ਸੀਵਰੇਜ, ਸਫ਼ਾਈ, ਰੁਕੇ ਕੰਮਾਂ ਅਤੇ ਕਥਿਤ ਨਾਜਾਇਜ਼ ਉਸਾਰੀਆਂ ’ਤੇ ਚੁੱਕੇ ਸਵਾਲ; 607 ਕਰੋੜ ਦੇ ਸਫ਼ਾਈ ਠੇਕੇ ਦੀ ਵੀ ਮੰਗੀ ਜਵਾਬਦੇਹੀ

ਅਮਿਤ ਨੱਖਵਾਲ: ਜਲੰਧਰ ਨਗਰ ਨਿਗਮ ਦੀ ਕਾਰਗੁਜ਼ਾਰੀ ਨੂੰ ਲੈ ਕੇ ਭਾਜਪਾ ਆਗੂ ਅਤੇ ਨਗਰ ਨਿਗਮ ਹਾਊਸ ਵਿੱਚ ਨੇਤਾ ਵਿਰੋਧੀ ਧਿਰ ਮਨਜੀਤ ਸਿੰਘ ਟੀਟੂ ਨੇ ਮੋਰਚਾ ਖੋਲ੍ਹਦਿਆਂ ਮੇਅਰ ਵਿਨੀਤ ਧੀਰ ਅਤੇ ਨਿਗਮ ਪ੍ਰਸ਼ਾਸਨ ਦੀ ਕਾਰਜਸ਼ੈਲੀ ’ਤੇ ਸਵਾਲ ਖੜ੍ਹੇ ਕੀਤੇ ਹਨ। ਪ੍ਰੈੱਸ ਕਾਨਫਰੰਸ ਦੌਰਾਨ ਟੀਟੂ ਨੇ ਸ਼ਹਿਰ ਵਿੱਚ ਰੁਕੇ ਵਿਕਾਸ ਕੰਮਾਂ ਤੋਂ ਲੈ ਕੇ ਸੀਵਰੇਜ, ਸਫ਼ਾਈ ਅਤੇ ਕਥਿਤ ਨਾਜਾਇਜ਼ ਇਮਾਰਤਾਂ ਦੇ ਮੁੱਦੇ ਚੁੱਕੇ।

    ਟੀਟੂ ਦਾ ਕਹਿਣਾ ਸੀ ਕਿ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਵਿਕਾਸ ਕਾਰਜਾਂ ਦੀ ਰਫ਼ਤਾਰ ਬੇਹੱਦ ਹੌਲੀ ਹੈ। ਕਈ ਥਾਵਾਂ ’ਤੇ ਸੀਵਰੇਜ ਦੀ ਖੁਦਾਈ ਤੋਂ ਬਾਅਦ ਸੜਕਾਂ ਅਤੇ ਗਲੀਆਂ ਦੀ ਹਾਲਤ ਖਰਾਬ ਪਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੇਮੈਂਟਾਂ ਰੁਕੀਆਂ ਹੋਣ ਕਾਰਨ ਕਈ ਠੇਕੇਦਾਰਾਂ ਵੱਲੋਂ ਕੰਮ ਅੱਗੇ ਨਹੀਂ ਵਧਾਇਆ ਜਾ ਰਿਹਾ। ਟੀਟੂ ਨੇ ਚਿੰਤਾ ਜ਼ਾਹਰ ਕੀਤੀ ਕਿ ਮਾਨਸੂਨ ਦੇ ਦੌਰਾਨ ਜੇਕਰ ਭਾਰੀ ਮੀਂਹ ਪੈਂਦਾ ਹੈ ਤਾਂ ਪਹਿਲਾਂ ਤੋਂ ਖਰਾਬ ਸੜਕਾਂ ਅਤੇ ਸੀਵਰੇਜ ਪ੍ਰਬੰਧ ਲੋਕਾਂ ਲਈ ਹੋਰ ਮੁਸ਼ਕਲਾਂ ਖੜ੍ਹੀਆਂ ਕਰ ਸਕਦੇ ਹਨ।

