Skip to content
ਫਗਵਾੜਾ 4 ਅਕਤੂਬਰ (ਪੁਨੀਤ) : ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਕਪੂਰਥਲਾ (ਸ਼ਹਿਰੀ) ਦੇ ਜਨਰਲ ਸਕੱਤਰ ਝਿਰਮਲ ਸਿੰਘ ਭਿੰਡਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਆਰ.ਐਸ.ਐਸ. ਦੇ ਸਮਾਗਮ ‘ਚ ਸੰਬੋਧਨ ਦੌਰਾਨ ਦਿੱਤੇ ਬਿਆਨ ਕਿ 1984 ‘ਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਹੋਏ ਦੰਗਿਆਂ ‘ਚ ਸੰਘ ਨੇ ਸਿੱਖਾਂ ਦੀ ਮੱਦਦ ਕੀਤੀ ਸੀ, ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ 1984 ‘ਚ ਸਿੱਖਾਂ ਖਿਲਾਫ ਵਾਪਰਿਆ ਵਰਤਾਰਾ ਦਿੱਲੀ ਦੰਗਾ ਨਹੀਂ ਸਗੋਂ ਸਿੱਖ ਨਸਲਕੁਸ਼ੀ ਸੀ ਅਤੇ ਉਸ ਸਮੇਂ ਕਿਸੇ ਵੀ ਸੰਗਠਨ ਨੇ ਸਿੱਖਾਂ ਦੀ ਕੋਈ ਮੱਦਦ ਨਹੀਂ ਕੀਤੀ ਸੀ। ਉਹਨਾਂ ਮੋਦੀ ਸਰਕਾਰ ‘ਤੇ ਸਿੱਖਾਂ ਪ੍ਰਤੀ ਦੋਗਲੀ ਨੀਤੀ ਅਪਨਾਉਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪਹਿਲਾਂ ਦੇਸ਼ ਦੀ ਸੁਰੱਖਿਆ ਦਾ ਹਵਾਲਾ ਦੇ ਕੇ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਕਰ ਦਿੱਤਾ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸਿੱਖ ਸੰਗਤਾਂ ਦੇ ਨਨਕਾਨਾ ਸਾਹਿਬ (ਪਾਕਿਸਤਾਨ) ਜਾਣ ‘ਤੇ ਰੋਕ ਲਗਾ ਦਿੱਤੀ ਪਰ ਜਦੋਂ ਏਸ਼ੀਆ ਕੱਪ ‘ਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਏ ਮੈਚ ਨੂੰ ਲੈ ਕੇ ਸਵਾਲ ਖੜੇ ਹੋਏ ਤਾਂ ਇੱਕ ਪਾਸੇ ਨਨਕਾਨਾ ਸਾਹਿਬ ਜਾਣ ਲਈ ਜੱਥੇ ਨੂੰ ਪ੍ਰਵਾਨਗੀ ਦੇ ਦਿੱਤੀ ਅਤੇ ਦੂਸਰੇ ਪਾਸੇ ਭਾਈ ਰਾਜੋਆਣਾ ਨੂੰ ਫਾਂਸੀ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਭਿੰਡਰ ਨੇ ਕਿਹਾ ਕਿ ਇਹ ਸਰਾਸਰ ਸਿੱਖਾਂ ਦੇ ਪ੍ਰਤੀ ਕੇਂਦਰ ਦੀ ਦੋਗਲੀ ਨੀਤੀ ਹੈ ਜਿਸਦੀ ਉਹ ਸਖਤ ਨਖੇਦੀ ਕਰਦੇ ਹਨ। ਉਹਨਾਂ ਕਿਹਾ ਕਿ ਭਾਈ ਰਾਜੋਆਣਾ 29 ਸਾਲ ਤੋਂ ਜੇਲ੍ਹ ਵਿੱਚ ਹਨ। ਇਸ ਲਈ ਫਾਂਸੀ ਦੀ ਸਜਾ ਰੱਦ ਕਰਕੇ ਉਸੇ ਤਰ੍ਹਾਂ ਰਿਹਾਈ ਕੀਤੀ ਜਾਣੀ ਚਾਹੀਦੀ ਹੈ ਜਿਸ ਤਰ੍ਹਾਂ ਰਾਜੀਵ ਗਾਂਧੀ ਕਤਲਕਾਂਡ ਦੇ ਦੋਸ਼ੀਆਂ ਨੂੰ ਰਿਹਾਅ ਕੀਤਾ ਗਿਆ ਸੀ। ਉਹਨਾਂ ਨੇ ਕਰਤਾਰਪੁਰ ਦਾ ਲਾਂਘਾ ਤੁਰੰਤ ਖੋਲ੍ਹਣ ਦੀ ਮੰਗ ਵੀ ਕੀਤੀ ਹੈ।
Related