਸਥਾਨ ਸੰਤਗੜ੍ਹ ਡੇਰੇ ਨਾਲ ਸਬੰਧਤ ਹਨ ਸਵੇਰ ਸ਼ਾਮ ਉੱਥੇ ਕਥਾ-ਕੀਰਤਨ ਅਤੇ ਲੰਗਰ ਦਾ ਪਰਵਾਹ ਚਲ ਰਿਹਾ ਹੈ। ਸੰਤ ਬਾਬਾ ਮੁਹਿੰਦਰ ਸਿੰਘ ਜੀ ਦੀ ਪਾਵਨ ਮਿੱਠੀ ਯਾਦ ਵਿਚ ਪਿੰਡ ਲੱਖਣਪੁਰ ਵਿਖੇ ਬਹੁਤ ਸ਼ਾਨਦਾਰ ਗੁਰਦੁਆਰਾ ਜਨਮ ਅਸਥਾਨ ਡੇਰਾ ਸੰਤਗੜ੍ਹ ਸੰਗਤਾਂ ਦੇ ਸਹਿਯੋਗ ਨਾਲ, ਸੰਤ ਬਾਬਾ ਦੀਦਾਰ ਸਿੰਘ ਹਰਖੋਵਾਲ ਵਾਲਿਆਂ ਦੀ ਰਹਿਨੁਮਾਈ ਹੇਠ ਬਣਾਇਆ ਗਿਆ ਜਿੱਥੇ ਕਿ ਹਰ ਸਾਲ ਆਪ ਜੀ ਦਾ ਜਨਮ ਦਿਹਾੜਾ ਸ਼ਰਧਾ ਅਤੇ ਸਤਿਕਾਰ ਸਹਿਤ 28 ਮਾਰਚ ਨੂੰ ਸੰਗਤਾਂ ਦੇ ਸਹਿਯੋਗ ਨਾਲ ਸੰਤ ਮਹਾਰਾਜ ਬਾਬਾ ਦੀਦਾਰ ਸਿੰਘ ਜੀ ਦੀ ਹਰਖੋਵਾਲਿਆਂ ਦੀ ਸੁਚੱਜੀ ਅਗਵਾਈ ਵਿਚ ਮਨਾਇਆ ਜਾਂਦਾ ਰਿਹਾ ਹੈ ਅਤੇ ਹੁਣ ਹਰ ਸਾਲ ਬਹੁਤ ਸ਼ਰਧਾ ਅਤੇ ਸਤਿਕਾਰ ਸਹਿਤ ਮਰਿਆਦਾ ਅਨੁਸਾਰ 28 ਮਾਰਚ ਨੂੰ ਸੰਗਤਾਂ ਦੇ ਸਹਿਯੋਗ ਨਾਲ ਹਰਖੋਵਾਲ ਸੰਪ੍ਰਦਾਇ ਦੇ ਮੌਜੂਦਾ ਮੁਖੀ ਸੰਤ ਬਾਬਾ ਭਗਵਾਨ ਸਿੰਘ ਜੀ ਹਰਖੋਵਾਲ ਵਾਲਿਆਂ ਦੀ ਸੁਰੱਜੀ ਅਗਵਾਈ ਹੇਠ ਮਨਾਇਆ ਜਾ ਰਿਹਾ ਹੈ।
ਲੇਖਕ : ਰਣਧੀਰ ਸਿੰਘ ਸੰਭਲ (ਯੂ.ਕੇ.)ਅਖੀਰ ਸਮੇਂ ਜਦੋਂ ਸੰਤ ਬਾਬਾ ਮੁਹਿੰਦਰ ਸਿੰਘ ਜੀ, ਸਿੱਖ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਕੇ ਉੱਤਰ ਪ੍ਰਦੇਸ਼ ਦੇ ਇਲਾਕੇ ਜਿਲ੍ਹਾ ਲਖੀਮਪੁਰ ਖੀਰੀ ਦੇ ਪਿੰਡ ਭੀਰਾ ਵਿਖੇ ਸੰਗਤਾਂ ਨੂੰ ਤਾਰਨ ਲਈ ਪੁੱਜੇ ਹੋਏ ਸਨ, ਇੱਥੇ ਹੀ ਕੀਰਤਨ ਰਾਹੀਂ ਗੁਰੂ ਕੀਆਂ ਸੰਗਤਾਂ ਨੂੰ ਆਪ ਜੀ ਨਿਹਾਲ ਕਰਦੇ ਰਹੇ। ਸੇਵਾ ਸਿਮਰਨ ਦੀ ਇਹ ਅਦੁੱਤੀ ਸ਼ਖਸੀਅਤ, ਅੰਮ੍ਰਿਤ ਵੇਲੇ 3 ਵਜੇ 12 ਮਾਰਚ 1984 ਈਸਵੀ ਨੂੰ ਤੱਪਦੇ ਬਲਦੇ ਸੰਸਾਰੀ ਜੀਵਾਂ ‘ਤੇ ਨਾਮ ਬਾਣੀ ਦੇ ਛਿੱਟੇ ਪਾਉਂਦੇ ਹੋਏ “ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ” ਦੇ ਅਰਸ਼ੀ ਮਹਾਂ ਵਾਕ ਅਨੁਸਾਰ ਪ੍ਰਭੂ ਚਰਨਾਂ ‘ਚ ਅਭੇਦ ਹੋ ਗਏ। ਪਿੰਡ ਭੀਰਾ ਯੂ.