Skip to content
ਬੀਬੀ ਪਰਮਜੀਤ ਕੌਰ ਬਾਜਵਾ ਨੇ ਵਾਲਮੀਕੀ ਮੰਦਰ ਵਿਖੇ ਟੇਕਿਆ ਮੱਥਾ, ਮੰਦਰ ਕਮੇਟੀ ਵੱਲੋਂ ਕੀਤਾ ਸਨਮਾਨਿਤ
ਨਾਭਾ (ਅਮਨ ਗਰਗ): ਪ੍ਰਸਿੱਧ ਸਮਾਜ ਸੇਵਿਕਾ ਬੀਬੀ ਪਰਮਜੀਤ ਕੌਰ ਬਾਜਵਾ ਨੇ ਅੱਜ ਨਾਭਾ ਦੇ ਇਤਿਹਾਸਕ ਬੋੜਾ ਗੇਟ ਸਥਿਤ ਵਾਲਮੀਕੀ ਮੰਦਰ ਵਿਖੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਮੱਥਾ ਟੇਕਿਆ ਅਤੇ ਭਗਵਾਨ ਵਾਲਮੀਕੀ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਨ੍ਹਾਂ ਨੇ ਪੂਜਾ-ਅਰਚਨਾ ਕਰਦਿਆਂ ਸਰਬੱਤ ਦੇ ਭਲੇ ਅਤੇ ਸਮਾਜ ਵਿੱਚ ਆਪਸੀ ਭਾਈਚਾਰੇ ਤੇ ਸ਼ਾਂਤੀ ਦੀ ਕਾਮਨਾ ਕੀਤੀ।
ਮੰਦਰ ਵਿਖੇ ਪਹੁੰਚਣ ’ਤੇ ਮੰਦਰ ਕਮੇਟੀ ਦੇ ਮੁੱਖ ਸੇਵਾਦਾਰ ਕਾਲੀ ਪ੍ਰਧਾਨ ਅਤੇ ਹੋਰ ਪਤਵੰਤੇ ਸੱਜਣਾਂ ਵੱਲੋਂ ਬੀਬੀ ਪਰਮਜੀਤ ਕੌਰ ਬਾਜਵਾ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸਮਾਜ ਸੇਵਾ ਅਤੇ ਧਾਰਮਿਕ ਕਾਰਜਾਂ ਪ੍ਰਤੀ ਉਨ੍ਹਾਂ ਦੀ ਸ਼ਰਧਾ ਨੂੰ ਦੇਖਦਿਆਂ ਮੰਦਰ ਕਮੇਟੀ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਬੀਬੀ ਪਰਮਜੀਤ ਕੌਰ ਬਾਜਵਾ ਨੇ ਕਿਹਾ ਕਿ ਭਗਵਾਨ ਵਾਲਮੀਕੀ ਜੀ ਦੀਆਂ ਸਿੱਖਿਆਵਾਂ ਸਮੁੱਚੀ ਮਨੁੱਖਤਾ ਲਈ ਪ੍ਰੇਰਨਾ ਦਾ ਸਰੋਤ ਹਨ। ਉਨ੍ਹਾਂ ਦੀਆਂ ਸਿੱਖਿਆਵਾਂ ਸਾਨੂੰ ਆਪਸੀ ਪਿਆਰ, ਭਾਈਚਾਰੇ, ਸਮਾਨਤਾ ਅਤੇ ਅਮਨ-ਸ਼ਾਂਤੀ ਦੇ ਰਾਹ ’ਤੇ ਚੱਲਣ ਦਾ ਸੰਦੇਸ਼ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਇਨ੍ਹਾਂ ਮਹਾਨ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ ਅਤੇ ਸਮਾਜ ਦੀ ਭਲਾਈ ਲਈ ਮਿਲਜੁਲ ਕੇ ਕੰਮ ਕਰਨਾ ਚਾਹੀਦਾ ਹੈ।
ਬੀਬੀ ਬਾਜਵਾ ਨੇ ਮੰਦਰ ਕਮੇਟੀ ਵੱਲੋਂ ਦਿੱਤੇ ਗਏ ਸਨਮਾਨ ਲਈ ਕਾਲੀ ਪ੍ਰਧਾਨ ਅਤੇ ਸਮੂਹ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਸਥਾਨਕ ਸ਼ਰਧਾਲੂ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।
Related