ਇੰਗਲੈਂਡ ’ਚ ਭਾਰਤੀ ਵਿਦਿਆਰਥੀਆਂ ਨਾਲ ਨਸਲੀ ਧੱਕੇਸ਼ਾਹੀ, ਪਾਰਕ ’ਚ ਘੇਰ ਕੇ ਦਿੱਤੀ ਦੇਸ਼ ਛੱਡਣ ਦੀ ਧਮਕੀ

ਵੈਸਟ ਮਿਡਲੈਂਡਜ਼ ’ਚ ‘ਚੈਲਮਸਲੇ ਵੁੱਡ ਪੈਟਰੀਅਟਸ’ ਗਰੁੱਪ ਦੀ ਹਰਕਤ ਦੀ ਨਿਖੇਧੀ, ਪੁਲਿਸ ਨੇ ਕਿਹਾ—ਕਾਨੂੰਨ ਹੱਥ ’ਚ ਲੈਣ ਦਾ ਹੱਕ ਕਿਸੇ ਨੂੰ ਨਹੀਂ

ਲੰਡਨ (ਅਰਸ਼ਦੀਪ ਸਿੰਘ ਕਾਲੜਾ) : ਯੂਨਾਈਟਿਡ ਕਿੰਗਡਮ ਦੇ ਵੈਸਟ ਮਿਡਲੈਂਡਜ਼ ਖੇਤਰ ਵਿੱਚ ਭਾਰਤੀ ਵਿਦਿਆਰਥੀਆਂ ਨਾਲ ਨਸਲੀ ਧੱਕੇਸ਼ਾਹੀ ਅਤੇ ਧਮਕਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮੈਰੀਡਨ ਪਾਰਕ ਵਿੱਚ ਆਪਣੇ ਆਪ ਨੂੰ ‘ਚੈਲਮਸਲੇ ਵੁੱਡ ਪੈਟਰੀਅਟਸ’ ਅਖਵਾਉਣ ਵਾਲੇ ਇੱਕ ਚੌਕਸੀ ਗਰੁੱਪ ਦੇ ਮੈਂਬਰਾਂ ਨੇ ਭਾਰਤੀ ਵਿਦਿਆਰਥੀਆਂ ਨੂੰ ਘੇਰ ਕੇ ਉਨ੍ਹਾਂ ਨੂੰ ਆਪਣੇ ਦੇਸ਼ ਵਾਪਸ ਜਾਣ ਲਈ ਕਿਹਾ ਅਤੇ ਮੁੜ ਪਾਰਕ ਵਿੱਚ ਨਾ ਆਉਣ ਦੀ ਧਮਕੀ ਦਿੱਤੀ।

ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਮਾਮਲਾ ਚਰਚਾ ਵਿੱਚ ਆ ਗਿਆ ਹੈ। ਵੀਡੀਓ ਵਿੱਚ ਗਰੁੱਪ ਦੇ ਮੈਂਬਰ ਭਾਰਤੀ ਵਿਦਿਆਰਥੀਆਂ ਤੋਂ ਇੰਗਲੈਂਡ ਆਉਣ ਦਾ ਕਾਰਨ ਪੁੱਛਦੇ ਦਿਖਾਈ ਦੇ ਰਹੇ ਹਨ। ਇੱਕ ਵਿਦਿਆਰਥੀ ਨੇ ਦੱਸਿਆ ਕਿ ਉਹ ਮਾਸਟਰਜ਼ ਦੀ ਪੜ੍ਹਾਈ ਕਰਨ ਲਈ ਇੰਗਲੈਂਡ ਆਇਆ ਸੀ ਅਤੇ ਪਿਛਲੇ ਦੋ ਸਾਲਾਂ ਤੋਂ ਉੱਥੇ ਰਹਿ ਰਿਹਾ ਹੈ। ਇਸ ਦੇ ਬਾਵਜੂਦ ਗਰੁੱਪ ਦੇ ਇੱਕ ਮੈਂਬਰ ਨੇ ਉਨ੍ਹਾਂ ਨੂੰ ਬੱਚਿਆਂ ਦੇ ਪਾਰਕ ਤੋਂ ਦੂਰ ਰਹਿਣ ਅਤੇ ਮੁੜ ਉੱਥੇ ਨਾ ਆਉਣ ਦੀ ਚੇਤਾਵਨੀ ਦਿੱਤੀ।

ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਦਾ ਦਿੱਤਾ ਹਵਾਲਾ

ਗਰੁੱਪ ਨੇ ਫੇਸਬੁੱਕ ’ਤੇ ਦਾਅਵਾ ਕੀਤਾ ਕਿ ਉਹ ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਲਈ ਰਾਤ ਸਮੇਂ ਗਸ਼ਤ ਕਰ ਰਹੇ ਸਨ। ਹਾਲਾਂਕਿ, ਇਸ ਘਟਨਾ ਦੀ ਸਥਾਨਕ ਰਾਜਨੀਤਕ ਨੁਮਾਇੰਦਿਆਂ ਅਤੇ ਨਸਲਵਾਦ ਵਿਰੋਧੀ ਕਾਰਕੁਨਾਂ ਵੱਲੋਂ ਨਿਖੇਧੀ ਕੀਤੀ ਗਈ ਹੈ।

ਸਾਬਕਾ ਕੌਂਸਲਰ ਅਤੇ ਸਮਾਜਿਕ ਕਾਰਕੁਨ ਸ਼ੇਸ਼ ਸ਼ੇਸ਼ਭੱਤਰ ਨੇ ਕਿਹਾ ਕਿ ਵਿਦਿਆਰਥੀਆਂ ਨੇ ਕੋਈ ਗਲਤ ਕੰਮ ਨਹੀਂ ਕੀਤਾ ਸੀ ਅਤੇ ਉਨ੍ਹਾਂ ਨੂੰ ਸਿਰਫ਼ ਆਪਣੀ ਚਮੜੀ ਦੇ ਰੰਗ ਕਾਰਨ ਨਿਸ਼ਾਨਾ ਬਣਾਇਆ ਗਿਆ।

ਪੁਲਿਸ ਨੇ ਦਿੱਤੀ ਸਖ਼ਤ ਚੇਤਾਵਨੀ

ਵੈਸਟ ਮਿਡਲੈਂਡਜ਼ ਪੁਲਿਸ ਅਤੇ ਸੋਲੀਹੁਲ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਰੋਕਣ ਜਾਂ ਉਸ ਦੀ ਤਲਾਸ਼ੀ ਲੈਣ ਦਾ ਅਧਿਕਾਰ ਸਿਰਫ਼ ਪੁਲਿਸ ਅਧਿਕਾਰੀਆਂ ਕੋਲ ਹੈ। ਪੁਲਿਸ ਇੰਸਪੈਕਟਰ ਜੈਨੀ ਵਿਲੇਟਸ ਨੇ ਕਿਹਾ ਕਿ ਪੁਲਿਸ ਅਜਿਹੇ ਗਰੁੱਪਾਂ ਦੀਆਂ ਗਤੀਵਿਧੀਆਂ ਦਾ ਸਮਰਥਨ ਨਹੀਂ ਕਰਦੀ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਮਿਲਣ ’ਤੇ ਮਾਮਲੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਸ ਘਟਨਾ ਨੇ ਵਿਦੇਸ਼ਾਂ ਵਿੱਚ ਪੜ੍ਹਾਈ ਕਰ ਰਹੇ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਨਸਲੀ ਵਿਤਕਰੇ ਦੇ ਮੁੱਦੇ ਨੂੰ ਮੁੜ ਚਰਚਾ ਵਿੱਚ ਲਿਆ ਦਿੱਤਾ ਹੈ।