    ਉਨ੍ਹਾਂ ਕਿਹਾ ਕਿ ਉਹ ਵਾਰਡ ਨੰਬਰ 50 ਦੇ ਕੌਂਸਲਰ ਹੋਣ ਦੇ ਨਾਲ ਨਗਰ ਨਿਗਮ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੇ ਹਨ, ਪਰ ਉਨ੍ਹਾਂ ਦੇ ਆਪਣੇ ਵਾਰਡ ਵਿੱਚ ਵੀ ਸੀਵਰੇਜ ਅਤੇ ਗਲੀਆਂ-ਨਾਲੀਆਂ ਨਾਲ ਸਬੰਧਤ ਕਈ ਕੰਮ ਲਟਕੇ ਹੋਏ ਹਨ। ਟੀਟੂ ਮੁਤਾਬਕ ਠੇਕੇਦਾਰਾਂ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਵੱਲੋਂ ਵੀ ਪੇਮੈਂਟ ਨਾ ਮਿਲਣ ਨੂੰ ਕੰਮ ਰੁਕਣ ਦਾ ਕਾਰਨ ਦੱਸਿਆ ਜਾਂਦਾ ਹੈ।

    ਸਫ਼ਾਈ ਪ੍ਰਬੰਧ ’ਤੇ ਵੀ ਨਿਸ਼ਾਨਾ

    ਨਗਰ ਨਿਗਮ ਦੀ ਸਫ਼ਾਈ ਵਿਵਸਥਾ ਬਾਰੇ ਟੀਟੂ ਨੇ ਹਾਲ ਹੀ ਵਿੱਚ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਹੜਤਾਲ ਕਾਰਨ ਸ਼ਹਿਰ ਵਿੱਚ ਕਈ ਦਿਨਾਂ ਤੱਕ ਕੂੜੇ ਦੀ ਸਮੱਸਿਆ ਬਣੀ ਰਹੀ ਅਤੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

    607 ਕਰੋੜ ਰੁਪਏ ਦੇ ਸਫ਼ਾਈ ਠੇਕੇ ਨੂੰ ਲੈ ਕੇ ਵੀ ਉਨ੍ਹਾਂ ਕਈ ਸਵਾਲ ਉਠਾਏ। ਟੀਟੂ ਨੇ ਕਿਹਾ ਕਿ ਉਨ੍ਹਾਂ ਦਾ ਕਿਸੇ ਕੰਪਨੀ ਨੂੰ ਕੰਮ ਦੇਣ ਨਾਲ ਸਿੱਧਾ ਵਿਰੋਧ ਨਹੀਂ ਹੈ, ਪਰ ਨਿਗਮ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਇੰਨੀ ਵੱਡੀ ਰਕਮ ਖਰਚਣ ਤੋਂ ਬਾਅਦ ਸ਼ਹਿਰ ਨੂੰ ਅਸਲ ਵਿੱਚ ਕੀ ਫਾਇਦਾ ਮਿਲੇਗਾ।

    ਉਨ੍ਹਾਂ ਆਪਣੇ ਪੁਰਾਣੇ ਕੌਂਸਲਰ ਕਾਰਜਕਾਲ ਦਾ ਹਵਾਲਾ ਦਿੰਦਿਆਂ ਕਿਹਾ ਕਿ 2007 ਵਿੱਚ ਉਨ੍ਹਾਂ ਦੇ ਵਾਰਡ ਵਿੱਚ ਕਰੀਬ 40 ਸਫ਼ਾਈ ਕਰਮਚਾਰੀ ਹੁੰਦੇ ਸਨ, ਜਦਕਿ ਹੁਣ ਕਰਮਚਾਰੀਆਂ ਦੀ ਗਿਣਤੀ ਕਾਫ਼ੀ ਘੱਟ ਹੋ ਗਈ ਹੈ। ਉਨ੍ਹਾਂ ਕਿਹਾ ਕਿ 12 ਮੁਹੱਲਿਆਂ ਲਈ ਸੀਮਤ ਸਟਾਫ ਨਾਲ ਪੂਰੇ ਵਾਰਡ ਦੀ ਸਫ਼ਾਈ ਵਿਵਸਥਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣਾ ਮੁਸ਼ਕਲ ਹੈ।