ਪੀ. ਤੋਂ ਆਪ ਜੀ ਦੇ ਪੰਜ ਭੂਤਕ ਸਰੀਰ ਨੂੰ ਪਾਵਨ ਅਸਥਾਨ ਡੇਰਾ ਸੰਤਗੜ੍ਹ ਕਪੂਰਥਲਾ ਰੋਡ, ਜਲੰਧਰ ਵਿਖੇ ਲਿਆਂਦਾ ਗਿਆ। ਉਸ ਸਮੇਂ ਸਿੱਖ ਸੰਗਤਾਂ, ਭਾਰੀ ਗਿਣਤੀ ਵਿੱਚ ਪੁੱਜੀਆਂ। ਆਪ ਜੀ ਦੀ ਅੰਤਿਮ ਦੇਹ ਨੂੰ ਗੁਰਦੁਆਰਾ ਬਿਭੌਰ ਸਾਹਿਬ ਜੀ ਪਾਸ ਦਰਿਆ ਵਿਚ ਅਰਦਾਸਾ ਸੋਧ ਕੇ ਜਲ ਪ੍ਰਵਾਹ ਕੀਤਾ ਗਿਆ । 22 ਮਾਰਚ 1984 ਵਾਲੇ ਦਿਨ ਗੁਰਦੁਆਰਾ ਡੇਰਾ ਸੰਤਗੜ੍ਹ ਜਲੰਧਰ ਵਿਖੇ ਬੜਾ ਭਾਰੀ ਸੰਗਤਾਂ ਦਾ ਇਕੱਠ ਹੋਇਆ। ਸੰਤ ਬਾਬਾ ਦੀਦਾਰ ਸਿੰਘ ਜੀ ਨੂੰ ਜਦੋਂ ਤੋਂ ਹਰਖੋਵਾਲ ਸੰਪ੍ਰਦਾਇ ਦੇ ਡੇਰਾ ਸੰਤਗੜ੍ਹ ਜਲੰਧਰ ਦਾ ਮੁੱਖੀ ਸਥਾਪਤ ਕੀਤਾ ਗਿਆ ਉਸ ਸਮੇਂ ਤੋਂ ਹੀ ਸੰਤ ਬਾਬਾ ਦੀਦਾਰ ਸਿੰਘ ਜੀ ਸੰਤ ਬਾਬਾ ਮੁਹਿੰਦਰ ਸਿੰਘ ਜੀ ਦੀ ਪਾਵਨ ਮਿੱਠੀ ਯਾਦ 12 ਮਾਰਚ ਨੂੰ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਉਂਦੇ ਰਹੇ। ਐਸੇ ਮਹਾਂਪੁਰਖ ਸੰਤ ਮੁਹਿੰਦਰ ਸਿੰਘ ਜੀ ਸਨ ਜਿਨ੍ਹਾਂ ਨੇ ਪੂਰੀ ਸਿਦਕ ਦਿਲੀ ਅਤੇ ਨਿਰਭੈਤਾ ਨਾਲ, ਦੇਸ਼ ਦੇ ਕੋਨੇ ਕੋਨੇ ਵਿੱਚ ਵਿਚਰ ਕੇ, ਗੁਰਮਤਿ ਦਾ ਪ੍ਰਚਾਰ ਕੀਤਾ।ਆਪ ਜੀ ਦੇ ਮਹਾਨ ਪਰਉਪਕਾਰੀ ਕਾਰਜਾਂ ਅਤੇ ਸੇਵਾਵਾਂ ਨੂੰ ਮੁੱਖ ਰਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਸਰੋਵਰ ਦੀ ਕਾਰ ਸੇਵਾ ਲਈ ਪੰਥ ਵਲੋਂ ਪੰਜਾਂ ਪਿਆਰਿਆਂ ਵਿਚ ਸ਼ਮੂਲੀਅਤ ਕਰਨ ਦਾ ਵੱਡਮੁਲਾ ਮਾਣ ਹਰਖੋਵਾਲ ਦੀ ਸੰਪ੍ਰਦਾਇ ਦੇ ਮੁਖੀ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲਿਆ ਤੋਂ ਵਰੋਸਾਏ, ਸ੍ਰੀ ਮਾਨ ਸੰਤ ਬਾਬਾ ਮੁਹਿੰਦਰ ਸਿੰਘ ਜੀ ਹਰਖੋਵਾਲ ਵਾਲਿਆਂ ਨੂੰ 31 ਮਾਰਚ 1973 ਈ. ਵਿਚ ਪ੍ਰਾਪਤ ਹੋਇਆ। ਸੰਤ ਬਾਬਾ ਮੁਹਿੰਦਰ ਸਿੰਘ ਜੀ ਹਰਖੋਵਾਲ ਵਾਲਿਆਂ ਦਾ ਸੰਤ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਨੂੰ ਪ੍ਰਗਟ ਕਰਨਾ
ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲੇ ਦੋਆਬੇ ਦੀ ਮਹਾਨ ਸ਼ਖ਼ਸੀਅਤ ਅਤੇ ਬੜੇ ਮਹਾਨ ਤਿਆਗੀ ਜਪੀ ਤਪੀ ਮਹਾਂਪੁਰਖ ਹੋਏ ਹਨ। ਆਪ ਜੀ ਦਾ ਜਨਮ ਨਗਰ ਪਾਲਦੀ ਹੈ। ਆਪ ਜੀ ਨੇ ਪਾਵਨ ਅਸਥਾਨ ਗੁਰਦੁਆਰਾ ਹਰਿਗੋਬਿੰਦ ਗੜ੍ਹ ਸਾਹਿਬ, ਫਗਵਾੜਾ ਵਿਖੇ ਜੰਗਲ ਵਿਚ ਰਹਿ ਕੇ ਪਰਮਾਤਮਾ ਦੀ ਅਰਾਧਨਾ ਕੀਤੀ। ਆਪ ਨੇ ਘੋਰ ਤਪੱਸਿਆ ਕਰਦੇ ਬਹੁਤ ਸਮਾਂ ਬਤੀਤ ਕੀਤਾ। ਇਕ ਦਿਨ 15 ਜਨਵਰੀ, 1966 ਈ. ਨੂੰ ਇਸ ਅਸਥਾਨ ਤੇ, ਸੰਤ ਬਾਬਾ ਮਹਿੰਦਰ ਸਿੰਘ ਜੀ ਹਰਖੋਵਾਲੀਏ ਸੰਗਤਾਂ ਸਹਿਤ ਆਏ ਤੇ ਰੱਬੀ ਹੁਕਮ ਅਨੁਸਾਰ, ਬਾਬਾ ਰਣਜੀਤ ਸਿੰਘ ਜੀ ਨੂੰ ਮਿਲ ਕੇ ਤੇ ਦਰਸ਼ਨ ਕਰਕੇ ਕਿਹਾ ਕਿ ਆਪ ਜੀ ਇੰਨੇ ਵੱਡੇ ਅਧਿਆਤਮਕ ਖਜ਼ਾਨੇ ਦੇ ਮਾਲਕ ਹੈ, ਇਸ ਮਹਾਨ ਖਜ਼ਾਨੇ ਨੂੰ ਇਵੇਂ ਹੀ ਆਪਣੇ ਨਾਲ ਲੈ ਜਾਵੋਗੇ। ਆਪ ਜੀ ਨੂੰ ਜੋ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰ ਤੋਂ ਮਿਹਰ ਦੇ ਗੱਫੇ ਮਿਲੇ ਹਨ, ਉਸਨੂੰ ਸੰਗਤਾਂ ਵਿਚ ਵਰਤਾ ਕੇ ਸੰਗਤਾਂ ਤੇ ਸਰਬੱਤ ਦਾ ਕਲਾ ਕਰੋ। ਸੰਤ ਮਹਾਰਾਜ ਬਾਬਾ ਰਣਜੀਤ ਸਿੰਘ ਜੀ ਨੇ ਮਹਾਂਪੁਰਖਾਂ ਦੀ ਨਿਮਰਤਾ ਸਹਿਤ ਕੀਤਾ ਪਾਵਨ ਅਨਮੋਲ ਬਚਨ ਸਵੀਕਾਰ ਕਰ ਲਿਆ। ਸੋ ਸੰਤ ਮਹਾਰਾਜ ਬਾਬਾ ਮੁਹਿੰਦਰ ਸਿੰਘ ਜੀ ਹਰਖੋਵਾਲਿਆਂ ਨੇ ਬਸਤਰ ਪਹਿਨਾ ਕੇ ਸੰਗਤਾਂ ਵਿਚ ਬਾਬਾ ਰਣਜੀਤ ਸਿੰਘ ਜੀ ਨੂੰ ਲੈ ਆਂਦਾ। ਇਹ ਮਹਾਪੁਰਖਾਂ ਦਾ ਬਹੁਤ ਵੱਡਾ ਪਰਉਪਕਾਰ ਸੀ। ਸੰਤ ਬਾਬਾ ਮੁਹਿੰਦਰ ਸਿੰਘ ਜੀ ਹਰਖੋਵਾਲਿਆ ਨੇ ਭਿੰਡਰਾਂ ਵਿਖੇ, ਸੰਤ ਸਮਾਜ ਦੀ ਮੀਟਿੰਗ ਵਿਚ ਸ਼ਾਮਲ ਹੋਣਾ
ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਮੈਂਬਰਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੰਗਲ ਬਦਲਣ ਕਾਰਨ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆਂ ਨੇ ਬਹੁਤ ਹੀ ਡਾਹਢਾ ਦੁੱਖ ਮਹਿਸੂਸ ਕੀਤਾ। ਆਪ ਜੀ 13 ਨਵੰਬਰ 1957 ਈ. ਨੂੰ ਸੰਤ ਦਲੀਪ ਸਿੰਘ ਜੀ ਦੇ ਡੇਰੇ ਡੁਮੇਲੀ ਵਿਖੇ, ਪ੍ਰਭੂ ਚਰਨਾਂ ਵਿਚ ਅਭੇਦ ਹੋ ਗਏ। ਸਮੂਹ ਸੰਪ੍ਰਦਾਵਾਂ ਤੇ ਟਕਸਾਲੀ ਮੁਖੀਆਂ ਵਿਦਵਾਨਾਂ ਤੇ ਸੰਤ ਮਹਾਪੁਰਖਾਂ ਦੀ ਭਿੰਡਰ ਕਲਾਂ ਵਿਖੇ, ਸੰਤ ਸਮਾਜ ਦੀ ਸੰਤ ਬਾਬਾ ਹਰੀ ਸਿੰਘ ਜੀ ਕਹਾਰਪੁਰ ਵਾਲਿਆਂ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਨ੍ਹਾਂ ਵਿਚ ਮੁੱਖੀ ਸੰਤ ਗਿਆਨੀ ਗੁਰਬਚਨ ਸਿੰਘ ਜੀ ‘ਖਾਲਸਾ’ ਭਿੰਡਰਾਂ ਵਾਲੇ, ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਸੰਤ ਈਸ਼ਰ ਸਿੰਘ ਜੀ ਸ੍ਰੀ ਨਾਨਕਸਰ ਕਲੇਰਾਂ ਵਾਲੇ ਅਤੇ ਸੰਤ ਭਗਵਾਨ ਸਿੰਘ ਜੀ ਰੇਰੂ ਸਾਹਿਬ ਵਾਲੇ, ਬਾਬਾ ਸੋਹਣ ਸਿੰਘ ਜੀ ਬਿਧੀਚਿੰਦੀਏ, ਬਾਬਾ ਬਿਸ਼ਨ ਸਿੰਘ ਜੀ ਤਰਨਾ ਦਲ ਬਾਬਾ ਬਕਾਲਾ, ਸੰਤ ਮੁਹਿੰਦਰ ਸਿੰਘ ਜੀ ਹਰਖੋਵਾਲ ਵਾਲੇ, ਸੰਤ ਮੇਲਾ ਸਿੰਘ ਜੀ ਸੰਗਿਆਂ ਵਾਲੇ, ਪ੍ਰਧਾਨ ਦੋਆਬਾ ਨਿਰਮਲ ਮੰਡਲ, ਸੰਤ ਸਿੰਘ ਸੱਕਤਰ, ਚੀਫ਼ ਖਾਲਸਾ ਦੀਵਾਨ, ਸੰਤ ਵਿਸਾਖਾ ਸਿੰਘ ਜੀ ਕਿਸ਼ਨਪੁਰਾਂ ਵਾਲੇ, ਸੰਤ ਗਿਆਨੀ ਕਿਰਪਾਲ ਸਿੰਘ ਜੀ ਟਕਸਾਲ, ਭਾਈ ਮਨੀ ਸਿੰਘ ਜੀ ਸੱਤੋ ਵਾਲੀ ਗਲੀ ਸ੍ਰੀ ਅੰਮ੍ਰਿਤਸਰ, ਪੰਡਤ ਨਿਹਚਲ ਸਿੰਘ ਜੀ ਜਮੁਨਾ ਨਗਰ ਜੁਗਾਧਰੀ ਵਾਲੇ, ਸੰਤ ਨੰਦ ਸਿੰਘ ਜੀ ਰਾਮਗੜ੍ਹ, ਗਿਆਨੀ ਨਿਰੰਜਨ ਸਿੰਘ ਜੀ ਪਟਿਆਲਾ, ਸੰਤ ਗਿਆਨੀ ਅਜਾਇਬ ਸਿੰਘ ਜੀ ਬੋਪਾਰਾਏ, ਸੰਤ ਮੀਹਾਂ ਸਿੰਘ ਜੀ ਸਿਆੜ ਵਾਲੇ, ਸੰਤ ਰਣ ਸਿੰਘ ਜੀ ਡੇਰਾ ਬਾਬਾ ਖੜਕ ਸਿੰਘ ਜੀ ਅੰਮ੍ਰਿਤਸਰ, ਸੰਤ ਬਾਬਾ ਤੇਜਾ ਸਿੰਘ ਜੀ ਡਬਲ ਐਮ.ਏ. ਗੁਰੂਸਰ ਖੁੱਡਾ, ਸੰਤ ਕ੍ਰਿਪਾਲ ਸਿੰਘ ਜੀ ਰੋਡੋ, ਸੰਤ ਬਾਬਾ ਮਾਨ ਸਿੰਘ ਜੀ ਬਿਸ਼ਨਪੁਰੀ ਨੰਗਲ ਵਾਲੇ, ਸੰਤ ਬਾਬਾ ਜਵਾਲਾ ਸਿੰਘ ਜੀ ਕਹਾਰਪੁਰ ਵਾਲੇ, ਸੰਤ ਇੰਦਰ ਸਿੰਘ ਜੀ ਭਿੰਡਰਾਂ ਵਾਲੇ, ਸੰਤ ਕਰਤਾਰ ਸਿੰਘ ਜੀ ਪਠਲਾਵੇ ਵਾਲੇ, ਇਤਿ ਆਦਿ ਮਹਾਂਪੁਰਖ ਹਾਜ਼ਰ ਸਨ।
ਗੁਰਦੁਆਰਾ ਜਨਮ ਅਸਥਾਨ ਸੰਤ ਮੁਹਿੰਦਰ ਸਿੰਘ ਜੀ ਪਿੰਡ ਲੱਖਣਪੁਰ ਵਿਖੇ 100 ਸਾਲਾ ਜਨਮ ਸ਼ਤਾਬਦੀ 26 ਤੋਂ 28 ਮਾਰਚ ਤੱਕ ਗੁਰਦੁਆਰਾ ਡੇਰਾ ਸੰਤਗੜ੍ਹ ਹਰਖੋਵਾਲ ਸੰਪ੍ਰਦਾਇ ਦੇ ਮੌਜੂਦਾ ਮੁੱਖੀ ਸ੍ਰੀ ਹਜੂਰ ਸੰਤ ਬਾਬਾ ਭਗਵਾਨ ਸਿੰਘ ਜੀ ਹਰਖੋਵਾਲਿਆਂ ਦੀ ਸੁਚੱਜੀ ਅਗਵਾਈ ਵਿੱਚ ਸਮੁਹ ਸੰਤ ਸਮਾਜ ਅਤੇ ਦੇਸ ਪ੍ਰਦੇਸ ਤੇ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਵਿਸ਼ੇਸ਼ ਪੱਧਰ ਤੇ ਮਨਾਈ ਜਾ ਰਹੀ ਹੈ। ਐਸੇ ਸ਼ਾਂਤੀ ਦੇ ਸੋਮੇ ਮਹਾਂਪੁਰਖਾਂ ਦੇ ਜਨਮ ਦਿਨ ਸ਼ਤਾਬਦੀ ਦੀ ਸੰਤ ਭਗਵਾਨ ਸਿੰਘ ਜੀ ਹਰਖੋਵਾਲੀਏ, ਗਿਆਨੀ ਭਗਵਾਨ ਸਿੰਘ ਜੌਹਲ ਅਤੇ ਰਣਧੀਰ ਸਿੰਘ ਸੰਭਲ ਜੀ ਵਲੋਂ ਵਧਾਈ ਹੋਵੇ।Related