
Skip to content
ਕਲਾਨੌਰ : ਵੀਰਵਾਰ ਦੇਰ ਸ਼ਾਮ ਨੂੰ ਪਿੰਡ ਤਲਵੰਡੀ ਗੁਰਾਇਆ ਵਿਖੇ ਪਾਣੀ ’ਚ ਫਸੇ ਲੋਕਾਂ ਦੀ ਸੇਵਾ ਕਰਨ ਲਈ ਪਾਣੀ ’ਚ ਗਿਆ ਕਲਾਨੌਰ ਦਾ ਨੌਜਵਾਨ ਵਿਨੇ ਕੁਮਾਰ ਖ਼ੁਦ ਡੁੱਬ ਗਿਆ, ਜਦਕਿ ਉਸਦਾ ਦੋਸਤ, ਜੋ ਪਾਣੀ ਵਿੱਚ ਡਿੱਗਣ ਤੋਂ ਬਾਅਦ ਕੋਠੇ ਦੀ ਛੱਤ ’ਤੇ ਫਸਿਆ ਸੀ, ਨੂੰ ਡੀਸੀ ਦਲਵਿੰਦਰਜੀਤ ਸਿੰਘ ਦੇ ਹੁਕਮਾਂ ’ਤੇ ਐੱਨਡੀਆਰਐੱਫ ਦੀ ਕਮਾਂਡਿੰਗ ਅਫਸਰ ਮੈਡਮ ਸਰੋਜ ਦੀ ਅਗਵਾਈ ਹੇਠ ਰਾਤ 1 ਵਜੇ ਸੁਰੱਖਿਅਤ ਥਾਂ ’ਤੇ ਲਿਆਂਦਾ ਗਿਆ।ਇਸ ਸਬੰਧੀ ਬਨਾਰਸੀ ਦਾਸ, ਰਾਜੇਸ਼ ਕੁਮਾਰ ਟੋਨੀ, ਸੁਖਵਿੰਦਰ ਸਿੰਘ ਮੱਲ੍ਹੀ ਨੇ ਦੱਸਿਆ ਕਿ ਵਿਨੇ ਕੁਮਾਰ ਬਿੱਕਾ ਆਪਣੇ ਦੋਸਤਾਂ ਸਮੇਤ ਸੱਕੀ ਕਿਰਨ ਨਾਲੇ ਦੇ ਪਾਣੀ ਦੀ ਲਪੇਟ ਵਿੱਚ ਆਏ ਪਿੰਡ ਤਲਵੰਡੀ ਦੇ ਲੋਕਾਂ ਨੂੰ ਪਾਣੀ ਦੀ ਸੇਵਾ ਕਰਨ ਜਾ ਰਿਹਾ ਸੀ ਕਿ ਇਸ ਦੌਰਾਨ ਵਿਨੇ ਕੁਮਾਰ ਬਿੱਕਾ ਅਤੇ ਉਸ ਦੇ ਦੋਸਤ ਦਾ ਪੈਰ ਫਿਸਲਣ ਕਰਕੇ ਉਹ ਪਾਣੀ ’ਚ ਡਿੱਗ ਗਏ। ਇਸ ਦੌਰਾਨ ਵਿਨੇ ਲਾਪਤਾ ਹੋ ਗਿਆ ਜਦਕਿ ਉਸਦਾ ਦੂਸਰਾ ਸਾਥੀ ਥੋੜ੍ਹੀ ਦੂਰ ਇੱਕ ਕੋਠੇ ਦੀ ਛੱਤ ’ਤੇ ਚੜ੍ਹ ਗਿਆ। ਪਾਣੀ ਵਿੱਚ ਡੁੱਬੇ ਨੌਜਵਾਨ ਦੀ ਭਾਲ ਲਈ ਪੁਲਿਸ ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਐੱਸਐੱਚਓ ਤੋਂ ਮੰਗ ਕੀਤੀ ਤਾਂ ਉਨ੍ਹਾਂ ਵੱਲੋਂ ਕੋਈ ਸਹਿਯੋਗ ਨਾ ਦਿੱਤਾ ਗਿਆ ਜਿਸ ਦਾ ਕਲਾਨੌਰ ਦੇ ਵਾਸੀਆਂ ਵੱਲੋਂ ਵਿਰੋਧ ਵੀ ਕੀਤਾ ਗਿਆ।ਵਿਨੇ ਕੁਮਾਰ ਦੀ ਭਾਲ ਅਤੇ ਦੂਸਰਾ ਸਾਥੀ, ਜੋ ਕੋਠੇ ’ਤੇ ਚੜ੍ਹਿਆ ਹੋਇਆ ਸੀ, ਨੂੰ ਸੁਰੱਖਿਅਤ ਥਾਂ ਪਹੁੰਚਾਉਣ ਸਬੰਧੀ ਐੱਸਡੀਐੱਮ ਕਲਾਨੌਰ ਜਯੋਸਤਨਾ ਸਿੰਘ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨਾਲ ਵੀ ਗੱਲਬਾਤ ਕੀਤੀ। ਇਸ ਤੋਂ ਬਾਅਦ ਐੱਨਡੀਆਰਐੱਫ ਵੱਲੋਂ ਰਾਤ ਪਾਣੀ ਵਿੱਚ ਡੁੱਬੇ ਨੌਜਵਾਨ ਦੀ ਭਾਲ ਕੀਤੀ ਪਰ ਉਹ ਨਾ ਮਿਲਿਆ ਜਦਕਿ ਉਸ ਦੇ ਦੂਸਰੇ ਸਾਥੀ ਨੂੰ ਕੋਠੇ ਦੀ ਛੱਤ ਤੋਂ ਲਾਹ ਕੇ ਸੁਰੱਖਿਅਤ ਥਾਂ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਾਣੀ ’ਚ ਡੁੱਬਿਆ ਨੌਜਵਾਨ ਵਿਨੇ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀ ਅਤੇ ਉਸਦਾ ਪਿਤਾ ਨਾਨਕ ਚੰਦ ਮਣੀ ਮਹੇਸ਼ ਦੀ ਯਾਤਰਾ ’ਤੇ ਗਿਆ ਹੋਇਆ ਹੈ।Related