
Skip to content

ਚਾਰ ਵਾਰ ਵਿਧਾਇਕ ਰਹੇ ਅਨਿਲ ਸ਼ਰਮਾ ਨੇ ਦਿੱਲੀ ਦੇ ਨਿੱਜੀ ਹਸਪਤਾਲ ’ਚ ਲਏ ਆਖ਼ਰੀ ਸਾਹ, ਲੰਬੇ ਸਮੇਂ ਤੋਂ ਕੈਂਸਰ ਨਾਲ ਸਨ ਪੀੜਤ
ਅਮਿਤ ਨੱਖਵਾਲ/ਦਿੱਲੀ: ਉੱਤਰ ਪ੍ਰਦੇਸ਼ ਦੀ ਸਿਆਸਤ ਨਾਲ ਜੁੜੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਬੁਲੰਦਸ਼ਹਿਰ ਜ਼ਿਲ੍ਹੇ ਦੇ ਸ਼ਿਕਾਰਪੁਰ ਵਿਧਾਨ ਸਭਾ ਹਲਕੇ ਤੋਂ ਭਾਜਪਾ ਵਿਧਾਇਕ ਅਨਿਲ ਸ਼ਰਮਾ ਦਾ ਦਿਹਾਂਤ ਹੋ ਗਿਆ ਹੈ। 63 ਸਾਲਾ ਅਨਿਲ ਸ਼ਰਮਾ ਨੇ ਬੁੱਧਵਾਰ ਦੁਪਹਿਰ ਕਰੀਬ 12 ਵਜੇ ਦਿੱਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਖ਼ਰੀ ਸਾਹ ਲਏ। ਉਹ ਸਾਲ 2023 ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ।
ਅਨਿਲ ਸ਼ਰਮਾ ਦਾ ਸਿਆਸੀ ਜੀਵਨ ਕਾਫ਼ੀ ਲੰਬਾ ਰਿਹਾ। ਉਹ ਕੁੱਲ ਚਾਰ ਵਾਰ ਵਿਧਾਇਕ ਚੁਣੇ ਗਏ। ਯੋਗੀ ਆਦਿੱਤਿਆਨਾਥ ਸਰਕਾਰ ਦੇ ਪਹਿਲੇ ਕਾਰਜਕਾਲ ਵਿੱਚ ਉਨ੍ਹਾਂ ਨੂੰ ਰਾਜ ਮੰਤਰੀ ਬਣਾਇਆ ਗਿਆ ਸੀ ਅਤੇ ਉਨ੍ਹਾਂ ਕੋਲ ਜੰਗਲਾਤ ਤੇ ਵਾਤਾਵਰਣ ਵਿਭਾਗ ਦੀ ਜ਼ਿੰਮੇਵਾਰੀ ਰਹੀ।
ਪਿੰਡ ਦੇ ਪ੍ਰਧਾਨ ਤੋਂ ਸ਼ੁਰੂ ਕੀਤਾ ਸਿਆਸੀ ਸਫ਼ਰ
ਬੁਲੰਦਸ਼ਹਿਰ ਦੇ ਸੁਰਜਾਵਾਲੀ ਪਿੰਡ ਨਾਲ ਸਬੰਧਤ ਅਨਿਲ ਸ਼ਰਮਾ ਨੇ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਪਿੰਡ ਦੇ ਪ੍ਰਧਾਨ ਦੀ ਚੋਣ ਤੋਂ ਕੀਤੀ ਸੀ। ਉਹ ਇਸ ਅਹੁਦੇ ਲਈ ਬਿਨਾਂ ਮੁਕਾਬਲੇ ਚੁਣੇ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਸਰਗਰਮ ਸਿਆਸਤ ਵਿੱਚ ਕਦਮ ਰੱਖਿਆ।
ਸਾਲ 2002 ਵਿੱਚ ਉਹ ਪਹਿਲੀ ਵਾਰ ਬਹੁਜਨ ਸਮਾਜ ਪਾਰਟੀ (BSP) ਦੀ ਟਿਕਟ ’ਤੇ ਖੁਰਜਾ ਵਿਧਾਨ ਸਭਾ ਹਲਕੇ ਤੋਂ ਜਿੱਤ ਕੇ ਵਿਧਾਇਕ ਬਣੇ। 2007 ਦੀਆਂ ਚੋਣਾਂ ਵਿੱਚ ਵੀ ਉਨ੍ਹਾਂ ਨੇ BSP ਦੀ ਟਿਕਟ ’ਤੇ ਖੁਰਜਾ ਸੀਟ ਤੋਂ ਜਿੱਤ ਦਰਜ ਕਰਦਿਆਂ ਲਗਾਤਾਰ ਦੂਜੀ ਵਾਰ ਵਿਧਾਨ ਸਭਾ ਵਿੱਚ ਪਹੁੰਚ ਬਣਾਈ।