    ਟੀਟੂ ਨੇ ਸੁਝਾਅ ਦਿੱਤਾ ਕਿ ਜੇਕਰ ਸਫ਼ਾਈ ਦਾ ਕੰਮ ਕਿਸੇ ਨਿੱਜੀ ਕੰਪਨੀ ਨੂੰ ਸੌਂਪਿਆ ਜਾਂਦਾ ਹੈ ਤਾਂ ਸਮਝੌਤੇ ਵਿੱਚ ਇਹ ਸ਼ਰਤ ਵੀ ਰੱਖੀ ਜਾਣੀ ਚਾਹੀਦੀ ਹੈ ਕਿ ਸਥਾਨਕ ਲੋਕਾਂ ਨੂੰ ਰੁਜ਼ਗਾਰ ਵਿੱਚ ਤਰਜੀਹ ਦਿੱਤੀ ਜਾਵੇ।

    ‘ਕਲੀਨ ਪੰਜਾਬ’ ਮੁਹਿੰਮ ਨੂੰ ਲੈ ਕੇ ਤੰਜ

    ਭਾਜਪਾ ਆਗੂ ਨੇ ‘ਕਲੀਨ ਪੰਜਾਬ’ ਮੁਹਿੰਮ ਨੂੰ ਲੈ ਕੇ ਵੀ ਸਰਕਾਰ ਅਤੇ ਆਗੂਆਂ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਸਿਰਫ਼ ਫੋਟੋ ਖਿਚਵਾਉਣ ਨਾਲ ਸ਼ਹਿਰ ਸਾਫ਼ ਨਹੀਂ ਹੋ ਜਾਂਦਾ। ਉਨ੍ਹਾਂ ਮੰਗ ਕੀਤੀ ਕਿ ਲੋਕਾਂ ਨੂੰ ਇਹ ਵੀ ਦੱਸਿਆ ਜਾਵੇ ਕਿ ਮੁਹਿੰਮ ਤਹਿਤ ਜ਼ਮੀਨੀ ਪੱਧਰ ’ਤੇ ਕਿੰਨਾ ਕੰਮ ਕੀਤਾ ਗਿਆ।

    ਨਿਗਮ ਹਾਊਸ ਦੀ ਮੀਟਿੰਗ ’ਤੇ ਵੀ ਇਤਰਾਜ਼

    ਹਾਲ ਹੀ ਵਿੱਚ ਹੋਈ ਨਗਰ ਨਿਗਮ ਹਾਊਸ ਦੀ ਮੀਟਿੰਗ ਦਾ ਜ਼ਿਕਰ ਕਰਦਿਆਂ ਟੀਟੂ ਨੇ ਦੋਸ਼ ਲਾਇਆ ਕਿ ਵਿਰੋਧੀ ਧਿਰ ਦੇ ਕੌਂਸਲਰਾਂ ਨੂੰ ਆਪਣੀ ਗੱਲ ਪੂਰੀ ਤਰ੍ਹਾਂ ਰੱਖਣ ਦਾ ਮੌਕਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਪ੍ਰਸਤਾਵਾਂ ਨੂੰ ਲੈ ਕੇ ਜਿਸ ਤਰੀਕੇ ਨਾਲ ਕਾਰਵਾਈ ਕੀਤੀ ਗਈ, ਉਹ ਨਿਗਮ ਹਾਊਸ ਦੀ ਮਰਿਆਦਾ ਦੇ ਅਨੁਕੂਲ ਨਹੀਂ ਸੀ।

    ਕਥਿਤ ਨਾਜਾਇਜ਼ ਉਸਾਰੀਆਂ ’ਤੇ ਕਾਰਵਾਈ ਦੀ ਮੰਗ

    ਸ਼ਹਿਰ ਵਿੱਚ ਹੋ ਰਹੀਆਂ ਕਥਿਤ ਨਾਜਾਇਜ਼ ਉਸਾਰੀਆਂ ਨੂੰ ਲੈ ਕੇ ਵੀ ਟੀਟੂ ਨੇ ਨਿਗਮ ਅਧਿਕਾਰੀਆਂ ਤੋਂ ਜਵਾਬ ਮੰਗਿਆ। ਉਨ੍ਹਾਂ ਖਾਸ ਤੌਰ ’ਤੇ ਮਾਡਲ ਹਾਊਸ ਇਲਾਕੇ ਵਿੱਚ ਬਣ ਰਹੀਆਂ ਕੁਝ ਕਮਰਸ਼ੀਅਲ ਇਮਾਰਤਾਂ ਦਾ ਜ਼ਿਕਰ ਕਰਦਿਆਂ ਦਾਅਵਾ ਕੀਤਾ ਕਿ ਕੁਝ ਉਸਾਰੀਆਂ ਲਈ ਲੋੜੀਂਦੀ ਸੀ.ਐੱਲ.ਯੂ. ਸਬੰਧੀ ਸਵਾਲ ਖੜ੍ਹੇ ਹੁੰਦੇ ਹਨ।

    ਉਨ੍ਹਾਂ ਕਿਹਾ ਕਿ ਇੱਕ ਪਾਸੇ ਆਮ ਲੋਕਾਂ ਨੂੰ ਘਰ ਬਣਾਉਣ ਲਈ ਨਕਸ਼ੇ ਅਤੇ ਹੋਰ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ, ਜਦਕਿ ਦੂਜੇ ਪਾਸੇ ਵੱਡੀਆਂ ਕਮਰਸ਼ੀਅਲ ਉਸਾਰੀਆਂ ਨੂੰ ਲੈ ਕੇ ਸ਼ਿਕਾਇਤਾਂ ਦੇ ਬਾਵਜੂਦ ਕਥਿਤ ਤੌਰ ’ਤੇ ਕਾਰਵਾਈ ਅੱਗੇ ਨਹੀਂ ਵਧਦੀ।

    ਟੀਟੂ ਨੇ ਕਿਹਾ ਕਿ ਕਈ ਵਾਰ ਸ਼ਿਕਾਇਤ ਕਰਨ ’ਤੇ ਅਧਿਕਾਰੀਆਂ ਵੱਲੋਂ ਨੋਟਿਸ ਜਾਰੀ ਕਰਨ ਦੀ ਗੱਲ ਆਖੀ ਜਾਂਦੀ ਹੈ, ਪਰ ਜੇਕਰ ਉਸ ਤੋਂ ਬਾਅਦ ਵੀ ਉਸਾਰੀ ਜਾਰੀ ਰਹੇ ਤਾਂ ਇਹ ਨਿਗਮ ਦੀ ਕਾਰਵਾਈ ’ਤੇ ਸਵਾਲ ਖੜ੍ਹੇ ਕਰਦਾ ਹੈ।

    ਭਾਜਪਾ ਦੇ ਫ਼ੈਸਲੇ ਨਾਲ ਖੜ੍ਹੇ ਰਹਿਣ ਦਾ ਐਲਾਨ

    ਆਪਣੀ ਸਿਆਸੀ ਭੂਮਿਕਾ ਬਾਰੇ ਗੱਲ ਕਰਦਿਆਂ ਮਨਜੀਤ ਸਿੰਘ ਟੀਟੂ ਨੇ ਕਿਹਾ ਕਿ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਾਰਟੀ ਵੱਲੋਂ ਆਪਣੇ ਦਮ ’ਤੇ ਚੋਣ ਲੜਨ ਦੀ ਗੱਲ ਕੀਤੀ ਜਾਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਮੀਡੀਆ ਵਿੱਚ ਗਠਜੋੜ ਜਾਂ ਚੋਣਾਂ ਸਬੰਧੀ ਭਾਵੇਂ ਵੱਖ-ਵੱਖ ਚਰਚਾਵਾਂ ਚੱਲ ਰਹੀਆਂ ਹੋਣ, ਪਰ ਉਹ ਪਾਰਟੀ ਦੇ ਫ਼ੈਸਲੇ ਨਾਲ ਖੜ੍ਹੇ ਹਨ।

    ਉਨ੍ਹਾਂ ਸਪੱਸ਼ਟ ਕੀਤਾ ਕਿ ਪੱਛਮੀ ਹਲਕੇ ਤੋਂ ਭਾਜਪਾ ਜਿਸ ਵਿਅਕਤੀ ਨੂੰ ਉਮੀਦਵਾਰ ਬਣਾਏਗੀ, ਉਹ ਪਾਰਟੀ ਦੇ ਉਸ ਫ਼ੈਸਲੇ ਦਾ ਸਮਰਥਨ ਕਰਨਗੇ।

    ਰਿਪੋਰਟ: ਅਮਿਤ ਨੱਖਵਾਲ