ਅਮਰੀਕਾ ’ਚ ਟਾਂਡਾ ਦੇ ਨੌਜਵਾਨ ਦੀ ਅਚਾਨਕ ਮੌਤ, ਹਾਰਟ ਅਟੈਕ ਬਣਿਆ ਕਾਰਨ

ਟਾਂਡਾ ਉੜਮੁੜ (ਅਰਸ਼ਦੀਪ ਸਿੰਘ ਕਾਲੜਾ): ਅਮਰੀਕਾ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਟਾਂਡਾ ਦੇ ਪਿੰਡ ਰੜਾ ਨਾਲ ਸਬੰਧਤ ਇੱਕ ਵਿਅਕਤੀ ਦੀ ਅਮਰੀਕਾ ਵਿੱਚ ਅਚਾਨਕ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਵਦੀਪ ਸਿੰਘ ਰਾਜਾ (40) ਪੁੱਤਰ ਰੌਸ਼ਨ ਸਿੰਘ ਵਜੋਂ ਹੋਈ ਹੈ। ਨਵਦੀਪ ਸਿੰਘ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਨਵਦੀਪ ਸਿੰਘ ਰਾਜਾ ਦੀ ਮੌਤ ਹਾਰਟ ਅਟੈਕ ਕਾਰਨ ਹੋਣ ਦੀ ਗੱਲ ਦੱਸੀ ਜਾ ਰਹੀ ਹੈ। ਉਹ ਕਰੀਬ ਚਾਰ ਸਾਲ ਪਹਿਲਾਂ ਰੋਜ਼ਗਾਰ ਦੀ ਭਾਲ ਵਿੱਚ ਅਮਰੀਕਾ ਗਿਆ ਸੀ ਅਤੇ ਉੱਥੇ ਇੰਡਿਆਨਾ ਵਿੱਚ ਰਹਿ ਰਿਹਾ ਸੀ। ਉਹ ਅਮਰੀਕਾ ਵਿੱਚ ਟੈਕਸੀ ਚਲਾਉਣ ਦਾ ਕੰਮ ਕਰਦਾ ਸੀ।

ਨਵਦੀਪ ਸਿੰਘ ਦੀ ਅਚਾਨਕ ਮੌਤ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪਿੰਡ ਰੜਾ ਅਤੇ ਆਸ-ਪਾਸ ਦੇ ਇਲਾਕੇ ਵਿੱਚ ਇਸ ਦੁਖਦਾਈ ਘਟਨਾ ਕਾਰਨ ਮਾਤਮ ਛਾਇਆ ਹੋਇਆ ਹੈ।