2012 ਵਿੱਚ ਉਨ੍ਹਾਂ ਨੇ BSP ਦੀ ਟਿਕਟ ’ਤੇ ਸ਼ਿਕਾਰਪੁਰ ਸੀਟ ਤੋਂ ਚੋਣ ਲੜੀ, ਪਰ ਇਸ ਵਾਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਉਨ੍ਹਾਂ ਨੇ ਭਾਜਪਾ ਦਾ ਪੱਲਾ ਫੜ ਲਿਆ।
ਭਾਜਪਾ ਦੀ ਟਿਕਟ ’ਤੇ ਦੋ ਵਾਰ ਜਿੱਤ
ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਅਨਿਲ ਸ਼ਰਮਾ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼ਿਕਾਰਪੁਰ ਤੋਂ ਭਾਜਪਾ ਦੀ ਟਿਕਟ ’ਤੇ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ। ਯੋਗੀ ਸਰਕਾਰ ਦੇ ਪਹਿਲੇ ਕਾਰਜਕਾਲ ਵਿੱਚ ਉਨ੍ਹਾਂ ਨੂੰ ਵਾਤਾਵਰਣ ਰਾਜ ਮੰਤਰੀ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ।
ਸਾਲ 2022 ਦੀਆਂ ਚੋਣਾਂ ਵਿੱਚ ਵੀ ਅਨਿਲ ਸ਼ਰਮਾ ਨੇ ਸ਼ਿਕਾਰਪੁਰ ਹਲਕੇ ਤੋਂ ਭਾਜਪਾ ਉਮੀਦਵਾਰ ਵਜੋਂ ਜਿੱਤ ਦਰਜ ਕੀਤੀ। ਇਸ ਤਰ੍ਹਾਂ ਉਹ ਆਪਣੇ ਸਿਆਸੀ ਕਰੀਅਰ ਵਿੱਚ ਚਾਰ ਵਾਰ ਵਿਧਾਇਕ ਰਹੇ।
ਵਿਧਾਨ ਸਭਾ ’ਚ ਹੁਣ ਛੇ ਸੀਟਾਂ ਖਾਲੀ
ਅਨਿਲ ਸ਼ਰਮਾ ਦੇ ਦਿਹਾਂਤ ਨਾਲ ਉੱਤਰ ਪ੍ਰਦੇਸ਼ ਵਿਧਾਨ ਸਭਾ ਵਿੱਚ ਖਾਲੀ ਹੋਈਆਂ ਸੀਟਾਂ ਦੀ ਗਿਣਤੀ ਛੇ ਹੋ ਗਈ ਹੈ। ਇਨ੍ਹਾਂ ਵਿੱਚ ਸਮਾਜਵਾਦੀ ਪਾਰਟੀ ਦੀਆਂ ਤਿੰਨ, ਭਾਜਪਾ ਦੀਆਂ ਦੋ ਅਤੇ ਬਹੁਜਨ ਸਮਾਜ ਪਾਰਟੀ ਦੀ ਇੱਕ ਸੀਟ ਸ਼ਾਮਲ ਹੈ।
ਇਸ ਤੋਂ ਪਹਿਲਾਂ 5 ਅਗਸਤ ਨੂੰ BSP ਦੇ ਇਕਲੌਤੇ ਵਿਧਾਇਕ ਉਮਾਸ਼ੰਕਰ ਸਿੰਘ ਦੇ ਦਿਹਾਂਤ ਤੋਂ ਬਾਅਦ ਇੱਕ ਹੋਰ ਸੀਟ ਖਾਲੀ ਹੋਈ ਸੀ। ਅਨਿਲ ਸ਼ਰਮਾ ਦੇ ਦਿਹਾਂਤ ਨਾਲ ਭਾਜਪਾ ਅਤੇ ਉਨ੍ਹਾਂ ਦੇ ਸਮਰਥਕਾਂ ਵਿੱਚ ਸੋਗ ਦੀ ਲਹਿਰ ਹੈ।
ਰਿਪੋਰਟ:- ਅਮਿਤ ਨੱਖਵਾਲ
Related