ਅੱਧੀ ਦਰਜਨ ਤੋਂ ਵੱਧ ਲੋਕ ਜ਼ਖ਼ਮੀ, ਹਾਦਸੇ ਤੋਂ ਬਾਅਦ ਮੌਕੇ ’ਤੇ ਮਚੀ ਹਫੜਾ-ਦਫੜੀ

ਬਿਹਾਰ: ਬੇਤੀਆ ਜ਼ਿਲ੍ਹੇ ਦੇ ਲੌਰੀਆ ਥਾਣਾ ਖੇਤਰ ਤੋਂ ਇੱਕ ਦਰਦਨਾਕ ਸੜਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਬੇਤੀਆ-ਲੌਰੀਆ ਮੁੱਖ ਸੜਕ ’ਤੇ ਦੇਰ ਰਾਤ ਇੱਕ ਤੇਜ਼ ਰਫ਼ਤਾਰ ਬੱਸ ਬੇਕਾਬੂ ਹੋ ਕੇ ਸੜਕ ਕਿਨਾਰੇ ਚੱਲ ਰਹੇ ਆਰਕੈਸਟਰਾ ਪ੍ਰੋਗਰਾਮ ਵਿੱਚ ਜਾ ਵੜੀ। ਇਸ ਹਾਦਸੇ ਵਿੱਚ 5 ਲੋਕਾਂ ਦੀ ਮੌਤ ਹੋ ਗਈ, ਜਦਕਿ ਅੱਧੀ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ।

ਜਾਣਕਾਰੀ ਮੁਤਾਬਕ ਬੱਸ ਦੀ ਟੱਕਰ ਇੱਕ ਤੇਜ਼ ਰਫ਼ਤਾਰ ਟਰੱਕ ਨਾਲ ਹੋਣ ਵਾਲੀ ਸੀ। ਟੱਕਰ ਤੋਂ ਬਚਣ ਦੀ ਕੋਸ਼ਿਸ਼ ਦੌਰਾਨ ਬੱਸ ਬੇਕਾਬੂ ਹੋ ਕੇ ਸੜਕ ਤੋਂ ਹੇਠਾਂ ਉਤਰ ਗਈ ਅਤੇ ਉੱਥੇ ਚੱਲ ਰਹੇ ਆਰਕੈਸਟਰਾ ਪ੍ਰੋਗਰਾਮ ਵਿੱਚ ਜਾ ਵੜੀ। ਉਸ ਸਮੇਂ ਪ੍ਰੋਗਰਾਮ ਦੇਖਣ ਲਈ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਹੋਏ ਸਨ।

ਇਹ ਪ੍ਰੋਗਰਾਮ ਲੌਰੀਆ ਥਾਣਾ ਖੇਤਰ ਦੇ ਪਿੰਡ ਬਨਕਟਵਾ ਦੇ ਵਸਨੀਕ ਸ਼ਤਰੂਘਨ ਦੂਬੇ ਦੇ ਘਰ ਬੱਚੇ ਦੇ ਜਨਮ ਦੀ ਖੁਸ਼ੀ ਵਿੱਚ ਕਰਵਾਇਆ ਗਿਆ ਸੀ। ਹਾਦਸੇ ਦੌਰਾਨ ਮਰਨ ਵਾਲਿਆਂ ਵਿੱਚ ਦੇਵੇਂਦਰ ਦੂਬੇ ਵੀ ਸ਼ਾਮਲ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਨਵਜੰਮੇ ਬੱਚੇ ਦੇ ਜਨਮ ਸਬੰਧੀ ਰਸਮ ਮੌਕੇ ਇਹ ਪ੍ਰੋਗਰਾਮ ਕਰਵਾਇਆ ਗਿਆ ਸੀ।

ਹਾਦਸੇ ਤੋਂ ਬਾਅਦ ਮੌਕੇ ’ਤੇ ਚੀਕ-ਪੁਕਾਰ ਅਤੇ ਹਫੜਾ-ਦਫੜੀ ਮਚ ਗਈ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਘਟਨਾ ਨੇ ਖੁਸ਼ੀ ਦੇ ਮਾਹੌਲ ਨੂੰ ਮਾਤਮ ਵਿੱਚ ਬਦਲ ਦਿੱਤਾ।

ਰਿਪੋਰਟ :- ਅਮਿਤ ਨੱਖਵਾਲ