ਜਲੰਧਰ, (ਨਵੀਨ ਪੁਰੀ): ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਜਲੰਧਰ ਵਿੱਚ ਸ਼ਰਧਾ, ਭਗਤੀ ਅਤੇ ਸ਼ਾਨ ਨਾਲ ਕੀਤਾ ਗਿਆ। ਪੂਰਾ ਸ਼ਹਿਰ ਗੁਰਬਾਣੀ ਦੀ ਮਿੱਠੀ ਧੁਨ ਅਤੇ “ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਹਿ” ਦੇ ਜੈਕਾਰਿਆਂ ਨਾਲ ਗੂੰਜਦਾ ਦਿਖਾਈ ਦਿੱਤਾ।ਇਹ ਪਵਿੱਤਰ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਮੁਹੱਲਾ ਗੋਬਿੰਦਗੜ੍ਹ ਤੋਂ ਸ਼ੁਰੂ ਹੋਇਆ ਅਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਗੁਜ਼ਰਦਾ ਹੋਇਆ ਗੁਰਦੁਆਰਾ ਸ੍ਰੀ ਦੀਵਾਨ ਸਥਾਨ ਸੈਂਟਰਲ ਟਾਊਨ ਵਿਖੇ ਅਰਦਾਸ ਅਤੇ ਕੀਰਤਨ ਦਰਬਾਰ ਨਾਲ ਸਮਾਪਤ ਹੋਇਆ। ਸਵੇਰ ਤੋਂ ਹੀ ਸੰਗਤਾਂ ਵਿੱਚ ਬੇਹਦ ਉਤਸ਼ਾਹ ਅਤੇ ਸ਼ਰਧਾ ਦਾ ਮਾਹੌਲ ਬਣਿਆ ਹੋਇਆ ਸੀ। ਸ਼ਹਿਰ ਦੇ ਹਰ ਚੌਂਕ ਤੇ ਗਲੀ ਨੂੰ ਰੰਗ–ਬਿਰੰਗੇ ਫੁੱਲਾਂ ਨਾਲ ਸਜਾਇਆ ਗਿਆ ਸੀ। ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦਾ ਸ਼ਰਧਾ ਨਾਲ ਸਵਾਗਤ ਕੀਤਾ ਗਿਆ।ਇਸ ਪਵਿੱਤਰ ਮੌਕੇ ਵਿਸ਼ੇਸ਼ ਤੌਰ ‘ਤੇ ਵਾਰਡ ਨੰਬਰ 50 ਦੇ ਕੌਂਸਲਰ ਅਤੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਮਨਜੀਤ ਸਿੰਘ ਟੀਟੂ ਜੀ ਨੇ ਸ਼ਰਧਾ ਭਾਵ ਨਾਲ ਆਪਣੀ ਹਾਜ਼ਰੀ ਭਰੀ। ਉਨ੍ਹਾਂ ਨੇ ਗੁਰੂ ਘਰ ਵਿਖੇ ਮੱਥਾ ਟੇਕ ਕੇ ਗੁਰੂ ਨਾਨਕ ਦੇਵ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਗੁਰਦੁਆਰਾ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਨੇ ਇਸ ਮੌਕੇ ਸ. ਮਨਜੀਤ ਸਿੰਘ ਟੀਟੂ ਨੂੰ ਸਨਮਾਨਿਤ ਕੀਤਾ।ਸਰਦਾਰ ਮਨਜੀਤ ਸਿੰਘ ਟੀਟੂ ਜੀ ਨੇ ਇਸ ਮੌਕੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਸਾਨੂੰ ਮਨੁੱਖਤਾ, ਸੱਚਾਈ, ਸੇਵਾ ਅਤੇ ਭਾਈਚਾਰੇ ਦੇ ਰਾਹ ’ਤੇ ਤੁਰਨ ਲਈ ਪ੍ਰੇਰਨਾ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਗੁਰੂ ਸਾਹਿਬ ਦੀ ਬਾਣੀ ਅੱਜ ਵੀ ਸੰਸਾਰ ਲਈ ਸ਼ਾਂਤੀ ਅਤੇ ਏਕਤਾ ਦਾ ਸੁਨੇਹਾ ਹੈ।ਪੂਰੇ ਸ਼ਹਿਰ ਵਿੱਚ ਭਗਤੀ, ਪਿਆਰ ਤੇ ਏਕਤਾ ਦਾ ਸੁੰਦਰ ਦ੍ਰਿਸ਼ ਦਿਖਾਈ ਦਿੱਤਾ। ਗੁਰਬਾਣੀ ਦੇ ਸੁਰਾਂ ਨਾਲ ਗੂੰਜਦਾ ਜਲੰਧਰ ਗੁਰੂ ਘਰ ਦੀ ਰੌਸ਼ਨੀ ਨਾਲ ਪ੍ਰਕਾਸ਼ਮਾਨ ਹੋ ਗਿਆ।